ਅਕਾਲੀਆਂ ਦੁਆਲੇ ਘੁੰਮਦੀ ਰਹੀ ਸਿੱਖ ਸਿਆਸਤ ਅੱਜ ਪਾਟੋ-ਧਾੜ ਹੋਈ ਪਈ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਦਲ ਪ੍ਰਵਾਰ ਦੀਆਂ ਗ਼ਲਤੀਆਂ ਕਾਰਨ ਪੰਥਕ ਸਫ਼ਾਂ ਦੀ ਪੰਜਾਬ ਵਿਚ ਚੜ੍ਹਤ ਗਾਇਬ

SAD

ਅੰਮ੍ਰਿਤਸਰ : ਲੋਕ ਸਭਾ ਚੋਣਾਂ ਦਾ ਐਲਾਨ ਹੋਣ ਦੇ ਬਾਵਜੂਦ ਪੰਜਾਬ ਦੀ ਪੰਥਕ ਸਿਆਸਤ ਇਸ ਵੇਲੇ ਲੀਰੋ-ਲੀਰ ਹੋ ਚੁਕੀ ਹੈ। ਸਿੱਖ ਹਲਕਿਆਂ ਵਲੋਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੂੰ ਜ਼ੁੰਮੇਵਾਰ ਦਸਿਆ ਜਾ ਰਿਹਾ ਹੈ, ਜਿਨ੍ਹਾਂ 10 ਸਾਲ ਹਕੂਮਤ ਕੀਤੀ। ਪੰਥਕ ਹਲਕੇ ਇਸ ਲਈ ਜ਼ੁੰਮੇਵਾਰ ਸੌਦਾ ਸਾਧ, ਬਰਗਾੜੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਨੂੰ ਦਸ ਰਹੇ ਹਨ, ਜੋ ਬਾਦਲ ਹਕੂਮਤ ਵੇਲੇ ਵਾਪਰੀਆਂ ਪਰ ਕੋਈ ਕਾਰਵਾਈ ਨਾ ਕੀਤੀ ਜਿਸ ਕਾਰਨ ਸਿੱਖ ਹਿਰਦੇ ਵਲੂੰਧਰੇ ਗਏ। ਅਥਾਹ ਕੁਰਬਾਨੀਆਂ ਨਾਲ ਹੋਂਦ ਵਿਚ ਆਇਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਪ੍ਰਮੁੱਖ ਸਿਆਸੀ ਸੰਗਠਨ ਹੈ।

ਬਾਦਲਾਂ ਵਲੋਂ ਅਪਣੇ ਰਾਜ ਕਾਲ ਸਮੇਂ ਸਮੁੱਚੀ ਤਾਕਤ ਪ੍ਰਵਾਰ ਤਕ ਸੀਮਤ ਕਰਨ ਅਤੇ ਬਰਗਾੜੀ ਕਾਂਡ ਵਾਪਰਨ ਕਰ ਕੇ ਸਿੱਖ ਵੋਟਰ ਉਨ੍ਹਾਂ ਦਾ ਸਾਥ ਛੱਡ ਗਿਆ। ਇਸ ਕਰ ਕੇ ਅਕਾਲੀਆਂ ਨੂੰ ਜਿਤਾਉਣ ਵਾਲੇ ਸਿੱਖਾਂ ਆਮ ਆਦਮੀ ਪਾਰਟੀ ਦਾ ਸਾਥ  ਸੰਨ 2014 ਦੀਆਂ ਲੋਕ ਸਭਾ ਤੇ 2017 'ਚ ਹੋਈਆਂ ਚੋਣਾਂ ਵਿਚ ਦਿਤਾ। 'ਆਪ' ਦੇ ਚਾਰ ਉਮੀਦਵਾਰ ਲੋਕ ਸਭਾ ਲਈ ਚੁਣੇ ਗਏ। ਉਪਰੰਤ ਵਿਧਾਨ ਸਭਾ ਚੋਣਾਂ 'ਚ 20 ਵਿਧਾਇਕ 'ਆਪ' ਦੇ ਬਣੇ। 'ਆਪ' ਤੀਸਰੀ ਧਿਰ ਵਜੋਂ ਸਥਾਪਤ ਹੋਈ ਤੇ ਅਕਾਲੀ ਦਲ 14 ਸੀਟਾਂ ਜਿੱਤ ਕੇ ਤੀਸਰੇ ਸਥਾਨ 'ਤੇ ਚਲਾ ਗਿਆ।

ਭਾਵੇਂ ਅੱਜ ਆਮ ਆਦਮੀ ਪਾਰਟੀ ਵੀ ਗੰਭੀਰ ਫ਼ੁਟ ਦੀ ਸ਼ਿਕਾਰ ਹੈ ਪਰ ਉਸ ਵਲੋਂ ਬਾਦਲ ਦਲ ਨੂੰ ਝਟਕਾ ਮਾਲਵੇ, ਦੁਆਬੇ ਤੇ ਮਾਝੇ ਵਿਚ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਾਂਗਰਸ ਨੂੰ ਟੱਕਰ ਦਿਤੀ। ਸਾਕਾ ਨੀਲਾ ਤਾਰਾ ਬਾਅਦ ਸਿੱਖ ਵੋਟਰ ਅਕਾਲੀਆਂ ਪ੍ਰਤੀ ਕੇਂਦਰਤ ਹੋ ਗਿਆ ਪਰ ਬਾਦਲਾਂ ਦੀਆਂ ਨਿਜੀ ਗ਼ਲਤੀਆਂ ਦਾ ਸਿੱਟਾ ਹੈ ਕਿ ਇਸ ਵੇਲੇ ਕਾਂਗਰਸ ਪੰਜਾਬ ਦੀ ਪ੍ਰਮੁੱਖ ਪਾਰਟੀ ਹੈ ਤੇ ਅਕਾਲੀ ਦਲ ਨੂੰ ਹੱਥਾਂ ਪੈਰਾਂ ਦੀ ਪਈ ਹੈ। ਉਸ ਕੋਲ ਪ੍ਰਭਾਵਸ਼ਾਲੀ ਉਮੀਦਵਾਰਾਂ ਦੀ ਘਾਟ ਵੀ ਰੜਕ ਰਹੀ ਹੈ। ਇਸ ਦਾ ਮੁੱਖ ਕਾਰਨ ਸੌਦਾ ਸਾਧ ਦੀਆਂ ਬਾਦਲਾਂ ਵਲੋਂ ਲਈਆਂ ਵੋਟਾਂ ਹਨ। 

ਸੌਦਾ ਸਾਧ ਦੀਆਂ ਵੋਟਾਂ ਕਾਰਨ ਹੀ ਬਾਦਲ ਹਕੂਮਤ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਲਈ ਜ਼ੁੰਮੇਵਾਰ ਸੌਦਾ ਸਾਧ ਤੇ ਉਸ ਦੇ ਚੇਲਿਆਂ ਵਿਰੁਧ ਸਖ਼ਤ ਕਾਰਵਾਈ ਨਾ ਕੀਤੀ। ਇਸ ਕਾਰਨ ਹੀ ਸਿੱਖੀ ਪ੍ਰੰਪਰਾਵਾਂ 'ਚ ਸਿਰੇ ਦਾ ਨਿਘਾਰ ਆਇਆ। ਇਸ ਕਰ ਕੇ ਹੀ 2017 'ਚ ਕਾਂਗਰਸ ਨੇ ਸਾਕਾ ਨੀਲਾ ਤਾਰਾ ਬਾਅਦ 77 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। 40 ਦੇ ਕਰੀਬ ਸਿੱਖ ਪ੍ਰਭਾਵ ਵਾਲੇ ਹਲਕਿਆਂ 'ਚ ਕਾਂਗਰਸ ਮੋਹਰੀ ਰਹੀ। ਮਾਝੇ ਵਿਚ ਵੀ ਕਾਂਗਰਸ ਦੇ ਸੱਭ ਤੋਂ ਜ਼ਿਆਦਾ ਵਿਧਾਇਕ ਬਣੇ। ਸਿੱਖ ਹਲਕਿਆਂ ਅਨੁਸਾਰ ਅੱਜ ਵੀ ਪੰਥਕ ਸਫ਼ਾਂ ਬਾਦਲਾਂ ਤੇ ਉਸ ਦੇ ਉਮੀਦਵਾਰਾਂ ਨੂੰ ਅੱਗੇ ਨਾ ਆਉਣ ਦੇਣ ਲਈ ਮੋਹਰੀ ਹਨ ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਬਾਦਲਾਂ ਤੋਂ ਪ੍ਰਸਿੱਧ ਧਾਰਮਕ ਸੰਸਥਾਵਾਂ ਨੂੰ ਆਜ਼ਾਦ ਕਰਵਾਇਆ ਜਾਵੇ। ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਨਾਲ ਪ੍ਰਸਿੱਧ ਸਿੱਖ ਐਡਵੋਕੇਟ ਐਚ.ਐਸ ਫੂਲਕਾ ਦਾ ਪੰਥਕ ਸਫ਼ਾਂ ਵਿਚ ਕੱਦ ਬਾਦਲਾਂ ਨਾਲੋਂ ਉੱਚਾ ਹੋਇਆ ਹੈ। ਕਰਤਾਰਪੁਰ ਲਾਂਘੇ ਵਿਚ ਵੀ ਨਵਜੋਤ ਸਿੰਘ ਸਿੱਧੂ ਅਕਾਲੀ ਦਲ ਖ਼ਾਸ ਕਰ ਕੇ ਬਾਦਲ ਪ੍ਰਵਾਰ ਨੂੰ ਪਿੱਛੇ ਛੱਡ ਗਏ ਹਨ। 

ਦੱਸਣਯੋਗ ਹੈ ਕਿ ਬਾਦਲ ਵਿਰੋਧੀ ਪੰਥਕ ਗਰੁਪ ਵੀ ਬਰਗਾੜੀ ਕਾਂਡ 'ਚ ਬਹੁਤ ਬੁਰੀ ਤਰ੍ਹਾਂ ਵੱਖ-ਵੱਖ ਹੋ ਗਏ ਹਨ। ਸਾਕਾ ਨੀਲਾ ਤਾਰਾ ਬਾਅਦ ਸਿੱਖਾਂ ਨੇ ਹਮੇਸ਼ਾ ਬਾਦਲਾਂ ਦਾ ਸਾਥ ਦਿਤਾ ਪਰ ਬਰਗਾੜੀ ਕਾਂਡ ਵਾਪਰਨ ਕਰ ਕੇ ਪੰਥਕ ਸਫ਼ਾਂ ਹੁਣ ਉਨ੍ਹਾਂ ਤੋਂ ਦੂਰ ਚਲੀਆਂ ਗਈਆਂ ਹਨ। ਸਿੱਖ ਸਿਆਸਤ ਤੇ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ, ਲੋਕ ਸਭਾ ਚੋਣਾਂ 'ਚ ਬਣੇ ਮੌਜੂਦਾ ਹਾਲਾਤ ਮੁਤਾਬਕ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਨੂੰ ਮੁੜ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜੇ ਵੀ ਸਿੱਖਾਂ ਵਿਚ ਬਾਦਲ ਪ੍ਰਵਾਰ ਵਿਰੁਧ ਰੋਹ ਹੈ ਕਿ ਉਹ ਸੌਦਾ ਸਾਧ ਵਿਰੁਧ ਨਿਯਮਾਂ ਤਹਿਤ ਬਣਦੀ ਕਾਰਵਾਈ ਕਰਨ 'ਚ ਨਾਕਾਮ ਰਹੇ ਪਰ ਕੈਪਟਨ ਹਕੂਮਤ ਵਲੋਂ ਬਣਾਈ ਗਈ ਸਿੱਟ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੇ ਜ਼ੁੰਮੇਵਾਰਾਂ ਨੂੰ ਬੇਪਰਦ ਕੀਤਾ। ਜੇਕਰ ਉਸ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਸੌਦਾ ਸਾਧ ਵਿਰੁਧ ਕਾਰਵਾਈ ਕਾਨੂੰਨ ਮੁਤਾਬਕ ਕਰ ਦਿੰਦੀ ਤਾਂ ਅੱਜ ਸਥਿਤੀ ਹੋਰ ਹੋਣੀ ਸੀ।