ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਬਣਾਇਆ ਨਵਾਂ ਫ਼ਰੰਟ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ 'ਚੋਂ ਕੱਢਣ ਦਾ ਉਪਰਾਲਾ

Shiromani Committee

ਪਿਛਲੇ 35 ਸਾਲਾਂ ਤੋਂ ਬਾਦਲ ਪਰਵਾਰ ਦੇ ਸ਼੍ਰੋਮਣੀ ਕਮੇਟੀ 'ਤੇ ਕਬਜ਼ੇ ਨੂੰ ਠੱਲ੍ਹ ਪਾਉਣ ਦੇ ਮਨਸੂਬੇ ਨਾਲ ਅਤੇ ਪੁਰਾਣੇ ਸਿੱਖ ਸਿਧਾਂਤਾਂ ਨੂੰ ਪਿੰਡਾਂ ਵਿਚ ਪ੍ਰਚਾਰਨ ਦੇ ਮਨਸ਼ੇ ਨਾਲ ਧਾਰਮਕ ਖੇਤਰ ਵਿਚ ਇਕ ਨਵਾਂ ਫ਼ਰੰਟ ਹੋਂਦ ਵਿਚ ਆ ਗਿਆ ਹੈ। ਨਿਰੋਲ ਧਾਰਮਕ ਜਥੇਬੰਦੀ ਦਾ ਨਾਂ ਪੰਥਕ ਅਕਾਲੀ ਲਹਿਰ ਰਖਿਆ ਗਿਆ ਹੈ ਜੋ ਅੱਜ ਦੇ ਨਵੇਂ ਪਰਿਪੇਖ ਵਿਚ ਜ਼ਿਆਦਾਤਰ ਸੋਸ਼ਲ ਮੀਡੀਆ, ਮੋਬਾਈਲ ਫ਼ੋਨ ਤੇ ਹੋਰ ਇਲੈਕਟਰਾਨਿਕ ਪ੍ਰਚਾਰ ਰਾਹੀਂ ਸਿੱਖਾਂ ਨੂੰ ਅਪਣੇ ਨਾਲ ਜੋੜੇਗਾ ਅਤੇ ਆਉਣ ਵਾਲੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸਹੀ ਸੋਚ ਤੇ ਪਵਿੱਤਰ ਸਿਧਾਂਤਾਂ ਨਾਲ ਜੁੜੇ ਉਮੀਦਵਾਰਾਂ ਨੂੰ ਜਿਤਾਉਣ ਵਿਚ ਮਦਦ ਕਰੇਗਾ। ਅੱਜ ਇਥੇ ਪ੍ਰੈੱਸ ਕਲੱਬ ਵਿਚ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਅਤੇ ਸੰਤ ਸਮਾਜ ਦੇ ਮੁਖੀ ਬਾਬਾ ਸਰਬਜੋਤ ਸਿੰਘ ਬੇਦੀ ਨੇ ਅਪਣੇ ਸਿੱਖ ਸਾਥੀਆਂ ਸਮੇਤ ਮੀਡੀਆ ਨੂੰ ਦਸਿਆ ਕਿ ਇਹ ਨਵੀਂ ਜਥੇਬੰਦੀ ਹਰ ਸਿੱਖ ਪਰਵਾਰ ਨੂੰ ਅਪਣੇ ਨਾਲ ਜੋੜੇਗੀ ਭਾਵੇਂ ਉਹ ਸਿਆਸੀ ਤੌਰ 'ਤੇ ਕਾਂਗਰਸੀ ਹੋਵੇ, ਅਕਾਲੀ ਹੋਵੇ ਜਾਂ ਕਿਸੇ ਵੀ ਪਾਰਟੀ ਨਾਲ ਸਬੰਧ ਰਖਦਾ ਹੋਵੇ। ਭਾਈ ਰਣਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਵਲੋਂ ਐਲਾਨੇ ਗਏ ਇਸ ਫ਼ਰੰਟ ਜਾਂ ਧਾਰਮਕ ਜਥੇਬੰਦੀ ਪੰਥਕ ਅਕਾਲੀ ਲਹਿਰ ਦਾ ਕਾਂਗਰਸ ਪਾਰਟੀ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਸਬੰਧ ਜਾਂ ਨੇੜਤਾ ਨਹੀਂ ਅਤੇ ਨਾ ਹੀ ਉਨ੍ਹਾਂ ਵਲੋਂ ਕੋਈ ਸ਼ਹਿ ਹੀ ਹੈ।

ਸਰਬਜੋਤ ਸਿੰਘ ਬੇਦੀ ਕਿਹਾ ਕਿ ਉਹ ਅਪਣੇ ਅਸਰ ਰਸੂਖ ਰਾਹੀਂ ਸਿੱਖ ਸੰਗਤ ਨੂੰ ਨਾਲ ਜੋੜ ਕੇ ਪੁਰਾਣੇ ਸਿੱਖੀ ਸਿਧਾਂਤਾਂ ਸਮੇਤ ਗੁਰਬਾਣੀ ਰਾਹੀਂ ਪ੍ਰਚਾਰ ਕਰ ਕੇ ਸਿੱਖੀ ਦਾ ਪਸਾਰ ਕਰਨਗੇ ਅਤੇ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ 'ਚ ਬਾਦਲ ਪਰਵਾਰ ਦੇ ਕੰਟਰੋਲ ਨੂੰ ਖ਼ਤਮ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ, ਹਿਮਾਚਲ ਤੇ ਚੰਡੀਗੜ੍ਹ ਦੇ 60 ਲੱਖ ਤੋਂ ਵੱਧ ਸਿੱਖ ਵੋਟਰਾਂ ਰਾਹੀਂ ਚੁਣੀ ਜਾਂਦੀ 170 ਮੈਂਬਰੀ ਸ਼੍ਰੋਮਣੀ ਕਮੇਟੀ ਵਿਚ ਬਹੁਮਤ ਯਾਨੀ 150 ਤੋਂ ਵੱਧ ਸਿੱਖ ਮੈਂਬਰ, ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧ ਰਖਦੇ ਹਨ। ਇਨ੍ਹਾਂ ਦੋਹਾਂ ਆਗੂਆਂ ਨੇ ਗੰਭੀਰ ਦੋਸ਼ ਲਗਾਇਆ ਕਿ ਮੌਜੂਦਾ ਸ਼੍ਰੋਮਣੀ ਕਮੇਟੀ ਅਤੇ ਇਸ ਰਾਹੀਂ ਥਾਪੇ ਗਏ ਅਕਾਲ ਤਖ਼ਤ ਦੇ ਜਥੇਦਾਰ ਸੌਦਾ ਸਾਧ ਕਾਂਡ ਵਿਚ ਅਤੇ ਬੇਅਦਬੀ ਦੀਆਂ ਘਟਨਾਵਾਂ ਵਿਚ ਸਹੀ ਭੂਮਿਕਾ ਨਿਭਾਉਣ ਵਿਚ ਅਸਫ਼ਲ ਰਹੇ ਜਿਸ ਕਰ ਕੇ ਸਿੱਖੀ ਸਿਧਾਂਤਾਂ ਨੂੰ ਢਾਹ ਲੱਗੀ ਹੈ। ਇਨ੍ਹਾਂ ਧਾਰਮਕ ਆਗੂਆਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਲਗਾਤਾਰ ਪਿੰਡ ਪੱਧਰ 'ਤੇ ਪ੍ਰਚਾਰ ਕਰ ਕੇ ਇਸ ਨਵੀਂ ਪੰਥਕ ਅਕਾਲੀ ਲਹਿਰ ਨੂੰ ਮਜ਼ਬੂਤ ਕਰਨਗੇ।