ਫ਼ਿਲਮ ਨਾਨਕ ਸ਼ਾਹ ਫ਼ਕੀਰ ਮਾਮਲਾ 'ਚੋਂ ਫ਼ਿਲਮ ਨਿਰਮਾਤਾ ਸਿੱਕਾ ਨੂੰ ਪੰਥ 'ਚੋਂ ਛੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੰਗਤ 13 ਅਪ੍ਰੈਲ ਨੂੰ ਕਾਲੀਆਂ ਦਸਤਾਰਾਂ ਤੇ ਕਾਲੇ ਦੁਪੱਟੇ ਲੈ ਕੇ ਫ਼ਿਲਮ ਵਿਰੁਧ ਰੋਸ ਪ੍ਰਦਰਸ਼ਨ ਕਰੇ: ਲੌਂਗੋਵਾਲ

SGPC

 ਵਿਵਾਦਤ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਨੂੰ ਲੈ ਅੱਜ ਅਕਾਲ ਤਖ਼ਤ ਵਿਖੇ ਹੋਈ ਜਥੇਦਾਰਾਂ ਦੀ ਇਕੱਤਰਤਾ ਵਿਚ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੂੰ ਪੰਥ 'ਚੋਂ ਛੇਕ ਦਿਤਾ ਗਿਆ। ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ 'ਨਾਨਕ ਸ਼ਾਹ ਫ਼ਕੀਰ' ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਵਲੋਂ ਤਿਆਰ ਕੀਤੀ ਗਈ ਫ਼ਿਲਮ ਵਿਰੁਧ ਸੰਗਤ ਦੇ ਭਾਰੀ ਰੋਸ ਨੂੰ ਵੇਖਦਿਆਂ ਅਕਾਲ ਤਖ਼ਤ ਨੇ ਫ਼ਿਲਮ ਦੀ ਰਿਲੀਜ਼ ਤੇ ਪਾਬੰਦੀ ਲਗਾਈ ਗਈ ਸੀ ਪਰ ਫਿਰ ਵੀ ਸਿੱਕਾ ਸੁਪਰੀਮ ਕੋਰਟ ਤੋਂ ਇਜਾਜ਼ਤ ਲੈ ਕੇ ਵੱਖ-ਵੱਖ ਸ਼ਹਿਰਾਂ ਵਿਚ ਫ਼ਿਲਮ ਨੂੰ ਰੀਲੀਜ਼ ਕਰਵਾਉਣ ਜਾ ਰਿਹਾ ਹੈ ਜੋ ਸਿੱਖ ਕੌਮ ਦਾ ਘਾਣ ਕਰਾਉਣ ਲਈ ਇਕ ਸਾਜ਼ਸ਼ ਹੈ। ਹਰਿੰਦਰ ਸਿੰਘ ਸਿੱਕਾ ਨੂੰ ਪੰਥ 'ਚੋਂ ਛੇਕਦਿਆਂ ਉਨ੍ਹਾਂ ਕਿਹਾ ਕਿ ਸੰਗਤ ਹਰਿੰਦਰ ਸਿੰਘ ਨਾਲ ਕੋਈ ਸਮਾਜਕ, ਧਾਰਮਕ ਅਤੇ ਰੋਟੀ-ਬੇਟੀ ਦੀ ਸਾਂਝ ਨਾ ਰੱਖੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਪ੍ਰਧਾਨ ਸ਼੍ਰੋਮਣੀ ਕਮੇਟੀ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਸਿੱਖ ਐਮ.ਪੀਜ ਨੂੰ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਸਿੱਖ ਭਾਵਨਾਵਾਂ ਤੋਂ ਜਾਣੂੰ ਕਰਵਾਉਣ ਤੇ ਫ਼ਿਲਮ 'ਤੇ ਪਾਬੰਧੀ ਲਗਾਉਣ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਜੇ ਫਿਰ ਵੀ ਸਰਕਾਰ ਵਲੋਂ ਫ਼ਿਲਮ ਰਿਲੀਜ਼ ਹੋਣ ਤੇ ਪਾਬੰਦੀ ਨਹੀਂ ਲਗਾਈ ਜਾਂਦੀ ਤਾਂ ਇਸ ਤੋਂ ਨਿਕਲਣ ਵਾਲੇ ਗੰਭੀਰ ਸਿਟਿਆਂ ਲਈ ਭਾਰਤ ਸਰਕਾਰ ਤੇ ਸੂਬਾ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ। ਉਨ੍ਹਾਂ ਕਿਹਾ ਕਿ ਜੇ ਕੋਈ ਸਿਨੇਮਾਕਾਰ ਇਸ ਫ਼ਿਲਮ ਨੂੰ ਅਪਣੇ ਸਿਨੇਮੇ ਵਿਚ ਲਗਾਉਂਦਾ ਹੈ ਤਾਂ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਦਾ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ। ਇਸ ਸਬੰਧੀ ਫ਼ਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਅਕਾਲ ਤਖ਼ਤ ਦੇ ਫ਼ੈਸਲੇ ' ਕੋਈ ਪ੍ਰਤੀਕਰਮ ਕਰਨ ਤੋਂ ਇਨਕਾਰ ਕਰ ਦਿਤਾ।  ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਵਿਵਾਦਿਤ ਫਿਲਮ 'ਨਾਨਕ ਸ਼ਾਹ ਫ਼ਕੀਰ' ਜਾਰੀ ਹੋਣ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਵਲੋਂ ਇਸ ਫ਼ਿਲਮ 'ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਗਈ ਸੀ ਪਰ ਅਦਾਲਤ ਵਲੋਂ ਇਸ 'ਤੇ ਸੁਣਵਾਈ ਅੱਗੇ ਪਾ ਦਿਤੀ ਗਈ ਹੈ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ 13 ਅਪ੍ਰੈਲ ਵਾਲੇ ਦਿਨ ਕਾਲੀਆਂ ਦਸਤਾਰਾਂ ਸਜਾ ਕੇ ਤੇ ਕਾਲੀਆਂ ਚੁੰਨੀਆਂ ਲੈ ਕੇ ਸ਼ਾਂਤਮਈ ਢੰਗ ਨਾਲ ਅਪਣਾ ਵਿਰੋਧ ਦਰਜ ਕਰਵਾਉਣ।