Khalsa Sajna Diwas: ‘‘ਖ਼ਾਲਸਾ ਮੇਰੋ ਰੂਪ ਹੈ ਖ਼ਾਸ’’

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਖ਼ਾਲਸੇ ਦੀ ਉਤਪਤੀ, ਨਵੇਂ ਮਨੁੱਖੀ ਜੀਵਨ ਦੀ ਸਿਰਜਣਾ, ਸਿੱਖ ਧਰਮ ਦੀ ਸੱਭ ਤੋਂ ਵੱਡੀ ਵਿਲੱਖਣਤਾ ਤੇ ਮਹਾਨ ਦੇਣ ਹੈ

Khalsa Sajna Diwas

 

Khalsa Sajna Diwas: ਆਪੇ ਗੁਰੂ ਚੇਲਾ ਦੀ ਅਨੋਖੀ ਰੀਤ ਚਲਾਉਣ ਵਾਲੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਇਕ ਦਰਵੇਸ਼ ਸ਼ਖ਼ਸੀਅਤ, ਕਲਮ ਤੇ ਕ੍ਰਿਪਾਨ ਦੇ ਧਨੀ ਅਤੇ ਸੰਤ ਸਿਪਾਹੀ ਸਨ। ਉਨ੍ਹਾਂ ਦਾ ਇਹ ਪਾਵਨ ਮਿਸ਼ਨ ਆਤਮਕ ਉਪਦੇਸ਼ ਹੀ ਸੀ ਪਰ ਸਮੇਂ ਦੀ ਵੰਗਾਰ, ਜ਼ਬਰ-ਜ਼ੁਲਮ, ਮੁਸਲਮਾਨ ਸ਼ਾਸ਼ਕਾਂ ਵਲੋਂ ਹਿੰੰੰੰਦੂਆਂ ਦੀ ਲੁੱਟਮਾਰ ਤੇ ਧੱਕੇਸ਼ਾਹੀ, ਅਸੁਰੱਖਿਆ, ਦੀ ਬੇਪੱਤੀ, ਗ਼ੁਲਾਮੀ ਅਤੇ ਹਿੰਦੂਆਂ ਦੀ ਨਿਰਬਲ ਤੇ ਦੀਨ ਦੁਖੀ ਅਵੱਸਥਾ ਨੇ ਉਨ੍ਹਾਂ ਨੂੰ ਅਮੀਰੀ ਤੋਂ ਫ਼ਕੀਰੀ ਅਤੇ ਪੀਰੀ ਤੋਂ ਮੀਰੀ ਧਾਰ ਲੈਣ ਲਈ ਮਜਬੂਰ ਕਰ ਦਿਤਾ।

ਔਰੰਗਜ਼ੇਬ ਨੇ ਅਪਣਾ ਦੀਨ ਅਤੇ ਸ਼ਾਸਨ ਕਾਇਮ ਰੱਖਣ ਲਈ ਅਪਣੇ ਹੀ ਕੁਟੰਬ ਅਤੇ ਗ਼ੈਰ-ਮੁਸਲਿਮ ਲੋਕਾਂ ’ਤੇ ਜ਼ੁਲਮ ਦੀਆਂ ਹੱਦਾਂ ਟਪਾ ਦਿਤੀਆਂ। ਪਹਾੜੀ ਰਾਜੇ ਵੀ ਗੁਰੂ ਜੀ ਦੇ ਵਿਰੋਧ ’ਚ ਡਟ ਗਏ। ਇਹ ਸੱਭ ਕੁੱਝ ਹੁੰਦਾ ਦੇਖ ਕੇ ਗੁਰੂ ਜੀ ਦਾ ਖ਼ੂਨ ਉਬਾਲੇ ਖਾਣ ਲੱਗਾ, ‘‘ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿਣਾ ਮਹਾਂ ਪਾਪ ਹੈ॥” ਗੁਰੂ ਜੀ ਦੇ ਇਨ੍ਹਾਂ ਵਚਨਾਂ ਨੂੰ ਅਮਲੀ ਰੂਪ ਦੇਣਾ ਹਰ ਗੁਰਸਿੱਖ ਲਈ ਸਮੇਂ ਦੀ ਵੰੰਗਾਰ ਤੇ ਅਹਿਮ ਲੋੜ ਬਣ ਗਈ।

16 ਨਵੰਬਰ 1675 ਈ. ਨੂੰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸੀਸ ਤੇ ਧੜ ਨੂੰ ਇਕੱਲੇ ਇਕ ਗੁਰਸਿੱਖ ਭਾਈ ਜੈਤਾ ਜੀ ਵਲੋਂ ਅਪਣੇ ਪ੍ਰਵਾਰਕ ਯੋਧਿਆਂ ਦੀ ਮਦਦ ਨਾਲ ਉਠਾਇਆ ਜਾਣਾ, ਸੀਸ ਦਾ ਸੰਸਕਾਰ ਗੁਰੂ ਮਰਯਾਦਾ ਅਨੁਸਾਰ ਕਰਨ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਮਨ ’ਚ ਵਿਚਾਰਾਂ ਕੀਤੀਆਂ ਕਿ ‘‘ਦਿੱਲੀ ’ਚ ਰਹਿੰੰਦੇ ਸਾਰੇ ਸਿੱਖਾਂ ਨੇ ਸਤਿਗੁਰੂ ਪਿਤਾ ਦੇ ਪਾਵਨ ਸੀਸ ਨੂੰ ਉਥੋਂ ਉਠਾਉਣ ਤੇ ਆਦਰ ਸਾਹਿਤ ਸਸਕਾਰ ਕਰਨ ਲਈ ਕਿਉਂ ਹਿੰਮਤ ਨਾ ਕੀਤੀ? ਉਹ ਕਿਉਂ ਡਰ ਗਏ? ਇਹ ਸੱਭ ਕੁੱਝ ਕਿਉਂ ਹੋਇਆ...?”

ਧਰਮ ਦੀ ਰਖਿਆ ਕਰਨ ਲਈ ਆਖ਼ਰੀ ਕਦਮ ਚੁਕਣਾ ਸਮੇਂ ਦੀ ਅਹਿਮ ਲੋੜ ਸੀ। ਰਣ ਖੇਤਰ ’ਚ ਨਿਤਰਨ ਲਈ ਸਾਬਤ ਸੂਰਤ, ਜਤੀ-ਸਤੀ, ਗਿਆਨੀ-ਧਿਆਨੀ, ਸੂਰਬੀਰ-ਯੋਧਾ, ਕਰੋੜਾਂ ’ਚ ਸੋਭਾ ਤੇ ਦਿੱਖ ਪ੍ਰਮਾਣ ਦੇਣ ਵਾਲੇ ਧਰਮ ਦੇ ਰਾਖੇ ਜਿਸ ਗੁਰੂ ਦੇ ਸਿੱਖ ਦੀ ਅਹਿਮ ਜ਼ਰੂਰਤ ਸੀ, ਉਹ ਸੀ ਗੁਰੂ ਦਾ ‘ਸਿੰਘ’ ਭਾਵ ਸ਼ੇਰ ‘ਖ਼ਾਲਸਾ’। ਦਿੱਲੀ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਪਿੱਛੋਂ ਵਾਪਰੀ ਦਹਿਸ਼ਤ ਤੇ ਸਿੱਖਾਂ ਦੀ ਢਹਿੰਦੀ ਕਲਾ ਦਾ ਜ਼ਿਕਰ ਭਾਈ ਜੈਤਾ ਜੀ ਦੇ ਮੂੰਹੋਂ ਸੁਣ ਕੇ ਗੁਰੂ ਜੀ ਨੇ ਜੋ ਫ਼ੁਰਮਾਨ ਕੀਤਾ ਉਸ ਨੂੰ ਕਵੀ ਸੰਤੋਖ ਸਿੰਘ ਨੇ ਅਪਣੇ ਲਫ਼ਜ਼ਾਂ ’ਚ ਇਉਂ ਬਿਆਨ ਕੀਤਾ ਹੈ :

ਸ੍ਰੀ ਗੋਬਿੰਦ ਸਿੰਘ ਸੁਨਿ ਕਰਿ ਐਸੇ, 
ਗਰਜਤਿ ਬੋਲੇ ਜਲਧਰ ਜੈਸੇ : 
ਇਸ ਬਿਧਿ ਕੋ ਅਬਿ ਪੰਥ ਬਨਾਵੌਂ।
ਸਕਲ ਜਗਤ ਮਹਿਂ ਬਹੁ ਬਿਦਤਾਵੌਂ॥
ਲਾਖਹੁਂ ਜਗ ਕੇ ਨਰ ਇਕ ਥਾਇਂ। 
ਤਿਨ ਮਹਿਂ ਮਿਲੇ ਏਕ ਸਿਖ ਜਾਇ।
ਸਭਿ ਮਹਿਂ ਪ੍ਰਥਕ ਪਛਾਨਯੋਂ ਪਰੈ। 
ਰਲੈ ਨੇ ਕਯੋਹੂੰੰ ਕੈ ਸਿਹੁਂ ਕਰੈ॥
ਜਥਾ ਬਕਨ ਮਹਿਂ ਹੰੰਸ ਨ ਛਪੇੇ। 
ਗ੍ਰਿੱਝਨਿ ਬਿਖੈ ਮੋਰ ਜਿਮ ਦਿਪੈ।
ਜਯੋਂ ਖਰਗਨ ਮਹਿਂ ਬਲੀ ਤੁਰੰਗ।
ਜਥਾ ਮ੍ਰਿਗਨਿ ਮਹਿਂ ਕੇਹਰਿ ਅੰਗ॥
ਤਿਮ ਨਾਨਾ ਭੇਖਨ ਕੇ ਮਾਂਹਿ।
ਮਮ ਸਿਖ ਕੋ ਸਗਲੋ ਪਰਖਾਹਿਂ।
(ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਰੁੱਤ-1,ਅੱਸੂ 7)

ਭਾਵ-ਅਰਥ : ‘‘ਗੁਰੂ ਗੋਬਿੰਦ ਸਿੰਘ ਜੀ ਇਹ ਸਭ ਕੁੱਝ ਸੁਣਦਿਆਂ ਹੀ ਸਾਵਣ ਦੇ ਬੱਦਲ ਵਾਂਗ ਗਰਜ ਕੇ ਕਿਹਾ, ‘‘ਹੁਣ ਮੈਂ ਇਕ ਅਜਿਹੇ ਪੰਥ ਦੀ ਸਾਜਨਾ ਕਰਾਂਗਾ ਜੋ ਸਾਰੇ ਸੰਸਾਰ ’ਚ ਨਿਆਰੇ ਰੂਪ ਦਾ ਧਾਰਨੀ ਹੋਵੇਗਾ। ਦੁਨੀਆਂ ਦੇ ਲੱਖਾਂ ਲੋਕਾਂ ਦੇ ਇਕੱਠ ’ਚ ਜਦੋਂ ਕਿਤੇ ਕੋਈ ਇਕ ਸਿੱਖ ਵੀ ਸ਼ਾਮਲ ਹੋਇਆ ਕਰੇਗਾ, ਉਹ ਸਾਰੇ ਇਕੱਤਰਿਤ ਬੰਦਿਆਂ ਨਾਲੋਂ ਪਹਿਲੀ ਨਜ਼ਰੇ ਹੀ ਪਛਾਣਿਆਂ ਜਾ ਸਕੇਗਾ ਅਤੇ ਸੱਭ ਤੋਂ ਵਖਰਾ ਤੇ ਵਿਲੱਖਣ ਦਿਖਾਈ ਦੇਵੇਗਾ।

ਬਗਲਿਆਂ ਦੀ ਡਾਰ ’ਚ ਜਿਵੇਂ ਕੋਈ ਹੰਸ ਛੁਪਿਆ ਨਹੀਂ ਰਹਿ ਸਕਦਾ, ਗਿਰਝਾਂ ਦੇੇ ਝੁੰਡ ’ਚ ਜਿਵੇਂ ਕੋਈ ਮੋਰ ਲਿਸ਼ਕਦਾ ਹੈ, ਖੋਤਿਆਂ ਦੀ ਭੀੜ ’ਚ ਜਿਵੇਂ ਕੋਈ ਘੋੜਾ ਤੇ ਹਿਰਨਾਂ ਦੀ ਢਾਣੀ ਵਿਚ ਜਿਵੇਂ ਕੋਈ ਵਖਰਾ ਤੇ ਵਿਲੱਖਣ ਦਿਸਦਾ ਹੈ, ਤਿਵੇਂ ਹੀ ਭਿੰਨ-ਭਿੰਨ ਮੱਤਾਂ ਤੇ ਭੇਖਾਂ ਦੇ ਇਕੱਠ ’ਚ ਵਿਚਰਦਾ ਮੇਰਾ ਸਿੱਖ ਅਪਣੇ ਉਸ ਨਿਆਰੇ ਸਰੂਪ ਤੇ ਅਨੁੱਠੀ ਤੇ ਦਲੇਰਾਨਾ ਦਿੱਖ ਸਦਕਾ ਸਹਿਜੇ ਹੀ ਪਰਖਿਆ ਤੇ ਪਛਾਣਿਆ ਜਾ ਸਕੇਗਾ।”

ਫਿਰ ਗੁਰੂ ਦੇ ਸਿੱਖ ਖ਼ਾਲਸੇ ਦੇ ਰੂਪ ਵਿਚ ਅਜਿਹੇ ਵਿਲੱਖਣ ਬਾਣੇ ਨੂੰ ਪਹਿਨਣ ਵਾਲੇ ਗੁਰੂ ਜੀ ਦੇ ਸੰਤ ਸਿਪਾਹੀਆਂ ਸਿੰਘਾਂ ਲਈ ਜੋ ਆਦਰਸ਼ ਨਿਯਤ ਕੀਤਾ, ਉਹ ਇਸ ਗੱਲ ਦਾ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਾਹਰੀ ਚਿੰਨ੍ਹ ਧਾਰਨ ਕਰਨ ਵਾਲਿਆਂ ਨੂੰ ਅੰਦਰਲੇ ਅਧਿਆਤਮਕ ਗੁਣਾਂ ਦਾ ਵਿਕਾਸ ਤੇ ਵਿਕਸਾਉਣ ਲਈ ਵੀ ਭਰਮੀ ਤਾਕੀਦ ਕੀਤੀ ਕਿ ਅਸਲ ‘ਖ਼ਾਲਸਾ’ ਅਖਵਾਉਣ ਦਾ ਹੱਕਦਾਰ ਕੌਣ ਹੈ :- 

ਜਾਗਤਿ ਜੋਤਿ ਜਪੈ ਨਿਸਿ ਬਾਸੁਰ, ਏਕੁ ਬਿਨਾ ਮਨਿ ਨੈਕ ਨਾ ਆਨੈ। ਪੂਰਨ ਪ੍ਰੇਮ ਪ੍ਰਤੀਤਿ ਸਜੈ, ਬ੍ਰਤ, ਗੋਰ, ਮੜੀ੍ਹ, ਮਠ ਭੂਲ ਨਾ ਮਾਨੈ। ਤੀਰਥ, ਦਾਨ, ਦਯਾ, ਤਪ, ਸੰੰਜਮ, ਏਕ ਬਿਨਾਂ ਨਹਿ ਏਕ ਪਛਾਨੈ। ਪੂਰਨ ਜੋਤਿ ਜਗੈ ਘਟ ਮੈ, ਤਬ ਖਾਲਿਸ ਤਾਹਿਂ ਨਖਾਲਿਸ ਜਾਨੈ।         (ਦਸਮ ਗ੍ਰੰਥ)
30 ਮਾਰਚ 1699 ਨੂੰ ਵਿਸਾਖੀ ਦੇ ਦਿਨ ਅਪਣੇ ਪਾਵਨ ਉਦੇਸ਼ ਦੀ ਮੂਰਤੀ ਤੇ ਖ਼ਾਲਸਾ ਧਰਮ ਦੀ ਸਿਰਜਣਾ ਲਈ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹਾਦਤ ਪਿੱਛੋਂ ਭਾਵੇਂ ਦੋ ਦਹਾਕੇ ਬੀਤ ਗਏ ਸਨ, ਮਸੰਦਾਂ ਨੂੰ ਤਿਆਗਣਾ ਤੇ ਸੰਗਤ ਨੂੰ ਖ਼ਾਲਸਾ ਰੂਪ ਦੇਣਾ ਗੁਰੂ ਜੀ ਨੇ ਮਨ ’ਚ ਧਾਰ ਲਿਆ ਸੀ

ਪਰ ਫਿਰ ਵੀ ਖ਼ਾਲਸੇ ਲਈ ਇਹ ‘ਖ਼ਾਲਸਾ ਸਾਜਨਾ’ ਅਹਿਮ ਦਿਹਾੜਾ ਸੀ। ਕਈ ਦਿਨ ਦਮਦਮੇ ਬੈਠ ਕੇ ਚਿੰਤਨ ਕਰਨ ਉਪ੍ਰੰਤ ਗੁਰੂ ਜੀ ਨੇ ਦੂਰ-ਦੁਰਾਡੇ ਤੋਂ ਸਿੰਘਾਂ ਦਾ ਸਮਾਗਮ ਬੁਲਾਇਆ ਤੇ ਨੰਗੀ ਤਲਵਾਰ ਹੱਥ ਵਿਚ ਲੈ ਕੇ, ‘‘ਜੈ ਤੇਗੰ ਜੈ ਤੇਗੰ’’ ਉਚਾਰਦੇ ਦਿਵਾਨ ’ਚ ਆ ਗਏ ਤੇ ਕਹਿਣ ਲੱਗੇ ਕਿ ਉਨ੍ਹਾਂ ਨੂੰ (ਗੁਰੂ ਜੀ ਨੂੰ) ਇਕ ਸੀਸ ਦੀ ਜ਼ਰੂਰਤ ਹੈ। ਭਾਈ ਦਇਆ ਰਾਮ ਜੀ ਹੱਥ ਜੋੜ ਕੇ ਖੜੋ ਗਏ। ਆਪ ਉਸ ਨੂੰ ਤੰਬੂ ’ਚ ਲੈ ਗਏ।

ਫਿਰ ਇੰਜ ਪੰਜ ਸਿੱਖਾਂ ਭਾਈ ਧਰਮ ਦਾਸ ਜੀ, ਭਾਈ ਹਿੰਮਤ ਰਾਏ ਜੀ, ਭਾਈ ਮੋਹਕਮ ਚੰਦ ਜੀ ਅਤੇ ਭਾਈ ਸਾਹਿਬ ਚੰਦ ਜੀ ਨੂੰ ਵੀ ਵਾਰੀ-ਵਾਰੀ ਤੰਬੂ ’ਚ ਲੈ ਗਏ। ਵਾਰ-ਵਾਰ ਤਲਵਾਰ ਚੱਲਣ ਦੀ ਆਵਾਜ਼ ਆਉਂਦੀ ਰਹੀ। ਫਿਰ ਕਾਫ਼ੀ ਸਮਾਂ ਸਤਿਗੁਰੂ ਜੀ ਤੇ ਕੋਈ ਵੀ ਸਿੱਖ ਤੰੰੰੰਬੂ ਤੋਂ ਬਾਹਰ ਨਾ ਨਿਕਲਿਆਂ ਤਾਂ ਸਿੱਖਾਂ ਵਿਚ ਘੁਸਰ-ਮੁਸਰ ਹੋਣ ਲੱਗੀ ਕਿ ਸਤਿਗੁਰੂ ਜੀ ਨੇ ਸਾਰੇ ਸਿੱਖ ਮਾਰ ਮੁਕਾ ਦਿਤੇ ਹਨ, ਅਪਣੀ ਰਚਨਾ ‘‘ਸ੍ਰੀ ਗੁਰੂ ਕਥਾ’’ ਵਿਚ ਭਾਈ ਜੀਵਨ ਸਿੰਘ ਜੀ (ਭਾਈ ਜੈਤਾ ਜੀ) ਇਕ ਸਮਕਾਲੀ ਕਵੀ ਵਜੋਂ ਇਸ ਸਮੇਂ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ:-

ਸਵੈਯਾ : ਕੇਤੇ ਦਿਨ ਦਮਦਮਹਿ ਬੈਠਿ ਕੇ ਸਤਿਗੁਰੂ ਚਿੰਤਨ ਚੀਤ ਲਗਾਯੇ। ਤਿਹ ਕਿਛ ਘਿਰਤ ਕਨਾਤ ਕੁਸਾ ਕਉ ਏਕਠਿ ਕਰਕੈ ਅਗਨਿ ਜਲਾਯੋ। ਅਗਨਿਸਿਖਾ ਅਤਿ ਊਚ ਭਈ ਤਉ ਮਿਆਨ ਬਿਨਾ ਗੁਰ ਤੇਗ ਲਹਿਰਾਯੋ। ਚਲਤਿ ਭਏ ਦਮਦਮਹਿ ਤੈ ਤਬ ਹੀ ਜੈ ਤੇਗੰ ਜੈ ਤੇਗੰ ਗਾਯੋ॥54॥

ਫਿਰ:- ਸਵੈਯਾ: ਆਇ ਜੁਰੇ ਦਮਦਮਹਿ ਸੁ ਸਿਖ ਗਨ ਸਤਿਗੁਰ ਬੀਚ ਦੀਵਾਨ ਸੁਹਾਯੋ। ਧੁਹ ਕ੍ਰਿਪਾਨ ਖੋੜਿ ਤੇ ਬਾਹਰ ਸੀਖਨ ਕਉ ਮੁਖ ਐਯ ਅਲਾਯੋ। ਕੋਊ ਸਿਖ ਹੋਇ ਤਉ ਦੀਜੈ ਸੀਸ ਮੋਹਿ ਅਬ ਹੀ ਫੁਰਮਾਯੋ। ਦੋਇ ਕਰ ਜੋਰ ਉਠਯੋ ਇਕ ਸੇਵਕ ਬਿਨਤੀ ਕਰ ਉਰ ਹਰਖ ਮਨਾਯੋ॥56॥
ਫਿਰ:- ਸਵੈਯਾ: ਈਵ ਹੀ ਸਤਿਗੁਰ ਪਾਂਚ ਸਿਖਨ ਕਉ ਤੰਬੂ ਮਹਿ ਲੈ ਜਾਤ ਸੁਹਾਯੋ। ਕੇਤੀ ਬਾਰ ਭਈ ਸਤਿਗੁਰ ਤਉ ਪੁਨ ਤੰਬੂ ਤੇ ਬਾਹਰ ਨਾ ਆਯੋ। ਖੁਸਰ ਮੁਸਰ

ਸਿਖਨ ਮਹਿ ਹੋਇ ਹੈ ਪਾਚਹੁੰ ਕੋ ਗੁਰ ਮਾਰ ਮੁਕਾਯੋ ॥58॥
ਫਿਰ ਹੌਲੀ-ਹੌਲੀ ਕੱਚੇ ਸਿੱਖ ਬਾਹਰ ਖਿਸਕਣ ਲੱਗੇ ਪਰ ਸਿਦਕਵਾਨ ਤੇ ਸ਼ਰਧਾਲੂ ਸਿੱਖ ਬੈਠੇ ਰਹੇ ਤਾਕਿ ਗੁਰੂ-ਘਰ ਵਿਚ ਉਨ੍ਹਾਂ ਦਾ ਮਾਣ ਬਣਿਆਂ ਰਹਿ ਜਾਵੇ। ਕਈ ਗੁਰੂ ਚਰਨਾਂ ਦੇ ਪ੍ਰੇਮੀ ਅਪਣੀ-ਅਪਣੀ ਵਾਰੀ ਦੀ ਉਡੀਕ ਵਿਚ ਬੈਠੇ ਰਹੇ। ਫਿਰ ਮੰਚ ’ਤੇ ਸਤਿਗੁਰੂ ਪੰਜ ਸਿੱਖਾਂ ਨੂੰ ਸਿੰਘ ਸਾਜ ਕੇ ਲੈ ਆਏ। ਸਿੱਖਾਂ ਦੀ ਮਨੋਦਸ਼ਾ ਬਾਰੇ

ਭਾਈ ਜੀਵਨ ਸਿੰਘ ਜੀ ਲਿਖਦੇ ਹਨ:-
ਸਵੈਯਾ: ਧੀਰੇ ਧੀਰੇ ਨਿਕਸਨ ਲਾਗੈ
ਜਿਹ ਸਿਖ ਕਾਚਾ ਨਾਂਮ ਧਰਾਯੋ।
ਕਿਛ ਕਿਛ ਬੈਠ ਰਹਯੋ ਨਹਿ ਗਮਨੇ
ਕਿਵ ਗੁਰ ਘਰ ਮੁਹਿ ਮਾਨ ਰਹਾਯੋ
ਕਿਛ ਪੂਰੇ ਪ੍ਰੇਮੀ ਪਦ ਪੰਕਜ
ਬੈਠ ਰਹਯੋ ਨਹਿ ਬਾਰੀ ਆਯੋ।
ਅਬ ਕੀ ਬਾਰ ਸੁ ਮੰਚ ਸੁਹਾਏ
ਪਾਂਚ ਸਿਖਨ ਕਉ ਸਿੰਘ ਸਜਾਯੋ ॥56॥
    (‘ਸ੍ਰੀ ਗੁਰੂ ਕਥਾ’, ਭਾਈ ਜੀਵਨ ਸਿੰਘ ਜੀ ਪੰਨਾ 66)

ਫਿਰ ਗੁਰੂ ਜੀ ਨੇੇ ਸੰਗਤ ਵਿਚ ਬੈਠ ਕੇ ਸਿੰਘਾਂ ਨੂੰ ਸਿੱਖੀ ਰਹਿਤ ਕੁਰਹਿਤ ਬਾਰੇ ਸਮਝਾਇਆ। ਸਿੰਘਾਂ ਦੇ ਤੇਜ ਭਰਪੂਰ ਮਸਤਕ ਦੇਖ ਕੇ ਦੁਚਿੱਤੀ ਵਾਲੇ ਸਿੱਖ ਬਹੁਤ ਔਖੇ ਹੋਏ। ਮੁੜ ਸਿੱਖ ਕਿਵੇਂ ਜਿਉਂਦੇ ਹੋ ਗਏ। ਸਭ ਦੇ ਮਨਾਂ ’ਚ ਭਰਮ ਪੈਦਾ ਹੋ ਗਿਆ। ਸ਼ਰਧਾਹੀਣ ਅਤਿ ਨਿੱਕੇ ਹੋ ਗਏ, ਉਹ ਸਤਿਗੁਰੂ ਦੀ ਮਹਿਮਾ ਦੇ ਭੇਦ ਨਾ ਪਾ ਸਕੇ। ਗੁਰੂ ਜੀ ਦੀ ਰਹਿਤ ਮਰਿਯਾਦਾ ਬਾਰੇ ਸਮਕਾਲੀ ਦਰਬਾਰੀ ਕਵੀ ਕੰਕਣ ਜੀ ਬਿਆਨ ਕਰਦੇ ਹਨ: 

ਦੋਹਰਾ: ਕੀਨਾ ਉਦਮ ਪੰਥ ਕਾ ਪੰਚ ਸਿਖ ਮੰਗਵਾਯ। ਪਾਹੁਲ ਗੁਰੂ ਤਿਨਿ ਕੋ ਕਈ ਸਿਰਿ ਪਰ ਕੇਸ ਰਖਾਯ। ਪੰਚ ਮੇਲ ਸੋ ਨਾ ਮਿਲਹੁ ਬਚਨ ਕੀਆ ਗੁਰੁ ਏਹੁ। ਬੁਰੇ ਕਾਜ ਕੋ ਤਯਾਗ ਕੈ ਭਲਾ ਹੋਇ ਕਰਿ ਲੇਹੁ। ਪੰਚ ਮੇਲੁ ਯਹ ਕਵਨ ਹੈ ਸੋ ਭੀ ਕਹੋ ਸੁਨਾਇ। ਮੀਣੇ ਮਸੰਦੀਏ ਭਦਣੀਏ ਨ ਮਿਲਾਇ। ਧੀਰ ਮਲੀਏ ਕੁੜੀਮਾਰ ਇਨੁ ਸੋ ਭਲਾ ਨ ਮੇਲ। ਇਨ ਪਾਂਚੋ ਕੋ ਤਯਾਗਕੈ ਕਰਹੁ ਜਗਤੁ ਮਹਿ ਕੇਲ। ਕੁਠਾ ਹੁਕਾ ਤੁਰਕਣੀ ਇਨ ਸੰਗ ਦੇਹੁ ਤਯਾਗਿ।

ਮਮ ਕਿਰਪਾ ਤਹਿ ਪਰਿ ਰਹੈ ਵਹਿ ਸਿਖ ਹੈ ਵੁਡਭਾਗ ਪਾਂਚ ਕਰਾਰ ਕੀ ਰਹਿਤ ਤੁਮ ਰਾਖੋ ਸਖਤਾਇ। ਰਹਿਤ ਪਯਾਰੀ ਮੁਝ ਕੌ ਸਿਖ ਪਯਾਰਾ ਨਾਹਿ। ਜਿਹ ਬਿਧਿ ਪਾਹੁਲ ਗੁਰ ਦਈ ਤਿਹ ਬਿਧਿ ਤਿਨ ਸੌ ਲੀਨ। ਆਪ ਸਿਖ ਤਿਨ ਕਾ ਭਯਾ ਨਯੋ ਕਾਮ ਗੁਰ ਕੀਨ। ਚੋਪਾਈ:ਵਾਹਿਗੁਰੂ ਇਹੁ ਬਚਨ ਸੁਨਾਯਾ। ਗੁਰੂ ਖਾਲਸਾ ਨਾਮੁ ਧਰਾਯਾ। ਤੁਮ ਮੇਰੇ ਮੈ ਤੁਮਾਰਾ ਹੂਆ।  ਤੁਮਰਾ ਹਮਰਾ ਗੁਰੂ ਨਾ ਦੂਆ।  

(ਸੰਖੇਪ ਦਸ ਗੁਰ ਕਥਾ, ਕ੍ਰਿਤ ਕਵੀ ਕੰਕਣ ਜੀ ਪੰਨਾ ਨੰ: 50, 51, ਰਚਨਾ ਕਾਲ-1711 ਈ.)
ਉਕਤ ਤੋਂ ਇਲਾਵਾ ਕਵੀ ਕੰੰਕਣ ਜੀ ਨੇ ਕਲਯੁਗ ਵਿਚ ਪਖੰਡਵਾਦ, ਆਪੇ ਬਣੇ ਗੁਰੂਆਂ ਅਤੇ ਅਪਣੇ ਧਰਮ ਤੇ ਪੂਰੇ ਨਾ ਉਤਰਨ ਵਾਲੇ ਕੱਚੇ ਸਿੱਖਾਂ ਪ੍ਰਤੀ ਗੁਰੂ ਜੀ ਵਲੋਂ ਵਰਤੀ ਸਖ਼ਤ ਸ਼ਬਦਾਵਲੀ ਨੂੰ ਵੀ ਕਾਵਿ ਰੂਪ ਵਿਚ ਪੇਸ਼ ਕੀਤਾ ਹੈ।

ਦੋ ਸੌ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਸੀਸ ਦੀ ਮੰਗ ਕੀਤੀ ਸੀ। ‘‘ਜਉ ਤਉ ਪ੍ਰੇਮ ਖੇਲਨ ਕਾ ਚਾਉ। ਸਿਰ ਧਰਿ ਤਲੀ ਗਲੀ ਮੋਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ। ਸਿਰ ਦੀਜੈ ਕਾਣੁ ਨਾ ਕੀਜੈ॥’’ ਖ਼ਾਲਸਾ ਸਾਜਣ ਦੀ ਇਹ ਪਾਵਨ ਰੀਤ ਬਾਬਾ ਨਾਨਕ ਦੇ ਪ੍ਰਕਾਸ਼ ਦਿਵਸ (ਵਿਸਾਖ ਅਨੁਸਾਰ) ਹੀ ਮਿਥੀ ਗਈ। ਦਸਮ ਪਿਤਾ ਗੋਬਿੰਦ ਰਾਇ ਨੇ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਦਰਬਾਰ ਸਜਾ ਕੇ ਪੰਜਾਂ ਸਿੱਖਾਂ ਨੂੰ ਸਿੱਖੀ ਬਾਣੇ ਵਿਚ ਸਜਾ ਕੇ ਅਤੇ ਖ਼ੁਦ ਵੀ ਬਾਣਾ ਪਹਿਨ ਕੇ ਨਿਰਮਲ ਜਲ ਮੰਗਵਾਇਆ ਤੇ ਇਕ ਸਰਬਲੋਹ ਬਾਟੇ ਵਿਚ ਪਾ ਕੇ ਕੁੱਝ ਪਤਾਸੇ ਪਾਏ ਤੇ ਅਪਣੇ ਖੰਡੇ ਨਾਲ ਪੰਜ ਬਾਣੀਆਂ ਦਾ ਪਾਠ ਕਰ ਕੇ ਅੰਮ੍ਰਿਤ ਪਾਹੁਲ ਤਿਆਰ ਕੀਤਾ

ਪੰਜ ਪਿਆਰਿਆਂ ਨੂੰ ਛਕਾਇਆ ਤੇ ‘ਖ਼ਾਲਸਾ ਪੰਥ’ ਦੀ ਸਿਰਜਣਾ ਕੀਤੀ ਅਤੇ ਪੰਜੇ ਸਿੱਖ ‘ਸਿੰਘ’ ਬਣੇ। ਫਿਰ ਪੰਜਾਂ ਪਿਆਰਿਆਂ ਤੋਂ ਗੁਰੂ ਜੀ ਨੇ ਆਪ ਅੰਮ੍ਰਿਤ ਛੱਕ ਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣੇ ਤੇ ਆਪ ਸੰਗਤ ਦੇ ਬਰਾਬਰ ਹੋ ਗਏ। ਸਭ ਵਰਣਾਂ-ਜਾਤਾਂ ਤੋਂ ਰਹਿਤ ਦਸਵੇਂ ਗੁਰੂ ਪਾਤਸ਼ਾਹ ਦੇ ਲਿਬਾਸ ਵਿਚ ਸੰਪੰਨ ਹੋਇਆ ਇਹ ਪਾਵਨ ਕਾਰਜ ਖ਼ਾਲਸੇ ਦੀ ਉਤਪਤੀ, ਨਵੇਂ ਮਨੁੱਖੀ ਜੀਵਨ ਦੀ ਸਿਰਜਣਾ, ਸਿੱਖ ਧਰਮ ਦੀ ਸਭ ਤੋਂ ਵੱਡੀ ਵਿਲੱਖਣਤਾ, ਪ੍ਰਾਪਤੀ, ਮਹਾਨ ਕਾਰਜ ਤੇ ਮਹਾਨ ਦੇਣ ਹੈ। ਭਾਈ ਗੁਰਦਾਸ ਜੀ ਲਿਖਦੇ ਹਨ:-

‘‘ਪੀਓ ਪਾਹੁਲ ਖੰਡਧਾਰ ਹੋਇ ਜਨਮ ਸੁਹੇਲਾ॥
ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ॥
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।। 
(ਵਾਰ 41 ਪਾਉੜੀ-1)

ਸਪੱਸ਼ਟ ਕਰਦਿਆਂ ਫਿਰ ਆਪ ਗੁਰੂ ਜੀ ਨੇ ਵੀ ਫ਼ੁਰਮਾਇਆ ਹੈ:-
ਖ਼ਾਲਸਾ ਮੇਰੋ ਰੂਪ ਹੈ ਖ਼ਾਸ। 
ਖ਼ਾਲਸੇ ਮਹਿ ਹੌ ਕਰੌ ਨਿਵਾਸ॥ 
.............................
ਖ਼ਾਲਸਾ ਮੇਰੋ ਸਤਿਗੁਰ ਪੂਰਾ॥
ਖ਼ਾਲਸਾ ਮੇਰੋ ਸੱਜਨ ਸੂਰਾ॥ (ਸਰਬਲੋਹ ਪੰਨਾ-6)
ਗੁਰਮੇਲ ਸਿੰਘ ਗਿੱਲ
ਮੋ : 62399-82884