ਪੇਸ਼ੀ ਦੌਰਾਨ ਅਦਾਲਤ ਵਿਚ ਹਸਦਾ ਰਿਹਾ ਦੋਸ਼ੀ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ਵਿਚ ਪਿਛਲੇ ਹਫ਼ਤੇ 71 ਸਾਲਾ ਬਜ਼ੁਰਗ ਸਿੱਖ 'ਤੇ ਹਮਲਾ ਕਰਨ ਵਾਲੇ ਦੋਸ਼ੀ ਪੁਲਿਸ ਮੁਖੀ ਦੇ ਬੇਟੇ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ...........

Tyrone Keith MacAlister

ਨਿਊਯਾਰਕ : ਅਮਰੀਕਾ ਦੇ ਸੂਬੇ ਕੈਲੀਫ਼ੋਰਨੀਆ ਵਿਚ ਪਿਛਲੇ ਹਫ਼ਤੇ 71 ਸਾਲਾ ਬਜ਼ੁਰਗ ਸਿੱਖ 'ਤੇ ਹਮਲਾ ਕਰਨ ਵਾਲੇ ਦੋਸ਼ੀ ਪੁਲਿਸ ਮੁਖੀ ਦੇ ਬੇਟੇ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿਚ ਪੇਸ਼ੀ ਦੌਰਾਨ ਉਸ ਦੇ ਚਿਹਰੇ 'ਤੇ ਥੋੜ੍ਹਾ ਜਿਹਾ ਵੀ ਪਛਤਾਵਾ ਨਹੀਂ ਸੀ, ਸਗੋਂ ਉਹ ਅਦਾਲਤ ਵਿਚ ਹੱਸ ਰਿਹਾ ਸੀ ਅਤੇ ਉਸ ਨੇ ਅਦਾਲਤ ਵਿਚ ਅਸ਼ਲੀਲ ਇਸ਼ਾਰੇ ਵੀ ਕੀਤੇ। ਕੈਲੀਫ਼ੋਰਨੀਆ ਦੇ ਮੈਨਟਿਕਾ ਵਿਚ 18 ਸਾਲਾ ਟਾਇਰੋਨ ਕੀਥ ਮੈਕਐਲਿਸਟਰ ਨਾਮੀ ਨੌਜਵਾਨ ਅਤੇ ਉਸ ਦੇ 16 ਸਾਲਾ ਇਕ ਦੋਸਤ ਨੇ ਸਾਹਿਬ ਸਿੰਘ ਨੱਟ ਨਾਂਅ ਦੇ ਸਿੱਖ ਬਜ਼ੁਰਗ 'ਤੇ ਹਮਲਾ ਕੀਤਾ ਸੀ ਅਤੇ ਉਸ 'ਤੇ ਥੁੱਕਿਆ ਸੀ।

ਟਾਇਰੋਨ, ਯੂਨੀਅਨ ਪੁਲਿਸ ਮੁਖੀ ਡੈਰਿਲ ਮੈਕਐਲਿਸਟਰ ਦਾ ਬੇਟਾ ਹੈ। ਉਸ 'ਤੇ ਅਤੇ ਉਸ ਦੇ ਦੋਸਤ ਉਤੇ ਲੁੱਟ-ਖੋਹ ਦੀ ਕੋਸ਼ਿਸ਼ ਕਰਨ, ਬਜ਼ੁਰਗ ਨੂੰ ਬੇਰਹਿਮੀ ਨਾਲ ਕੁੱਟਣ ਦੇ ਦੋਸ਼ ਲਾਏ ਗਏ ਹਨ। ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਟਾਇਰੋਨ ਨੂੰ ਸ਼ੁਕਰਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਉਸ ਨੇ ਖਿੰਝਾਉਣ ਦੇ ਇਰਾਦੇ ਨਾਲ ਉਂਗਲਾਂ ਨਾਲ ਵਿਸ਼ੇਸ਼ ਆਕ੍ਰਿਤੀ ਬਣਾ ਕੇ ਕੈਮਰਾਮੈਨ ਵਲ ਇਸ਼ਾਰਾ ਕੀਤਾ। ਉਹ ਹੱਸਦਾ ਹੋਇਆ ਨਜ਼ਰ ਆ ਰਿਹਾ ਸੀ। ਉਸ ਨੇ ਅਸ਼ਲੀਲ ਇਸ਼ਾਰੇ ਵੀ ਕੀਤੇ, ਉਸ ਦੇ ਹੱਥਾਂ ਵਿਚ ਹੱਥਕੜੀ ਲੱਗੀ ਸੀ। ਅਦਾਲਤ ਨੇ ਉਸ ਨੂੰ ਜ਼ਮਾਨਤ ਨਹੀਂ ਦਿਤੀ। 

ਸਾਹਿਬ ਸਿੰਘ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦ ਉਹ ਸਵੇਰੇ ਘੁੰਮਣ ਗਏ ਸਨ। ਹੁਡ ਪਾਏ ਦੋ ਲੋਕ ਉਨ੍ਹਾਂ ਕੋਲ ਪਹੁੰਚੇ ਅਤੇ ਕੁੱਝ ਬਹਿਸ ਹੋਈ। ਇਸ ਤੋਂ ਬਾਅਦ ਉਨ੍ਹਾਂ ਵਿਚੋਂ ਇਕ ਨੇ ਸਿੰਘ ਦੇ ਪੇਟ 'ਤੇ ਮੁੱਕਾ ਮਾਰਿਆ ਜਿਸ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਉਨ੍ਹਾਂ ਦੀ ਪੱਗ ਉਤਰ ਗਈ। ਇਹ ਉਠਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਦੂਜੇ ਨੇ ਉਨ੍ਹਾਂ ਦੇ ਪੇਟ 'ਤੇ ਲੱਤ ਮਾਰੀ ਅਤੇ ਉਨ੍ਹਾਂ 'ਤੇ ਥੁਕ ਦਿਤਾ।              (ਪੀ.ਟੀ.ਆਈ)