ਭਗਤ ਰਵੀਦਾਸ ਦੇ ਅਸਥਾਨ ਦਾ ਮਾਮਲਾ ਹੱਲ ਕਰਨ ਲਈ ਭਾਰਤ ਸਰਕਾਰ ਅੱਗੇ ਆਵੇ : ਭਾਈ ਲੌਂਗੋਵਾਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਪੂਰਾ ਦਿਨ, ਜਦਕਿ ਸ਼੍ਰੋਮਣੀ ਕਮੇਟੀ ਦਫ਼ਤਰ ਅੱਧਾ ਦਿਨ ਰਹੇ ਬੰਦ

Gobind Singh Longowal

ਅੰਮ੍ਰਿਤਸਰ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਹੈ ਕਿ ਦੇਸ਼ ਅੰਦਰ ਵਸਦੇ ਲੋਕਾਂ ਦੀਆਂ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ। ਇਹ ਪ੍ਰਗਟਾਵਾ ਉਨ੍ਹਾਂ ਦਿੱਲੀ ਵਿਖੇ ਭਗਤ ਰਵੀਦਾਸ  ਦਾ ਪੁਰਾਤਨ ਅਸਥਾਨ ਢਾਹੇ ਜਾਣ ਦੇ ਮਾਮਲੇ ਵਿਚ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ ਜਿਸ ਨੂੰ ਸੁਲਝਾਉਣ ਲਈ ਭਾਰਤ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ।

ਭਾਈ ਲੌਂਗੋਵਾਲ ਨੇ ਅਸਥਾਨ ਢਾਹੇ ਜਾਣ ਮਗਰੋਂ ਦੇਸ਼ ਅੰਦਰ ਬਣੇ ਤਲਖ਼ੀ ਵਾਲੇ ਮਾਹੌਲ ਨੂੰ ਸ਼ਾਂਤ ਕਰਨ ਲਈ ਸਰਕਾਰਾਂ ਨੂੰ ਸੰਜੀਦਾ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ। ਇਸੇ ਦੌਰਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਅੱਜ ਬਾਅਦ ਦੁਪਹਿਰ ਅੱਧਾ ਦਿਨ ਲਈ ਬੰਦ ਰੱਖੇ ਗਏ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਭਗਤ ਰਵੀਦਾਸ ਦਾ ਅਸਥਾਨ ਢਾਹੇ ਜਾਣ ਕਾਰਨ ਭਾਈਚਾਰੇ ਅੰਦਰ ਰੋਸ ਅਤੇ ਰੋਹ ਹੈ। ਇਸ ਦੇ ਚਲਦਿਆਂ ਪੰਜਾਬ ਬੰਦ ਦੇ ਸੱਦੇ 'ਤੇ ਸ਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰੇ ਬੰਦ ਰੱਖੇ ਗਏ। ਉਨ੍ਹਾਂ ਦਸਿਆ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵੀ ਬਾਅਦ ਦੁਪਹਿਰ ਅੱਧਾ ਦਿਨ ਲਈ ਬੰਦ ਕਰ ਦਿਤੇ ਗਏ।