ਜੰਮੂ ਕਸ਼ਮੀਰ 'ਚ ਸਿੱਖਾਂ ਦੇ ਰਾਜਨੀਤਕ, ਧਾਰਮਕ ਤੇ ਸਮਾਜਕ ਹੱਕ ਯਕੀਨੀ ਬਣਾਏ ਜਾਣ : ਭੋਮਾ, ਜੰਮੂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ - ਕਸ਼ਮੀਰ ਵਿਚ ਸਿੱਖਾਂ ਦੀ ਹਾਲਤ ਫ਼ੁਟਬਾਲ ਵਰਗੀ ਬਣ ਗਈ ਹੈ ਜਿਸ ਨਾਲ ਦੋਵੇਂ ਧਿਰਾਂ ਆਪੋ ਅਪਣੀ ਖੇਡ, ਖੇਡ ਰਹੀਆਂ ਹਨ।

Jammu-Kashmir

ਅੰਮ੍ਰਿਤਸਰ : ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਜਾ ਗੁਲਾਬ ਸਿੰਘ ਵਲੋਂ ਅੰਗਰੇਜ਼ਾਂ ਨਾਲ ਰਲਕੇ ਪ੍ਰਾਪਤ ਕੀਤਾ ਜੰਮੂ ਕਸ਼ਮੀਰ ਦਾ ਰਾਜ। ਰਾਜਾ ਹਰੀ ਸਿੰਘ ਵਲੋਂ ਅਕਤੂਬਰ 1947 ਵਿਚ ਭਾਰਤ ਵਿਚ ਸ਼ਾਮਲ ਕਰ ਦੇਣ ਤੋਂ ਲੈ ਕੇ ਅੱਜ ਤਕ ਕਸ਼ਮੀਰੀ ਸਿੱਖਾਂ ਨੇ ਕਸ਼ਮੀਰੀਆਂ ਤੇ ਦੇਸ਼ ਦੀ ਰਖਿਆ ਲਈ ਹਰ ਕੁਰਬਾਨੀਆਂ ਕੀਤੀਆਂ ਹਨ ਪਰ 370 ਧਾਰਾ ਪ੍ਰਾਪਤ ਹੋਣ ਦੇ ਬਾਵਜੂਦ ਜੰਮੂ-ਕਸ਼ਮੀਰ ਦੀ ਮੁਸਲਿਮ ਬਹੁ-ਗਿਣਤੀ ਵਲੋਂ ਅਤੇ ਭਾਰਤੀ ਰਾਜਨੀਤਕ ਬਹੁ ਗਿਣਤੀ ਨੇ ਸਿੱਖਾਂ ਨੂੰ ਹਰ ਪੱਖ ਤੋਂ ਢਾਹ ਲਾਈ। ਕਸ਼ਮੀਰ ਵਿਚ ਸਿੱਖਾਂ ਦੀ ਹਾਲਤ ਫ਼ੁਟਬਾਲ ਵਰਗੀ ਬਣ ਗਈ ਹੈ ਜਿਸ ਨਾਲ ਦੋਵੇਂ ਧਿਰਾਂ ਆਪੋ ਅਪਣੀ ਖੇਡ, ਖੇਡ ਰਹੀਆਂ ਹਨ।

ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ, ਮੁੱਖ ਸਲਾਹਕਾਰ ਸ. ਸਰਬਜੀਤ ਸਿੰਘ ਜੰਮੂ, ਸਲਾਹਕਾਰ ਸ. ਸਤਨਾਮ ਸਿੰਘ ਕੰਡਾ, ਸ: ਬਲਵਿੰਦਰ ਸਿੰਘ ਖੋਜਕੀਪੁਰ ਅਤੇ ਸ: ਕੁਲਦੀਪ ਸਿੰਘ ਪ੍ਰਧਾਨ ਮਜੀਠਾ ਨੇ ਇਕ ਸਾਂਝੇ ਬਿਆਨ ਰਾਹੀਂ ਪ੍ਰਗਟ ਕੀਤਾ। ਅੱਜ ਤਕ 370 ਧਾਰਾ ਵਾਲਿਆਂ ਨੇ ਜੰਮੂ ਕਸ਼ਮੀਰ ਵਿਚ ਸਿੱਖਾਂ ਨੂੰ ਘੱਟ ਗਿਣਤੀ ਦਾ ਦਰਜਾ ਨਹੀਂ ਦਿਤਾ ਗਿਆ, ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਹਾਸਲ ਸੀ ਪਰ ਬਾਅਦ ਵਿਚ ਉਹ ਵੀ ਹੱਕ ਖੋਹ ਲਿਆ ਗਿਆ। 1948 ਤੋਂ ਲੈ ਕੇ ਅੱਜ ਤਕ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਰਾਜਨੀਤਕ ਤੌਰ 'ਤੇ ਹਮੇਸ਼ਾ ਖੁੱਡੇ ਲਾਈਨ ਲਾਈ ਰਖਿਆ। ਇੰਨਾ ਕੁੱਝ ਹੋਣ ਦੇ ਬਾਵਜੂਦ ਵੀ ਹਰ ਔਕੜ ਦਾ ਸਾਹਮਣਾ ਕਰਦੇ ਹੋਏ ਜੰਮੂ ਕਸ਼ਮੀਰ ਦੇ ਸਿੱਖਾਂ ਨੇ ਨਾ ਤਾਂ ਕਸ਼ਮੀਰ ਛਡਿਆ ਤੇ ਨਾ ਹੀ ਤਿਰੰਗੇ ਝੰਡੇ ਨੂੰ ਹੱਥ ਵਿਚੋਂ ਛੱਡਆ।

ਧਾਰਾ 370 ਹਟਣ ਦੇ ਹਾਲਾਤ ਵਿਚ ਵੀ ਸਿੱਖ ਉਸੀ ਤਰ੍ਹਾਂ ਨਿਡਰ ਤੇ ਮਜ਼ਬੂਤੀ ਨਾਲ ਕਸ਼ਮੀਰ ਵਿਚ ਖੜਾ ਹੈ। ਇਸ ਲਈ ਕੇਂਦਰ ਦੀ ਮੋਦੀ ਸਰਕਾਰ, ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਵਿਚ ਬਾਹਰ ਇਹ ਭਰੋਸਾ ਦਿਤਾ ਕਿ ਜੰਮੂ ਕਸ਼ਮੀਰ ਦਾ ਸਰਵਪੱਖੀ ਵਿਕਾਸ ਤੇਜ਼ੀ ਨਾਲ ਕੀਤਾ ਜਾਵੇਗਾ ਜਿਸ ਦਾ ਫਲ ਜੰਮੂ ਕਸ਼ਮੀਰ ਦੇ ਗ਼ਰੀਬ ਤੋਂ ਗ਼ਰੀਬ ਲੋਕਾਂ ਤੱਕ ਪੁਜੇਗਾ। ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਕਸ਼ਮੀਰੀ ਪੰਡਤਾਂ ਦੀ ਤਰਜ਼ 'ਤੇ ਹਰ ਉਹ ਸਹੂਲਤ ਮਿਲਣੀ ਚਾਹੀਦੀ ਜੋ ਕਸ਼ਮੀਰੀ ਪੰਡਤਾਂ ਨੂੰ ਮਿਲਦੀ।

ਸਿੱਖ ਜੰਮੂ ਕਸ਼ਮੀਰ ਵਿਚ ਤੀਸਰੀ ਧਿਰ ਹਨ ਜਿਨ੍ਹਾਂ ਦਾ ਜੰਮੂ ਕਸ਼ਮੀਰ ਦੇ ਹਰ ਸੰਘਰਸ਼ ਵਿਚ ਬਰਾਬਰ ਯੋਗਦਾਨ ਰਿਹਾ ਹੈ। ਇਸ ਲਈ ਪਿੰਡ ਦੀਆਂ ਪੰਚਾਇਤਾਂ ਤੋਂ ਲੈ ਕੇ ਵਿਧਾਨ ਸਭਾ ਤਕ, ਸਰਕਾਰ ਪੱਧਰ ਦੀਆਂ ਸਰਕਾਰੀ ਨੌਕਰੀਆਂ ਵਿਚ, ਪੁਲਿਸ ਤੇ ਅਰਧ ਫ਼ੌਜੀ ਬਲਾਂ ਵਿਚ 33 ਫ਼ੀ ਸਦੀ ਸੀਟਾਂ ਰਾਖਵੀਆਂ ਕੀਤੀਆਂ ਜਾਣ। ਫ਼ੈਡਰੇਸ਼ਨ ਨੇ ਕਿਹਾ ਕਿ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੰੂੰ ਮਿਲ ਕੇ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਉਕਤ ਮਸਲਿਆਂ ਨੂੰ ਹੱਲ ਕਰਵਾਉਣ ਲਈ ਜਲਦੀ ਮੁਲਾਕਾਤ ਕਰਨਗੇ।