Panthak News: ਸ਼੍ਰੋਮਣੀ ਕਮੇਟੀ ਚੋਣਾਂ : ਸਿੱਖ ਵੋਟਰ ਫ਼ਾਰਮ ਭਰਨ ਦੀ ਤਰੀਕ 16 ਸਤੰਬਰ ਤਕ ਵਧਾਈ

ਏਜੰਸੀ

ਪੰਥਕ, ਪੰਥਕ/ਗੁਰਬਾਣੀ

Panthak News: ਹੁਣ ਤਕ 32,14178 ਫ਼ਾਰਮ ਭਰੇ ਗਏ, ਸਿੱਖ ਬੀਬੀਆਂ ਨੂੰ ਵੋਟ ਬਣਾਉਣ ਦੀ ਦਿਲਚਸਪੀ ਮਰਦਾਂ ਨਾਲੋਂ ਵੱਧ

Shiromani Committee Elections: Sikh voter form filling date extended till September 16

 

Panthak News: ਤਿੰਨ ਸਾਲ ਪਹਿਲਾਂ 1 ਜੁਲਾਈ 2021 ਨੂੰ ਬਤੌਰ ਚੀਫ਼ ਕਮਿਸ਼ਨਰ ਗੁਰਦਵਾਰਾ ਚੋਣਾਂ ਦੇ ਮਹੱਤਵਪੂਰਨ ਅਹੁਦੇ ਦਾ ਚਾਰਜ ਸੰਭਾਲਣ ਵਾਲੇ ਸੇਵਾ ਮੁਕਤ ਜੱਜ ਜਸਟਿਸ ਐਸ.ਐਸ. ਸਾਰੋਂ ਨੇ ਪੰਜਾਬ,ਹਿਮਾਚਲ ਅਤੇ ਯੂ.ਟੀ. ਚੰਡੀਗੜ੍ਹ ਦੀਆਂ ਕੁਲ 112 ਸੀਟਾਂ ਤੋਂ ਸਿੱਖ ਮਰਦਾਂ ਤੇ ਸਿੱਖ ਬੀਬੀਆਂ ਲਈ ਵੋਟਰ ਫ਼ਾਰਮ ਭਰਨ ਦੀ ਤਰੀਕ ਹੁਣ 16 ਸਤੰਬਰ ਤਕ ਵਧਾ ਦਿਤੀ ਹੈ।

ਸਿੱਖ ਵੋਟਰਾਂ ਵਿਚ ਫ਼ਾਰਮ ਭਰਨ ਲਈ ਦਿਲਚਸਪੀ ਘਟਦੀ ਵੇਖਦਿਆਂ ਇਸ ਆਖ਼ਰੀ ਤਰੀਕ ਵਿਚ ਵਾਧਾ 5ਵੀਂ ਵਾਰ ਕੀਤਾ ਹੈ। ਪਿਛਲੇ ਸਾਲ 21 ਅਕਤੂਬਰ ਨੂੰ ਸ਼ੁਰੂ ਕੀਤੀ ਇਹ ਪ੍ਰਕਿਰਿਆ ਪਹਿਲਾਂ ਨਵੰਬਰ 30 ਤਕ ਸੀ, ਫਿਰ  3 ਮਹੀਨੇ ਵਧਾ ਕੇ ਫ਼ਰਵਰੀ 29 ਕੀਤੀ, ਤੀਜਾ ਵਾਧਾ 31 ਮਈ ਤਕ, ਚੌਧੀ ਵਾਰ 31 ਜੁਲਾਈ ਤਕ ਤਰੀਕ ਵਧਾਈ ਹੁਣ 47 ਦਿਨ ਹੋਰ ਵਧਾ ਕੇ ਸਤੰਬਰ 16 ਆਖ਼ਰੀ ਤਰੀਕ ਸਿੱਖ ਵੋਟਰ ਫ਼ਾਰਮ ਭਰਨ ਲਈ ਰੱਖੀ ਗਈ ਹੈ। 

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਲਈ ਚੋਣਾਂ ਸਬੰਧੀ ਦਫ਼ਤਰ ਤੋਂ ਰੋਜ਼ਾਨਾ ਸਪੋਕਸਮੈਨ ਨੂੰ ਮਿਲੀ ਜਾਣਕਾਰੀ ਅਨੁਸਾਰ ਜੋ ਵੋਟਰਾਂ ਦੀ ਗਿਣਤੀ 13 ਸਾਲ ਪਹਿਲਾਂ ਸਤੰਬਰ 2011 ਵਿਚ ਸੀ ਉਹ 55 ਲੱਖ ਤੋਂ ਘੱਟ ਕੇ ਅੱਧੀਆਂ ਯਾਨੀ 27,79,610 ਰਹਿ ਗਈਆਂ ਜਿਸ ਕਰ ਕੇ 31 

ਜੁਲਾਈ ਤੋਂ ਮਗਰੋਂ ਸਿੱਖ ਵੋਟਰਾਂ ਨੂੰ ਫ਼ਾਰਮ ਭਰਨ ਲਈ ਡੇਢ ਮਹੀਨਾ ਹੋਰ ਦਿਤਾ ਹੈ। ਇਹ ਵੀ ਪਤਾ ਲੱਗਾ ਹੈ ਕਿ ਚੀਫ਼ ਕਮਿਸ਼ਨਰ ਦੇ ਅਹੁਦੇ ਦੀ ਮਿਆਦ ਵੀ 1 ਸਾਲ ਹੋਰ ਵਧਾਈ ਗਈ ਹੈ। ਚੋਣ ਦਫ਼ਤਰ ਤੋਂ ਮਿਲੇ ਅੰਕੜਿਆਂ ਅਨੁਸਾਰ 2 ਦਿਨ ਪਹਿਲਾਂ ਸ਼ੁਕਰਵਾਰ ਤਕ ਵੋਟਰ ਫ਼ਾਰਮਾਂ ਦੀ ਗਿਣਤੀ ਸਾਢੇ 4 ਲੱਖ ਵੱਧ ਕੇ 32,14,178 ਹੋ ਗਈ ਸੀ। ਅੰਕੜਿਆਂ ਅਨੁਸਾਰ ਇਨ੍ਹਾਂ ਵਿਚ 17,77,390 ਸਿੱਖ ਬੀਬੀਆਂ ਨੇ ਵੋਟਰ ਫ਼ਾਰਮ ਭਰੇ ਜਦੋਂ ਕਿ ਸਿੱਖ ਮਰਦਾਂ ਨੇ ਕੇਵਲ 14,36,788 ਫ਼ਾਰਮ ਭਰੇ ਸਨ।

ਜ਼ਿਕਰਯੋਗ ਹੈ ਕਿ ਸਿੱਖ ਬੀਬੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊੁਸ ਲਈ ਮੈਂਬਰ ਚੁਣਨ ਵਾਸਤੇ ਮਰਦਾਂ ਨਾਲੋਂ ਦਿਲਚਸਪੀ ਵੱਧ ਹੈ। 

ਦਸਣਾ ਬਣਦਾ ਹੈ ਕਿ ਹਰਿਆਣਾ ਦੀ ਭੁਪਿੰਦਰ ਹੁੱਡਾ ਕਾਂਗਰਸ ਸਰਕਾਰ ਨੇ ਵਖਰੀ ਕਮੇਟੀ ਦਾ ਐਕਟ 2015 ਵਿਚ ਬਣਾ ਲਿਆ ਸੀ ਜਿਸ ਕਰ ਕੇ ਕੁਲ 120 ਸੀਟਾਂ ਵਿਚੋਂ 8 ਕੱਟੀਆਂ ਗਈਆਂ। ਹੁਣ 110 ਸੀਟਾਂ ਤੋਂ ਪੰਜਾਬ ਲਈ 157 ਮੈਂਬਰ ਅਤੇ ਚੰਡੀਗੜ੍ਹ ਤੇ ਹਿਮਾਚਲ ਦੀ 1-1 ਸੀਟ ਤੋਂ ਇਕ ਇਕ ਮੈਂਬਰ ਚੁਣਿਆ ਜਾਵੇਗਾ ਜਦੋਂ ਕਿ 47 ਸੀਟਾਂ ਦੋਹਰੀ ਮੈਂਬਰਸ਼ਿਪ ਵਾਲੀਆਂ ਹਨ।