ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਿੱਖਾਂ ਦੀ ਕੁਰਬਾਨੀ ਕੀਤੀ ਯਾਦ, 1984 ਸਿੱਖ ਨਸਲਕੁਸ਼ੀ ਬਾਰੇ ਦਿੱਤਾ ਵੱਡਾ ਬਿਆਨ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਵੰਡ ਹੋਵੇ ਜਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਕੁਰਬਾਨੀ ਹੋਵੇ, ਸਿੱਖ ਭਾਈਚਾਰਾ ਹਮੇਸ਼ਾ ਇਸ ’ਤੇ ਪਹਿਲੇ ਨੰਬਰ ’ਤੇ ਰਿਹਾ ਹੈ

Amit Shah

ਨਵੀਂ ਦਿੱਲੀ -  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੋਗਰਾਮ 'ਚ ਅਮਿਤ ਸ਼ਾਹ ਨੇ ਕਿਹਾ- ਮੈਂ ਸਿੱਖ ਸੰਪਰਦਾ ਦੀ ਗੁਰੂ ਪਰੰਪਰਾ ਅੱਗੇ ਸਿਰ ਝੁਕਾਉਂਦਾ ਹਾਂ। ਸਿੱਖ ਪੰਥ ਦੀਆਂ 10 ਪੀੜ੍ਹੀਆਂ ਦੀ ਗੁਰੂ ਪਰੰਪਰਾ ਨੇ ਹਮਲਾਵਰਾਂ ਦੀ ਬੇਇਨਸਾਫ਼ੀ ਅਤੇ ਬਰਬਰਤਾ ਵਿਰੁੱਧ ਸੰਘਰਸ਼ ਅਤੇ ਕੁਰਬਾਨੀ ਦੀ ਸ਼ਾਨਦਾਰ ਮਿਸਾਲ ਦੁਨੀਆਂ ਸਾਹਮਣੇ ਰੱਖੀ ਹੈ।

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇਸ ਦੇਸ਼ ਲਈ ਜੋ ਕੁਰਬਾਨੀ ਦਿੱਤੀ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਔਰੰਗਜ਼ੇਬ ਵੱਲੋਂ ਕਸ਼ਮੀਰ ਦੇ ਲੋਕਾਂ 'ਤੇ ਕੀਤੇ ਅੱਤਿਆਚਾਰਾਂ ਲਈ ਉਹਨਾਂ ਵੱਲੋਂ ਮਹਾਨ ਕੁਰਬਾਨੀ ਦੇਣਾ ਉਹਨਾਂ ਦੀ ਮਹਾਨਤਾ ਨੂੰ ਦਰਸਾਉਂਦਾ ਹੈ। ਉਹਨਾਂ ਨੇ ਕਿਹਾ ਕਿ ਜਦੋਂ ਮੋਦੀ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਤਿਉਹਾਰ ਮਨਾਉਣ ਦਾ ਫ਼ੈਸਲਾ ਕੀਤਾ ਸੀ ਤਾਂ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਲਾਲ ਕਿਲ੍ਹ ਦੀ ਉਸੇ ਕੰਧ 'ਤੇ ਉਨ੍ਹਾਂ ਦਾ ਗੁਣਗਾਨ ਕੀਤਾ ਜਾਵੇਗਾ ਜਿੱਥੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਐਲਾਨ ਹੋਇਆ ਸੀ।

ਕਈ ਸਾਲ ਪਹਿਲਾਂ ਜਦੋਂ ਸਾਰੇ ਧਰਮ ਆਪੋ-ਆਪਣੇ ਸੰਪਰਦਾਵਾਂ ਲਈ ਲੜ ਰਹੇ ਸਨ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਮ ਪਿਤਾ ਤੱਕ ਜੋ ਸਿੱਖਿਆਵਾਂ ਦਿੱਤੀਆਂ ਗਈਆਂ ਸਨ, ਅੱਜ ਸਾਰਾ ਸੰਸਾਰ ਉਨ੍ਹਾਂ ਸਿੱਖਿਆਵਾਂ 'ਤੇ ਚੱਲ ਰਿਹਾ ਹੈ।ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਿੱਖ ਕੌਮ ਧਰਮ ਅਤੇ ਕਰਮ ਦੋਵਾਂ ਨੂੰ ਬਰਾਬਰ ਲੈ ਕੇ ਅੱਗੇ ਵਧਦੀ ਹੈ। ਜਦੋਂ ਧਰਮ ਲਈ ਜਾਨ ਕੁਰਬਾਨ ਕਰਨ ਦੀ ਗੱਲ ਆਉਂਦੀ ਹੈ ਤਾਂ ਸੱਚਾ ਸਿੱਖ ਕਦੇ ਪਿੱਛੇ ਮੁੜ ਕੇ ਨਹੀਂ ਦੇਖਦਾ। ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਦੇਸ਼ ਦੀ ਸੁਰੱਖਿਆ ਲਈ ਸਿੱਖ ਭਰਾਵਾਂ ਦੀ ਕੁਰਬਾਨੀ ਸਭ ਤੋਂ ਵੱਧ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿਚ ‘ਚਾਰ ਉਦਾਸੀਆਂ' ਰਾਹੀਂ ਕਈ ਦੇਸ਼ਾਂ ਵਿਚ ਸਾਰੇ ਧਰਮਾਂ ਦੀ ਬਰਾਬਰਤਾ ਦਾ ਪ੍ਰਚਾਰ ਕੀਤਾ। ਉਹਨਾਂ ਦੇ ਪੈਰ ਕਰਨਾਟਕ ਤੋਂ ਮੱਕਾ ਤੱਕ ਪਏ ਹਨ। ਨਿਰਸਵਾਰਥ ਪਿਆਰ ਦਾ ਸੰਦੇਸ਼ ਫੈਲਾਉਣ ਲਈ ਉਨ੍ਹਾਂ ਦਿਨਾਂ ਵਿੱਚ ਪੈਦਲ ਯਾਤਰਾ ਕਰਨ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ ਸੀ। 

ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਹੋਵੇ, ਮੁਗਲਾਂ ਵਿਰੁੱਧ ਲੜਾਈ ਹੋਵੇ ਜਾਂ ਅੰਗਰੇਜ਼ਾਂ ਵਿਰੁੱਧ ਲੜਾਈ ਹੋਵੇ, ਵੰਡ ਹੋਵੇ ਜਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਕੁਰਬਾਨੀ ਹੋਵੇ, ਸਿੱਖ ਭਾਈਚਾਰਾ ਹਮੇਸ਼ਾ ਇਸ ’ਤੇ ਪਹਿਲੇ ਨੰਬਰ ’ਤੇ ਰਿਹਾ ਹੈ। 1984 ਦੇ ਸਾਕਾ ਨੀਲਾ ਤਾਰਾ ਬਾਰੇ ਅਮਿਤ ਸ਼ਾਹ ਨੇ ਕਿਹਾ ਕਿ ਇਸ ਦੌਰਾਨ ਵੀ ਕਤਲ ਕੀਤੇ ਗਏ, ਉਹ ਸਭ ਰਾਜਨੀਤਕ ਇਸ਼ਾਰੇ ’ਤੇ ਹੀ ਕੀਤੇ ਗਏ ਸਨ, ਜਿਸ ਨੂੰ ਕੋਈ ਵੀ ਭੁਲਾ ਨਹੀਂ ਸਕਦਾ।

2014 ਤੋਂ ਪਹਿਲਾਂ ਕੋਈ ਵੀ ਵਿਅਕਤੀ ਜੇਲ੍ਹ ਨਹੀਂ ਭੇਜਿਆ ਗਿਆ ਮੋਦੀ ਜੀ ਨੇ SIT ਬਣਾਈ ਅਤੇ 300 ਕੇਸ ਦੁਬਾਰਾ ਖੋਲ੍ਹੇ ਅਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਾ ਸ਼ੁਰੂ ਕੀਤਾ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਰੂ ਗੋਬਿੰਦਰ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਬਾਅਦ ਮੂੰਹ 'ਚੋਂ ਇਹ ਨਿਕਲਣਾ ਕਿ ''ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ''। ਜੋ ਪੂਰੀ ਦੁਨੀਆਂ ਨੂੰ ਅਪਣਾ ਪਰਿਵਾਰ ਮੰਨਦਾ ਹੋਵੇ ਉਹੀ ਇਹ ਵਾਕ ਕਹਿ ਸਕਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੀ ਅਜਿਹੀ ਹੈ ਜਿਸ ਵਿਚ ਸਾਰੇ ਧਰਮਾਂ ਨੂੰ ਬਰਾਬਰ ਸਥਾਨ ਦਿੱਤਾ ਗਿਆ ਹੈ।