ਇਸਰੋ ਬੰਗਲੌਰ ਦੇ ਮੈਂਬਰ ਮਹਿੰਦਰ ਪਾਲ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਹਿੰਦਰ ਪਾਲ ਸਿੰਘ ਨੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਭਾਰਤ ਵਿਚ ਹੀ ਰਹਿਣ ਦੀ ਅਪੀਲ ਕੀਤੀ

ISRO Scientist Mahendra Pal Singh at Sri Darbar Sahib

 

ਅੰਮ੍ਰਿਤਸਰ: ਭਾਰਤ ਦੇ ਮਿਸ਼ਨ ਚੰਦਰਯਾਨ-3  ਦੀ ਸਫ਼ਲਤਾ ਤੋਂ ਬਾਅਦ ਦੁਨੀਆਂ ਇਸਰੋ ਨੂੰ ਸਲਾਮ ਕਰ ਰਹੀ ਹੈ। ਚੰਦਰਮਾ ਦੀ ਸਤ੍ਹਾ ’ਤੇ ਉਤਰਨ ਤੋਂ ਬਾਅਦ ਵਿਕਰਮ ਲੈਂਡਰ ਅਤੇ ਪ੍ਰਗਿਆਨ ਰੋਵਰ ਅਪਣਾ ਕੰਮ ਕਰ ਰਹੇ ਹਨ। ਇਸ ਦੌਰਾਨ ਦੁਨੀਆਂ ਦੇ ਕਈ ਦੇਸ਼ਾਂ ਵਿਚਾਲੇ ਇਸਰੋ ਨਾਲ ਅਪਣੇ ਆਪ ਨੂੰ ਜੋੜਨ ਲਈ ਹੋੜ ਲੱਗੀ ਹੋਈ ਹੈ। ਭਾਰਤ ਦੁਨੀਆਂ ਦਾ ਪਹਿਲਾ ਅਜਿਹਾ ਦੇਸ਼ ਹੈ ਜੋ ਚੰਦਰਮਾ ਦੇ ਦੱਖਣੀ ਧਰੁਵ ’ਤੇ ਪਹੁੰਚਿਆ ਹੈ। ਇਸ ਸਫ਼ਲਤਾ ਤੋਂ ਬਾਅਦ ਇਸਰੋ ਦੇ ਮੈਂਬਰ ਮਹਿੰਦਰ ਪਾਲ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਚ ਮੱਥਾ ਟੇਕਣ ਪਹੁੰਚੇ।

ਇਸ ਦੌਰਾਨ ਜਿਥੇ ਉਨ੍ਹਾਂ ਨੇ ਗੁਰੂ ਘਰ ਵਿਖੇ ਪਹੁੰਚ ਕੇ ਇਸ ਵੱਡੀ ਕਾਮਯਾਬੀ ਲਈ ਸ਼ੁਕਰਾਨਾ ਕੀਤਾ, ਉੱਥੇ ਹੀ ਰਸ ਭਿੰਨੀ ਬਾਣੀ ਦਾ ਕੀਰਤਨ ਵੀ ਸੁਣਿਆ ਅਤੇ ਉਨ੍ਹਾਂ ਕਿਹਾ ਕਿ ਚੰਦਰਯਾਨ-3 ਦੀ ਕਾਮਯਾਬੀ ਨਾਲ ਪੂਰੇ ਸੰਸਾਰ ’ਚ ਸਾਡੇ ਭਾਰਤ ਦਾ ਰੁਤਬਾ ਹੋਰ ਵੱਡਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸਾਡੇ ਦੇਸ਼ ਨੇ ਇਹ ਬਹੁਤ ਵੱਡੀ ਸਫ਼ਲਤਾ ਹਾਸਲ ਕੀਤੀ ਹੈ । ਇਸ ਨਾਲ ਹੀ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਿੱਖ ਯੂਥ ਨੂੰ ਭਾਰਤ ’ਚ  ਰਹਿ ਕੇ ਹੀ ਉੱਚ ਵਿਦਿਆ ਹਾਸਲ ਕਰ ਕੇ ਅਪਣੇ ਮਾਤਾ-ਪਿਤਾ ਅਪਣੀ ਸਟੇਟ ਤੇ ਅਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਭਾਰਤ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ।

ਇਸ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਸਰੋ ਮੈਂਬਰ ਮਹਿੰਦਰ ਪਾਲ ਸਿੰਘ ਨੂੰ ਸਨਮਾਨਤ ਕਰਦਿਆਂ ਕਿਹਾ ਕਿ ਮਹਿੰਦਰ ਸਿੰਘ ਵਲੋਂ ਕੀਤੀ ਗਈ ਇਸ ਉਪਲੱਬਧੀ ਨਾਲ ਪੂਰੇ ਦੇਸ਼ ’ਚ ਸਿੱਖਾਂ ਦਾ ਮਾਣ ਵਧਾਇਆ ਹੈ। ਇਸਰੋ ਮੈਂਬਰ ਮਹਿੰਦਰ ਸਿੰਘ ਨੂੰ ਸਨਮਾਨਤ ਕਰਨ ਮੌਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਿਜੀ ਸਹਾਇਕ ਅਜੀਤ ਸਿੰਘ, ਮੈਨੇਜਰ ਜਸਪਾਲ ਸਿੰਘ, ਸੂਚਨਾ ਅਧਿਕਾਰੀ ਰਣਧੀਰ ਸਿੰਘ ਵੀ ਹਾਜ਼ਰ ਸਨ।