ਤੁਸੀ ਭੁੱਲ ਸਕਦੇ ਹੋ 84 ਦਾ ਦਰਦ ਸਾਡੇ ਤੋਂ ਨਹੀਂ ਭੁਲਾਇਆ ਜਾਣਾ ਨਵੰਬਰ 84 ਤੇ ਉਹ ਕਾਲੇ ਦਿਨ : ਭਿਉਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਾਂਡ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੇ ਅਤੇ ਬੱਬਰ ਖ਼ਾਲਸਾ ਦੇ ਚੋਟੀ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਉਰਾ............

Paramjit Singh Bheora

ਨਵੀਂ ਦਿੱਲੀ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਾਂਡ ਵਿਚ ਅਹਿਮ ਭੁਮਿਕਾ ਨਿਭਾਉਣ ਵਾਲੇ ਅਤੇ ਬੱਬਰ ਖ਼ਾਲਸਾ ਦੇ ਚੋਟੀ ਦੇ ਖਾੜਕੂ ਭਾਈ ਪਰਮਜੀਤ ਸਿੰਘ ਭਿਉਰਾ ਜੋ ਕਿ ਬੁੜੈਲ ਜੇਲ ਅੰਦਰ ਬੰਦ ਹਨ, ਨੇ ਅਪਣੀ ਭੈਣ ਨਾਲ ਮੁਲਾਕਾਤ ਵਿਚ ਭੇਜੇ ਸੁਨੇਹੇ ਵਿਚ ਕਿਹਾ ਕਿ ਨਵੰਬਰ 1984 ਭਾਰਤੀ ਇਤਿਹਾਸ ਵਿਚ ਇਕ ਅਜਿਹਾ ਕਾਲਾ ਕਾਂਡ ਜੋੜ ਗਿਆ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਪੜ੍ਹ ਅਤੇ ਸੁਣ ਕੇ ਸ਼ਰਮ ਤੇ ਨਫ਼ਰਤ ਨਾਲ ਸਿਰ ਝੁਕਾ ਲੈਣ ਤੇ ਮਜਬੂਰ ਹੋ ਜਾਇਆ ਕਰਨਗੀਆਂ ।

31 ਅਕਤੂਬਰ 1984 ਨੂੰ ਸਮੇਂ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਸੁਰੱਖਿਆ ਗਾਰਡਾਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਨੇ ਉਨ੍ਹਾਂ ਨੂੰ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ ਸਜ਼ਾ ਦੇ ਦਿਤੀ ਉਪਰੰਤ ਸਮੁੱਚੇ ਦੇਸ਼ ਵਿਚ ਹੀ ਬੇਗੁਨਾਹ ਸਿੱਖਾਂ ਦੇ ਕਤਲਾਂ ਅਤੇ ਉਨ੍ਹਾਂ ਦੀਆਂ ਖ਼ੂਨ-ਪਸੀਨੇ ਨਾਲ ਬਣਾਈਆਂ ਚਲ-ਅਚਲ ਜਾਇਦਾਦਾਂ ਨੂੰ ਲੁੱਟਣ-ਸਾੜਨ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਕਿ ਉਸ ਨੇ ਕਈ ਦਿਨਾਂ ਤਕ ਥੰਮਣ ਦਾ ਨਾਂ ਤਕ ਨਾ ਲਿਆ ਜਿਸ ਨੂੰ ਮੈਂ ਅਪਣੀ ਅੱਖੀ ਦੇਖਿਆ ਅਤੇ ਅਪਣੇ ਪਰਵਾਰ ਨਾਲ ਪਿੰਡੇ 'ਤੇ ਹੰਢਾਇਆ ਵੀ ਹੈ ।

ਸਾਡੇ ਦੇਖਦਿਆਂ ਦੇਖਦਿਆਂ ਹਜ਼ਾਰਾਂ ਸਿੱਖ ਦਿਨ ਦਿਹਾੜੇ ਕਤਲ ਕਰ ਦਿਤੇ ਗਏ ਸਨ, ਭੈਣਾਂ, ਮਾਵਾਂ ਨੂੰ ਬੇਪੱਤ ਕੀਤਾ ਗਿਆ। ਇਥੋ ਤਕ ਕਿ ਨਿੱਕੇ ਨਿੱਕੇ ਦੁਧ ਚੁੰਘਦੇ ਬੱਚਿਆਂ ਨੂੰ ਵੀ ਨਾ ਛੱਡਿਆ ਗਿਆ, ਉਨ੍ਹਾਂ ਦੀਆਂ ਅਰਬਾਂ-ਖ਼ਰਬਾਂ ਰੁਪਏ ਦੀਆਂ ਜਾਇਦਾਦਾਂ ਲੁੱਟ ਲਈਆਂ ਗਈਆਂ ਜਾਂ ਸਾੜ ਦਿਤੀਆਂ ਗਈਆਂ ਸਨ। ਉਸ ਸਮੇਂ ਦੇਸ਼ ਵਿਚ ਨਾ ਤਾਂ ਕੋਈ ਕਾਨੂੰਨ ਸੀ ਜੇਕਰ ਕੁੱਝ ਸੀ ਤਾਂ ਉਹ ਜੰਗਲ-ਰਾਜ। ਲੁਟੇਰੇ ਅਤੇ ਕਾਤਲ ਹਰਲ-ਹਰਲ ਕਰਦੇ ਫਿਰ ਰਹੇ ਸਨ, ਜਿਥੇ ਕਿਤੇ ਕੋਈ ਪਗੜੀ ਬੰਨ੍ਹੀ ਸਿੱਖ ਮਿਲ ਜਾਂਦਾ,

ਉਸ ਦੇ ਗਲ ਟਾਇਰ ਪਾ ਅਤੇ ਪਟਰੌਲ ਛਿੜਕ ਅੱਗ ਲਾ ਦਿਤੀ ਜਾਂਦੀ ਤੇ ਤੜਪ ਅਤੇ ਚੀਖਾਂ ਮਾਰ ਰਹੇ ਸਿੱਖਾਂ ਦੁਆਲੇ ਭੰਗੜੇ ਪਾਣ ਤੇ ਕਿਲਕਾਰੀਆਂ ਮਾਰ ਕੇ ਕਾਤਲ ਕਹਿਣ ਲਗ ਪੈਦੇ “ਦੇਖੋ ਸਿੱਖੜਾ ਨਾਚ ਰਹਾ ਹੈ।'' ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ, ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਨੇ ਪ੍ਰਧਾਨ ਮੰਤਰੀ ਦਾ ਫ਼ਰਜ਼ ਸੀ ਕਿ ਉਹ ਦੇਸ਼ ਦੇ ਨਾਗਰਿਕਾਂ ਦੇ ਜਾਨ ਮਾਲ ਦੀ ਰਾਖੀ ਕਰਦਾ ਪਰ ਇਹ ਆਖਕੇ 'ਜਦੋਂ ਕੋਈ ਵੱਡਾ ਦਰੱਖ਼ਤ ਡਿਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ' ਇਸ ਜੰਗਲ ਰਾਜ ਨੂੰ ਮਾਨਤਾ ਦੇ ਦਿਤੀ।

ਕਿਸੇ ਨੇ ਉਨ੍ਹਾਂ ਪਾਸੋਂ ਇਹ ਨਹੀਂ ਪੁਛਿਆ ਕਿ ਜਦੋਂ ਮਹਾਤਮਾ ਗਾਂਧੀ ਦੀ ਹਤਿਆ ਹੋਈ ਸੀ ਤਾਂ ਕੀ ਉਸ ਸਮੇਂ ਕੋਈ ਵੱਡਾ ਤੇ ਭਾਰਾ ਦਰੱਖ਼ਤ ਨਹੀਂ ਸੀ ਡਿੱਗਾ, ਫਿਰ ਉਸ ਸਮੇਂ ਧਰਤੀ ਕਿਉਂ ਨਹੀਂ ਸੀ ਹਿਲੀ? ਇੰਦਰਾ ਗਾਂਧੀ ਦੇ ਕਤਲ ਦੇ ਤੁਰਤ ਬਾਅਦ, ਸਮੇਂ ਦੀ ਸਰਕਾਰ ਦੇ ਕਾਂਗਰਸੀ ਲੀਡਰਾਂ ਵਲੋਂ ਪੁਲਿਸ ਨਾਲ ਮਿਲੀ ਭੁਗਤ ਕਰ ਕੇ ਸਾਰੇ ਹੀ ਦੇਸ਼ ਵਿਚ ਜਿਸ ਤਰ੍ਹਾਂ ਸਿੱਖਾਂ ਨੂੰ ਮਾਰਨ ਤੇ ਉਨ੍ਹਾਂ ਦੀਆਂ ਜਾਇਦਾਦਾਂ ਲੁੱਟਣ-ਸਾੜਨ ਲਈ, ਸੂਚੀਆਂ ਉਪਲਬਧ ਕਰਵਾ ਦਿਤੀਆਂ ਗਈਆਂ। ਇਸ ਨਾਲ ਇਹ ਸਵਾਲ ਖੜਾ ਹੋ ਜਾਂਦਾ ਹੈ ਕਿ ਇਹ 'ਕਿਸੇ ਵਿਸ਼ੇਸ਼' ਸਮੇਂ ਉਪਰ ਵਰਤਾਣ ਲਈ ਪਹਿਲਾਂ ਤੋਂ ਹੀ ਕੀਤੀ ਗਈ ਤਿਆਰੀ ਦਾ ਹੀ ਤਾਂ ਇਕ ਹਿੱਸਾ ਤਾਂ ਨਹੀਂ ਸੀ,

ਜਿਸ ਨੂੰ ਇੰਦਰਾ ਗਾਂਧੀ ਦੀ ਹਤਿਆ ਹੋ ਜਾਣ ਕਾਰਨ ਸਮੇਂ ਤੋਂ ਪਹਿਲਾਂ ਹੀ ਵਰਤਾਣਾ ਪੈ ਗਿਆ? ਇਸ ਮਾਮਲੇ ਵਿਚ ਜਿਵੇਂ ਆਪਣਿਆਂ ਨੇ ਹਮਦਰਦ ਬਣ ਪੀੜਤਾਂ ਦਾ ਸ਼ੋਸ਼ਣ ਕੀਤਾ ਅਤੇ ਉਨ੍ਹਾਂ ਦੀ ਮਦਦ ਕਰਨ ਦੇ ਨਾਂ 'ਤੇ ਅਪਣੇ ਘਰ ਭਰਨ ਵਿਚ ਕੋਈ ਕਸਰ ਨਹੀਂ ਛੱਡੀ। ਜਦੋਂ ਵੀ ਨਵੰਬਰ ਆਉਂਦਾ ਹੈ ਜਾਂ ਚੋਣਾਂ ਦਾ ਮੌਸਮ ਸ਼ੁਰੂ ਹੁੰਦਾ ਹੈ, ਪੀੜਤਾਂ ਦੇ ਜ਼ਖ਼ਮ ਕੁਰੇਦਣ ਲਈ ਨਸ਼ਤਰ ਲੈ ਕੇ ਉਹ ਆ ਹਾਜ਼ਰ ਹੁੰਦੇ ਹਨ। 

ਨਵੰਬਰ ਜਾਂ ਚੋਣਾਂ ਦਾ ਮੌਸਮ ਬੀਤ ਜਾਂਦਾ ਹੈ, ਤਾਂ ਸਾਰੇ ਹਮਦਰਦ ਬਰਸਾਤੀ ਡਡੁਆਂ ਵਾਂਗ ਗਾਇਬ ਹੋ ਜਾਂਦੇ ਹਨ। ਉਸ ਉਪਰੰਤ ਜੇ ਕੋਈ ਕੁਰੇਦੇ ਗਏ ਜ਼ਖ਼ਮਾਂ ਦੀਆਂ ਚੀਸਾਂ ਸਹਿੰਦਾ ਅਤੇ ਲੰਮੇ ਸਮੇਂ ਤਕ ਉਨ੍ਹਾਂ ਦਾ ਦਰਦ ਮਹਿਸੂਸ ਕਰਦਾ ਰਹਿੰਦਾ ਹੈ, ਤਾਂ ਉਹ ਹਨ ਕੇਵਲ ਤੇ ਕੇਵਲ ਨਵੰਬਰ-84 ਦੇ ਪੀੜਤਾਂ ਦੇ ਪਰਵਾਰ। ਹੋਰ ਕੋਈ ਨਹੀਂ। ਪਤਾ ਨਹੀਂ ਇਹ ਸਿਲਸਿਲਾ ਹੋਰ ਕਦੋਂ ਤਕ ਇਸੇ ਤਰ੍ਹਾਂ ਚਲਦਾ ਰਹੇਗਾ ਜਾਂ ਅਸੀ ਅਪਣੀ ਜ਼ਮੀਰ ਦੀ ਆਵਾਜ਼ ਸੁਣਾਂਗੇ।