ਹਿੰਦੂ ਮੰਦਰਾਂ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਫ਼ੋਟੋ ਲਗਾਉਣ ਦੀ ਮੁਹਿੰਮ ਸ਼ੁਰੂ ਕਰਨਗੇ ਵੀਰੇਸ਼ ਸ਼ੰਡਿਆਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬ੍ਰਾਹਮਣਾਂ ਦੇ ਤਿਲਕ ਅਤੇ ਜਨੇਊ ਦੀ ਰਖਿਆ ਕਰਨ ਵਾਲੇ ਅਤੇ ਹਿੰਦੂ ਧਰਮ ਲਈ ਅਪਣਾ ਸੀਸ ਵਾਰਨ ਵਾਲੇ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਫ਼ੋਟੋ..........

Viresh Shandilya

ਪਟਿਆਲਾ  : ਬ੍ਰਾਹਮਣਾਂ ਦੇ ਤਿਲਕ ਅਤੇ ਜਨੇਊ ਦੀ ਰਖਿਆ ਕਰਨ ਵਾਲੇ ਅਤੇ ਹਿੰਦੂ ਧਰਮ ਲਈ ਅਪਣਾ ਸੀਸ ਵਾਰਨ ਵਾਲੇ, ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਫ਼ੋਟੋ, ਮੰਦਰਾਂ ਅਤੇ ਧਰਮਸ਼ਾਲਾਵਾਂ ਵਿਚ ਜ਼ਰੂਰ ਲਗਣੀ ਚਾਹੀਦੀ ਹੈ। ਇਹ ਵਿਚਾਰ ਬ੍ਰਾਹਮਣ ਮਹਾਂਪੰਚਾਇਤ ਅਤੇ ਐਂਟੀ ਟੈਰੋਰੀਸਟ ਫ਼ਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ ਅਤੇ ਸ੍ਰੀ ਹਿੰਦੂ ਤਖ਼ਤ ਦੇ ਰਾਸ਼ਟਰੀ ਪ੍ਰਚਾਰਕ ਵੀਰੇਸ਼ ਸ਼ੰਡਿਆਲ ਨੇ ਅੱਜ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਵਸ 'ਤੇ ਉਨ੍ਹਾਂ ਨੂੰ ਯਾਦ ਕਰਦਿਆਂ ਕਹੇ। 

ਉਨ੍ਹਾਂ ਕਿਹਾ ਕਿ ਬ੍ਰਾਹਮਣ ਸਮਾਜ ਕਦੇ ਵੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਬਲੀਦਾਨ ਦਾ ਅਹਿਸਾਨ ਨਹੀਂ ਚੁਕਾ ਸਕਦਾ ਪਰ ਉਨ੍ਹਾਂ ਦੀ ਫ਼ੋਟੋ ਮੰਦਰਾਂ ਅਤੇ ਧਰਮਸ਼ਾਲਾਂਵਾਂ ਵਿਚ ਲਾ ਕੇ ਉਨ੍ਹਾਂ ਦੀ ਪੂਜਾ ਅਰਚਨਾ ਤਾਂ ਕਰ ਸਕਦਾ ਹੈ। ਇਸ ਨਾਲ ਹੀ ਉਨ੍ਹਾਂ ਹਿੰਦੂ ਸਮਾਜ ਨੂੰ ਕਿਹਾ ਕਿ ਉਹ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਅਤੇ ਜਨਮ ਦਿਵਸ ਜ਼ਰੂਰ ਮਨਾਉਣਾ ਚਾਹੀਦਾ ਹੈ ਅਤੇ ਹਰ ਹਿੰਦੂ ਉਨ੍ਹਾਂ ਦਾ ਚਿੱਤਰ ਅਪਣੇ ਘਰ ਵਿਚ ਵੀ ਲਾਏ। 

ਉਨ੍ਹਾਂ ਹਿੰਦੂਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਦਿਵਸ 'ਤੇ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਜਾ ਕੇ ਨਤਮਸਤਕ ਹੋਣ ਅਤੇ ਉਨ੍ਹਾਂ ਦੀ ਸ਼ਹੀਦੀ ਦੀ ਵਾਰਤਾ ਅਪਣੇ, ਘਰ, ਪਰਵਾਰ ਅਤੇ  ਸਮਾਜ ਨਾਲ ਸਾਂਝੀ ਜ਼ਰੂਰ ਕਰਨ । ਉਨ੍ਹਾਂ ਇਸ ਕੰਮ ਲਈ ਬ੍ਰਹਮਣ ਸਮਾਜ ਨੂੰ ਅੱਗੇ ਆਉਣ ਦੀ ਅਪੀਲ ਵੀ ਕੀਤੀ । ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਹਿੰਦੂ ਮੰਦਰਾਂ ਅਤੇ ਧਰਮਸ਼ਾਲਾਵਾਂ ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਦੀ ਫ਼ੋਟੋ ਲਾਉਣ ਦੀ ਮੁਹਿੰਮ ਸ਼ੁਰੂ ਕਰਨਗੇ।