ਵਿਦਿਆਰਥੀਆਂ, ਉਮੀਦਵਾਰਾਂ ਨੂੰ ਹਿਜਾਬ ਪਾਉਣ, ਕ੍ਰਿਪਾਨ ਰੱਖਣ ਤੋਂ ਨਾ ਰੋਕੋ : ਘੱਟ ਗਿਣਤੀ ਕਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਘੱਟਗਿਣਤੀ ਕਮਿਸ਼ਨ ਨੇ ਸ਼ਹਿਰ ਦੇ ਸਰਕਾਰੀ ਵਿਭਾਗਾਂ ਤੋਂ ਭਰਤੀ ਅਤੇ ਵਿਦਿਅਕ ਪ੍ਰੀਖਿਆਵਾਂ ਵਿਚ ਘੱਟਗਿਣਤੀਆਂ ਦੇ ਵਿਦਿਆਰਥੀਆਂ ਅਤੇ ਉਮੀਦਵਾਰਾਂ ਨੂੰ ਹਿਜਾਬ ਪਾਉਣ....

Students Candidates

ਨਵੀਂ ਦਿੱਲੀ : ਦਿੱਲੀ ਘੱਟਗਿਣਤੀ ਕਮਿਸ਼ਨ ਨੇ ਸ਼ਹਿਰ ਦੇ ਸਰਕਾਰੀ ਵਿਭਾਗਾਂ ਤੋਂ ਭਰਤੀ ਅਤੇ ਵਿਦਿਅਕ ਪ੍ਰੀਖਿਆਵਾਂ ਵਿਚ ਘੱਟਗਿਣਤੀਆਂ ਦੇ ਵਿਦਿਆਰਥੀਆਂ ਅਤੇ ਉਮੀਦਵਾਰਾਂ ਨੂੰ ਹਿਜਾਬ ਪਾਉਣ ਅਤੇ ਉਨ੍ਹਾਂ ਦੀ ਸ਼ਰਧਾ ਨਾਲ ਜੁੜੀਆਂ ਵਸਤੂਆਂ ਲਿਆਉਣ ਦੀ ਆਗਿਆ ਦੇਣ ਨੂੰ ਕਿਹਾ ਹੈ। ਕਮਿਸ਼ਨ ਦੇ ਹੁਕਮ 'ਤੇ ਕਾਰਵਾਈ ਕਰਦਿਆਂ ਆਮ ਪ੍ਰਸ਼ਾਸਨ ਵਿਭਾਗ ਨੇ ਸਾਰੇ ਪ੍ਰਮੁੱਖ ਸਕੱਤਰਾਂ ਤੇ ਵਿਭਾਗਾਂ ਦੇ ਮੁਖੀਆਂ ਨੂੰ ਜਾਰੀ ਕਰ ਕੇ ਪ੍ਰੀਖਿਆਵਾਂ ਦੇ ਵਿਦਿਆਥੀਆਂ ਅਤੇ ਉਮੀਦਵਾਰਾਂ ਦਾ 'ਡਰੈਸ ਕੋਡ' ਤੈਅ ਕਰਨ ਦੇ ਸਬੰਧ ਵਿਚ ਉਚਿਤ ਕਦਮ ਚੁੱਕਣ ਨੂੰ ਕਿਹਾ ਹੈ।

ਘੱਟਗਿਣਤੀ ਕਮਿਸ਼ਨ ਦੇ ਪ੍ਰਧਾਨ ਜਫਰੂਲ ਇਸਲਾਮ ਖ਼ਾਨ ਨੇ ਕਿਹਾ ਕਿ ਘੱਟÎਗਿਣਤੀਆਂ ਦੇ ਮੈਂਬਰਾਂ ਨੂੰ ਮਿਲਣ ਵਾਲੀਆਂ ਸ਼ਿਕਾਇਤਾਂ ਮਗਰੋਂ ਇਹ ਆਦੇਸ਼ ਜਾਰੀ ਕੀਤਾ ਗਿਆ ਹੈ। ਘੱਟਗਿਣਤੀਆਂ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਪ੍ਰੀਖਿਆਵਾਂ ਵਿਚ ਹਿੱਸਾ ਲੈਣ ਸਮੇਂ ਪ੍ਰੇਸ਼ਾਨ ਹੁੰਦੀ ਹੈ ਕਿਉਂਕਿ ਉਥੇ ਉਨ੍ਹਾਂ ਨੂੰ ਉਨ੍ਹਾਂ ਦੀ ਸ਼ਰਧਾ ਨਾਲ ਜੁੜੀਆਂ ਗੱਲਾਂ ਵੱਖ ਰੱਖਣ ਲਈ ਕਿਹਾ ਜਾਂਦਾ ਹੈ। ਕਮਿਸ਼ਨ ਨੇ ਅਪਣੇ ਹੁਕਮ ਵਿਚ ਕਿਹਾ ਹੈ, 'ਮੁਸਲਿਮ ਔਰਤਾਂ ਨੂੰ ਹਿਜਾਬ ਪਾਉਣ ਦੇ ਉਨ੍ਹਾਂ ਦੇ ਧਾਰਮਕ ਅਧਿਕਾਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਨੂੰ ਪੂਰੀ ਆਸਤੀਨ ਦੇ ਕਪੜੇ ਪਾਉਣ ਦੀ ਆਗਿਆ ਵੀ ਦਿਤੀ ਜਾਣੀ ਚਾਹੀਦੀ। ਸਿੱਖਾਂ ਨੂੰ, ਭਾਰਤੀ ਸੰਵਿਧਾਨ ਦੀ ਧਾਰਾ 25 ਮੁਤਾਬਕ ਨਿਸ਼ਚਿਤ ਲੰਬਾਈ ਦੀ ਕ੍ਰਿਪਾਨ ਰੱਖਣ ਦੀ ਆਗਿਆ ਹੈ।' ਆਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੀਖਿਆਵਾਂ ਦੌਰਾਨ ਸੁਰੱਖਿਆ ਸਬੰਧੀ ਅਹਿਤਿਆਤ ਵਰਤਣਾ ਜ਼ਰੂਰੀ ਹੈ ਪਰ ਇਸ ਤੋਂ ਘੱਟਗਿਣਤੀਆਂ ਪ੍ਰੀਖਿਆਵਾਂ ਅਤੇ ਮੁਕਾਬਲਾਕਾਰਾਂ ਦੇ ਹਿਤਾਂ ਨੂੰ ਨੁਕਸਾਨ ਨਹੀਂ ਹੋਣਾ ਚਾਹੀਦਾ।       (ਏਜੰਸੀ)