ਭਾਈ ਜਗਤਾਰ ਸਿੰਘ ਤਾਰਾ ਤੇ ਸਾਥੀਆਂ ਨੇ ਭੁਗਤੀ ਤਰੀਕ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਰੀਬ ਸਾਢੇ ਚਾਰ ਸਾਲ ਪਹਿਲਾਂ ਸਥਾਨਕ ਥਾਣਾ ਕੋਤਵਾਲੀ ਪੁਲਿਸ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸ 'ਚ ਅੱਜ ਭਾਈ ਜਗਤਾਰ ਸਿੰਘ ਤਾਰਾ ਤੇ.....

Bhai Jagtar Singh Tara

ਬਠਿੰਡਾ : ਕਰੀਬ ਸਾਢੇ ਚਾਰ ਸਾਲ ਪਹਿਲਾਂ ਸਥਾਨਕ ਥਾਣਾ ਕੋਤਵਾਲੀ ਪੁਲਿਸ ਵਲੋਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੇਸ 'ਚ ਅੱਜ ਭਾਈ ਜਗਤਾਰ ਸਿੰਘ ਤਾਰਾ ਤੇ ਉਨ੍ਹਾਂ ਦੇ ਸਾਥੀਆਂ ਨੇ ਤਰੀਕ ਭੁਗਤੀ। ਹਾਲਾਂਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਭਾਈ ਤਾਰਾ ਤੇ ਉਸ ਦੇ ਸਾਥੀ ਰਮਨਦੀਪ ਸਿੰਘ ਸੰਨੀ ਨੂੰ ਅਦਾਲਤ ਵਿਚ ਲਿਆਉਣ ਦੀ ਬਜਾਏ ਵੀਡੀਉ ਕਾਨਫ਼ਰੰਸ ਰਾਹੀਂ ਉਨ੍ਹਾਂ ਦੀ ਅਦਾਲਤ ਵਿਚ ਹਾਜ਼ਰੀ ਲਗਵਾਈ ਜਦੋਂ ਕਿ ਇਸ ਕੇਸ 'ਚ ਨਾਮਜ਼ਦ ਤੀਜੇ ਮੁਜਰਮ ਅਮਰਜੀਤ ਸਿੰਘ ਨਿਜੀ ਤੌਰ 'ਤੇ ਅਦਾਲਤ ਵਿਚ ਪੇਸ਼ ਹੋਏ।

ਇਸ ਕੇਸ ਵਿਚ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਦਸਿਆ ਕਿ ਅਦਾਲਤ 'ਚ ਹੁਣ ਤਕ ਸਾਰੀ ਬਹਿਸ ਪੂਰੀ ਹੋ ਚੁੱਕੀ ਹੈ, ਜਿਸ ਤੋਂ ਬਾਅਦ ਹੁਣ ਇਸ ਕੇਸ ਦੀ ਅਗਲੀ ਪੇਸ਼ੀ 20 ਫ਼ਰਵਰੀ ਨੂੰ ਰੱਖੀ ਗਈ ਹੈ। ਸੂਚਨਾ ਮੁਤਾਬਕ ਉਕਤ ਦਿਨ ਜ਼ਿਲ੍ਹਾ ਤੇ ਸੈਸ਼ਨ ਜੱਜ ਬਠਿੰਡਾ ਕੇ.ਐਸ.ਬਾਜਵਾ ਦੀ ਅਦਾਲਤ ਵਲੋਂ ਇਸ ਕੇਸ ਵਿਚ ਫ਼ੈਸਲਾ ਸੁਣਾਇਆ ਜਾ ਸਕਦਾ ਹੈ। ਦਸਣਾ ਬਣਦਾ ਹੈ ਕਿ 8 ਨਵੰਬਰ 2014 ਨੂੰ ਥਾਣਾ ਕੋਤਵਾਲੀ 'ਚ ਦਰਜ ਮੁਕੱਦਮੇ ਵਿਚ ਰਮਨਦੀਪ ਸਿੰਘ ਸੰਨੀ ਨੂੰ ਧਮਾਕਾਖੇਜ਼ ਸਮੱਗਰੀ ਸਹਿਤ ਕਾਬੂ ਕਰਿਆ ਦਿਖਾਇਆ ਸੀ

ਜਦੋਂ ਕਿ ਅਮਰਜੀਤ ਸਿੰਘ ਉਪਰ ਉਸ ਨੂੰ ਆਰਥਕ ਮਦਦ ਕਰਨ ਦੇ ਦੋਸ਼ ਲਗਾਏ ਗਏ ਸਨ ਤੇ ਇਨ੍ਹਾਂ ਨੂੰ ਭਾਈ ਜਗਤਾਰ ਸਿੰਘ ਤਾਰਾ ਨਾਲ ਵੀ ਜੋੜਿਆ ਗਿਆ ਸੀ। ਮੌਜੂਦਾ ਸਮੇਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਜਗਤਾਰ ਸਿੰਘ ਤਾਰਾ ਬੁੜੈਲ ਜੇਲ ਵਿਚ ਬੰਦ ਹੈ ਜਦੋਂ ਕਿ ਰਮਨਦੀਪ ਸਿੰਘ ਸੰਨੀ ਬਠਿੰਡਾ ਜੇਲ ਵਿਚ ਬੰਦ ਹੈ।