ਪੰਜ ਮੈਂਬਰੀ ਕਮੇਟੀ ਨੇ ਅੰਮ੍ਰਿਤਸਰ ਜੇਲ ਅੱਗੇ 20 ਫ਼ਰਵਰੀ ਨੂੰ ਅੰਦੋਲਨ ਦਾ ਕੀਤਾ ਐਲਾਨ
ਸਰਬੱਤ ਖ਼ਾਲਸੇ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੁਆਰਾ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਸਿੱੱਖਾਂ ਦੀਆਂ ਮੰਗਾਂ ਮਨਵਾਉਣ.....
ਅੰਮ੍ਰਿਤਸਰ : ਸਰਬੱਤ ਖ਼ਾਲਸੇ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੁਆਰਾ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਸਿੱੱਖਾਂ ਦੀਆਂ ਮੰਗਾਂ ਮਨਵਾਉਣ ਲਈ 20 ਫ਼ਰਵਰੀ ਨੂੰ ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੰਜ ਮੈਂਬਰੀ ਕਮੇਟੀ ਦੇ ਮੈਂਬਰ ਭਾਈ ਨਰਾਇਣ ਸਿੰਘ ਚੌੜਾ, ਪ੍ਰੋਫ਼ੈਸਰ ਬਲਜਿੰਦਰ ਸਿੰਘ, ਮਾਸਟਰ ਸੰਤੋਖ ਸਿੰਘ ਲੁਧਿਆਣਾ ਨੇ ਪੱਤਰਕਾਰਾਂ ਨਾਲ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਸਾਖੀ ਤੇ ਸਰਬੱਤ ਖ਼ਾਲਸਾ ਸੱਦਿਆ ਜਾਵੇਗਾ ਤੇ ਇਸ ਸਬੰਧੀ ਤਿਹਾੜ ਜੇਲ 'ਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਚਿੱਠੀ ਲਿਖੀ ਗਈ ਹੈ,
ਜਿਸ ਵਿਚ ਚਰਚਾ ਦਾ ਵਿਸ਼ਾ ਬਣੇ ਮੁਤਵਾਜ਼ੀ ਜਥੇਦਾਰਾਂ ਦੇ ਵਾਦ-ਵਿਵਾਦ ਦਾ ਨਿਪਟਾਰਾ ਹੋਵੇਗਾ। ਉਨ੍ਹਾਂ ਸੰਕੇਤ ਦਿਤਾ ਕਿ ਚਰਚਾ ਦਾ ਵਿਸ਼ਾ ਬਣੇ ਮੁਤਵਾਜ਼ੀ ਜਥੇਦਾਰਾਂ ਦੀ ਥਾਂ ਨਵੀਆਂ ਨਿਯੁਕਤੀਆਂ ਸੰਭਵ ਹਨ। ਪੰਜ ਮੈਂਬਰੀ ਕਮੇਟੀ ਨੇ ਬਰਗਾੜੀ ਇਨਸਾਫ਼ ਮੋਰਚੇ ਨੂੰ ਅਧੂਰਾ ਕਰਾਰ ਦਿਤਾ ਹੈ ਕਿ ਸਿੱਖਾਂ ਦੀਆਂ ਮੰਗਾਂ ਮੰਨੀਆਂ ਨਹੀਂ ਗਈਆਂ। ਸਰਕਾਰ 'ਤੇ ਜ਼ੋਰ ਦਿਤਾ ਗਿਆ ਕਿ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਤੇ ਅਮਲ ਕਰਦੇ ਹੋਏ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਬਰਗਾੜੀ ਕਾਂਡ 'ਚ ਪੁਲਿਸ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖਾਂ ਦੀਆਂ ਮੌਤਾਂ ਲਈ ਜ਼ੁੰਮੇਵਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁਖ ਮੰਤਰੀ,
ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ,ਡੀ.ਜੀ.ਪੀ ਸੁਮੇਧ ਸਿੰਘ ਸੈਣੀ ਵਿਰੁਧ 302 ਦਾ ਪਰਚਾ ਦਰਜ ਕਰੇ ਤਾਂ ਜੋ ਇਨਸਾਫ਼ ਮੰਗਦੀ ਸਿੱਖ ਕੌਮ ਤੇ ਪੀੜਤ ਪੀੜਤਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਬੇਅਦਬੀ ਮਸਲੇ 'ਚ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ, ਜਿਨ੍ਹਾਂ ਗੋਲੀ ਚਲਾਉਣ ਦਾ ਹੁਕਮ ਦਿਤਾ ਸੀ। ਪੰਜਾਬ ਸਰਕਾਰ ਨੂੰ ਇਕ ਮਹੀਨਾ ਪਹਿਲਾਂ ਮੋਹਾਲੀ ਵਿਖੇ ਅਲਟੀਮੇਟਮ ਦਿਤਾ ਸੀ ਕਿ ਉਹ 15 ਫ਼ਰਵਰੀ ਤੱਕ ਬੇਅਦਬੀਆਂ ਦੇ ਦੋਸ਼ੀਆਂ ਵਿਰੁਧ ਕਾਰਵਾਈ ਕਰੇ ਪਰ ਚਰਨਜੀਤ ਸਿੰਘ ਸਾਬਕਾ ਐਸ ਐਸ ਪੀ ਨੂੰ
ਗ੍ਰਿਫ਼ਤਾਰ ਕਰਨ ਬਾਅਦ ਹੋਰ ਕਿਸੇ ਵਿਰੁਧ ਕਾਰਵਾਈ ਨਹੀਂ ਕੀਤੀ ਗਈ। 'ਸਿੱਟ' ਵੀ ਮੱਧਮ ਰਫ਼ਤਾਰ 'ਚ ਕੰਮ ਕਰ ਰਹੀ ਹੈ। 20 ਫ਼ਰਵਰੀ ਨੂੰ ਕੇਂਦਰੀ ਜੇਲ ਅੰਮ੍ਰਿਤਸਰ ਦੇ ਬਾਹਰ ਰੋਸ ਪ੍ਰਦਰਸ਼ਨ ਤੇ ਧਰਨਾ ਦਦੇਣ ਦੇ ਕਦਮ ਨਾਲ ਬਰਗਾੜੀ ਮੋਰਚੇ ਦੇ ਅਗਲੇ ਪੈਂਤੜੇ ਦਾ ਆਰੰਭ ਕਰ ਦਿਤਾ ਜਾਵੇਗਾ। ਨਵਾਂ ਸ਼ਹਿਰ ਦੀ ਅਦਾਲਤ ਵਲੋਂ ਤਿੰਨ ਸਿੱਖ ਨੌਜਵਾਨਾ ਦਾ ਕੇਸ ਲੜਨ ਤੇ ਹਰ ਤਰ੍ਹਾਂ ਦਾ ਕੇਸ ਲੜਨ ਤੇ ਹਰ ਤਰ੍ਹਾਂ ਦੀ ਕਾਨੂੰਨੀ ਮਦਦ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਬਣੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰੀਪੋਰਟ ਦਰਜ ਕੀਤੀ ਜਾਵੇ।
ਬੁੜੈਲ, ਨਾਭਾ, ਪਟਿਆਲਾ ਜੇਲਾਂ ਅੱਗੇ ਧਰਨੇ ਦਿਤੇ ਜਾਣਗੇ। ਦੀਵਾਲੀ, ਵਿਸਾਖੀ ਤੇ ਸਰਬੱਤ ਖ਼ਾਲਸੇ ਬੁਲਾਏ ਜਾਣ ਦੀ ਤਜ਼ਵੀਜ ਹੈ। ਭਾਈ ਧਿਆਨ ਸਿੰਘ ਮੰਡ ਨਾਲ ਕੋਈ ਤਕਰਾਰ ਨਹੀਂ ਪਰ ਉਸਦੇ ਪ੍ਰੋਗਰਾਮਾਂ ਨਾਲ ਕੋਈ ਸਬੰਧ ਵੀ ਨਹੀਂ ਹੈ। ਸਿੱਖ ਸੰਗਠਨਾਂ ਅਤੇ ਪੰਥਕ ਜਥੇਬੰਦੀਆਂ ਦਾ ਸਹਿਯੋਗ ਲਿਆ ਜਾਵੇਗਾ। ਉਨ੍ਹਾਂ ਮੰਨਿਆਂ ਕਿ ਬਰਗਾੜੀ ਮੋਰਚੇ ਦੀ ਸਮਾਪਤੀ ਬਾਅਦ ਸਿੱਖ ਕੌਂਮ ਨਿਰਾਸ਼ਾ ਦੇ ਆਲਮ 'ਚ ਹੈ। 19 ਸਿੱਖ ਦੇਸ਼ ਦੀਆਂ ਵੱਖ-ਵੱਖ ਜੇਲਾਂ ਵਿਚ ਬੰਦ ਹਨ, ਜਿਨ੍ਹਾਂ ਵਿਚ ਭਾਈ ਜਗਤਾਰ ਸਿੰਘ ਹਵਾਰਾ, ਬਲਵੰਤ ਸਿੰਘ ਰਾਜੋਆਣਾ, ਪ੍ਰਮਜੀਤ ਸਿੰਘ ਭਿਓਰਾ, ਪ੍ਰੋ. ਦਵਿੰਦਰ ਸਿੰਘ ਭੁੱਲਰ, ਗੁਰਦੀਪ ਸਿੰਘ ਖਹਿੜਾ, ਭਾਈ ਲਾਲ ਸਿੰਘ ਆਦਿ ਹਨ।
ਭਾਈ ਧਿਆਨ ਸਿੰਘ ਮੰਡ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਮੌੜ ਬੰਬ ਧਮਕੇ ਦੇ ਸਾਜ਼ਸ਼ਕਾਰ ਤੇ ਦੋਸ਼ੀ ਸੌਦਾ ਸਾਧ ਨਾਲ ਸਿੱਧੇ ਤੌਰ ਤੇ ਸਬੰਧ ਹਨ। ਉਨ੍ਹਾਂ ਖਿਲਾਫ ਕਾਰਵਾਈ ਕਰ ਕੇ ਕਟਹਿਰੇ 'ਚ ਖੜਾ ਕੀਤਾ ਜਾਵੇ। ਇਸ ਮੌਕੇ ਭਾਈ ਬਲਦੇਵ ਸਿੰਘ ਸਿਰਸਾ, ਭਾਈ ਭੁਪਿੰਦਰ ਸਿੰਘ ਭਲਵਾਨ, ਪਪਲਪ੍ਰੀਤ ਸਿੰਘ, ਮਹਿੰਦਰ ਸਿੰਘ ਰੰਧਾਵਾ, ਜਸਬੀਰ ਸਿੰਘ ਮੰਡਿਆਲਾ ਤੋਂ ਇਲਾਵਾ ਅਖੰਡ ਕੀਰਤਨ ਜਥਾ , ਹਿੰਮਤ-ਏ-ਖ਼ਾਲਸਾ, ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ, ਸਿਰਲੱਥ ਖ਼ਾਲਸਾ, ਅਕਾਲ ਖ਼ਾਲਸਾ ਦਲ,ਬਾਬਾ ਦੀਪ ਸਿੰਘ ਗਤਕਾ ਅਖਾੜਾ, ਸ਼ਹੀਦ ਭਾਈ ਫੌਜਾ ਸਿੰਘ ਗਤਕਾ ਅਖਾੜਾ, ਦਸ਼ਮੇਸ਼ ਬ੍ਰਿਗੇਡ, ਇਨਸਾਫ ਸੰਘਰਸ਼ ਮਿਸ਼ਨ ਦੇ ਪ੍ਰਤੀਨਿਧੀ ਮੌਜੂਦ ਸਨ।