ਐਸਆਈਟੀ ਵਲੋਂ ਅਦਾਲਤ ਨੂੰ ਸੌਂਪੀ ਗਈ ਰੀਪੋਰਟ ਨਾਲ ਖੁਲ੍ਹੇ ਕਈ ਅਹਿਮ ਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੁਲਿਸੀਆ ਅਤਿਆਚਾਰ ਨਾਲ ਹੋਏ ਜ਼ਖ਼ਮੀਆਂ ਦਾ ਅਕਾਲੀਆਂ ਨਾ ਹੋਣ ਦਿਤਾ ਇਲਾਜ

SIT

ਕੋਟਕਪੂਰਾ : 'ਰੋਜ਼ਾਨਾ ਸਪੋਕਸਮੈਨ' ਦੇ ਸਥਾਨਕ ਸਬ ਦਫ਼ਤਰ 'ਚ ਇਕ ਤੋਂ ਵੱਧ ਵਾਰ ਖ਼ੁਦ ਪੁੱਜ ਕੇ ਅਪਣੇ ਦੁਖੜੇ ਸਾਂਝੇ ਕਰਨ ਵਾਲੇ ਪੀੜਤਾਂ ਨੂੰ ਅੱਜ ਪ੍ਰੈਸ ਦੇ ਇਕ ਹਿੱਸੇ 'ਚ ਲੱਗੀਆਂ ਉਨ੍ਹਾਂ ਖ਼ਬਰਾਂ ਨੇ ਦੁਖੀ ਤੇ ਪ੍ਰੇਸ਼ਾਨ ਕਰ ਕੇ ਰੱਖ ਦਿਤਾ, ਜਿਨ੍ਹਾਂ 'ਚ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ 14 ਅਕਤੂਬਰ 2015 ਨੂੰ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਢਾਹੇ ਗਏ ਪੁਲਿਸੀਆ ਅਤਿਆਚਾਰ 'ਚ ਜ਼ਖ਼ਮੀ ਹੋਣ ਵਾਲੇ ਸਿੱਖਾਂ ਨੂੰ ਤਤਕਾਲੀ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਪ੍ਰਭਾਵ ਕਾਰਨ ਨਾ ਤਾਂ ਇਲਾਜ ਕਰਵਾਉਣ ਦਿਤਾ ਗਿਆ ਅਤੇ ਨਾ ਹੀ ਉਨ੍ਹਾਂ ਦੀਆਂ ਮੈਡੀਕਲ ਰੀਪੋਰਟਾਂ ਤਿਆਰ ਕਰਨ ਦੀ ਇਜਾਜ਼ਤ ਦਿਤੀ ਗਈ। 

ਵਿਸ਼ੇਸ਼ ਜਾਂਚ ਟੀਮ ਵਲੋਂ ਇਸ ਮਾਮਲੇ 'ਚ ਮੁਲਜ਼ਮ ਵਜੋਂ ਨਾਮਜ਼ਦ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਾਰੇ ਜ਼ਿਲ੍ਹਾ ਦੇ ਸੈਸ਼ਨ ਜੱਜ ਫ਼ਰੀਦਕੋਟ ਦੀ ਅਦਾਲਤ ਨੂੰ ਸੌਂਪੀ ਲਿਫ਼ਾਫ਼ਾ ਬੰਦ ਰੀਪੋਰਟ 'ਚ ਦਸਿਆ ਹੈ ਕਿ ਮੁੱਖ ਮੰਤਰੀ, ਡੀਜੀਪੀ ਅਤੇ ਪ੍ਰਸ਼ਾਸਨ 'ਚ ਬੈਠੇ ਹੋਰ ਉੱਚ ਤਾਕਤੀ ਲੋਕਾਂ ਵਾਂਗ ਉਸ ਵੇਲੇ ਬਾਦਲ ਸਰਕਾਰ ਦੇ ਹਲਕਾ ਇੰਚਾਰਜਾਂ ਦੀ ਵੀ ਪੂਰੀ ਚੜ੍ਹਾਈ ਸੀ, ਉਕਤ ਸਾਰੀਆਂ ਗੱਲਾਂ ਸਾਬਕਾ ਵਿਧਾਇਕ ਦਾ ਪੁਲਿਸੀਆ ਅਤਿਆਚਾਰ ਨਾਲ ਸਬੰਧ ਦਰਸਾਉਂਦੀਆਂ ਹਨ। 'ਸਿੱਟ' ਅਨੁਸਾਰ 14 ਅਕਤੂਬਰ 2015 ਨੂੰ ਤੜਕੇ 3:19 ਵਜੇ ਅਤੇ 3:22 ਵਜੇ ਡੀਜੀਪੀ ਨਾਲ ਫ਼ੋਨ 'ਤੇ ਕੀਤੀ ਗਈ ਗੱਲਬਾਤ ਤੋਂ ਇਹ ਸਿੱਧ ਹੁੰਦਾ ਹੈ ਕਿ ਮਨਤਾਰ ਬਰਾੜ ਦਾ ਫ਼ੈਸਲੇ ਲੈਣ 'ਚ ਪ੍ਰਸ਼ਾਸਨਿਕ ਮਸ਼ੀਨਰੀ 'ਚ ਕਾਫ਼ੀ ਪ੍ਰਭਾਵ ਸੀ।

ਅਦਾਲਤ ਨੂੰ ਸੌਂਪੀ ਰੀਪੋਰਟ 'ਚ ਐਸਆਈਟੀ ਨੇ 14 ਅਕਤੂਬਰ 2015 ਨੂੰ ਘਟਨਾ ਵਾਲੇ ਦਿਨ ਕੋਟਕਪੂਰਾ ਤੇ ਬਾਜਾਖ਼ਾਨਾ ਦੇ ਥਾਣਾ ਮੁਖੀਆਂ ਅਤੇ ਸਾਬਕਾ ਵਿਧਾਇਕ ਵਿਚਾਲੇ ਹੋਈਆਂ ਫ਼ੋਨ ਕਾਲਾਂ ਬਾਰੇ ਜਾਣਕਾਰੀ ਵੀ ਦਿਤੀ। ਮਿਤੀ 13 ਅਕਤੂਬਰ ਨੂੰ ਸ਼ਾਮ 5:00 ਵਜੇ ਤੋਂ ਲੈ ਕੇ ਅਗਲੇ ਦਿਨ 14 ਅਕਤੂਬਰ ਬਾਅਦ ਦੁਪਹਿਰ 1:00 ਵਜੇ ਤਕ ਮਨਤਾਰ ਬਰਾੜ ਦੇ ਫ਼ੋਨ ਤੋਂ ਕਲ 157 ਕਾਲਾਂ ਹੋਈਆਂ ਤੇ ਆਈਆਂ। ਇਸ ਤੋਂ ਪਤਾ ਲੱਗਦਾ ਹੈ ਕਿ ਮਨਤਾਰ ਬਰਾੜ ਥਾਣਾ ਮੁਖੀਆਂ ਤੋਂ ਲੈ ਕੇ ਡੀਜੀਪੀ ਅਤੇ ਮੁੱਖ ਮੰਤਰੀ ਤਕ ਕਈਆਂ ਦੇ ਸੰਪਰਕ 'ਚ ਸੀ। 

ਜ਼ਿਕਰਯੋਗ ਹੈ ਕਿ ਇਸ ਬਾਰੇ ਤਤਕਾਲੀਨ ਐਸਡੀਐਮ ਵੀ.ਕੇ. ਸਿਆਲ ਵਲੋਂ ਵੀ ਅਪਣੇ ਬਿਆਨਾਂ 'ਚ ਮਨਤਾਰ ਬਰਾੜ ਦੀ ਘਟਨਾ ਵਾਲੇ ਦਿਨ ਮੁੱਖ ਮੰਤਰੀ ਨਾਲ ਗੱਲ ਹੋਣ ਦਾ ਦਾਅਵਾ ਕੀਤਾ ਗਿਆ ਹੈ ਪਰ ਮਨਤਾਰ ਬਰਾੜ ਨੇ ਇਸ ਤੋਂ ਇਨਕਾਰ ਕੀਤਾ ਸੀ। ਸਮੇਂ ਸਮੇਂ 'ਰੋਜ਼ਾਨਾ ਸਪੋਕਸਮੈਨ' ਰਾਹੀਂ ਅਪਣਾ ਦੁੱਖ ਸਰਕਾਰ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਆਮ ਸੰਗਤਾਂ ਤਕ ਪਹੁੰਚਾਉਣ ਵਾਲੇ ਮੇਵਾ ਸਿੰਘ ਜਲਾਲ, ਕਰਮ ਸਿੰਘ ਕੋਟਲੀ ਅਬਲੂ, ਬੂਟਾ ਸਿੰਘ ਰੋੜੀਕਪੂਰਾ, ਆਤਮਾ ਸਿੰਘ ਆਕਲੀਆ ਜਲਾਲ, ਕੇਵਲ ਸਿੰਘ ਸੰਗਤਪੁਰਾ, ਹਰਜਿੰਦਰ ਸਿੰਘ ਗੁਰੂਸਰ, ਹਰਵਿੰਦਰ ਸਿੰਘ ਬਠਿੰਡਾ ਅਤੇ ਜਸਵੰਤ ਸਿੰਘ ਢਿੱਲਵਾਂ ਨੇ ਦਸਿਆ ਕਿ ਉਹ ਸਿਵਲ ਹਸਪਤਾਲ ਕੋਟਕਪੂਰਾ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫ਼ਰੀਦਕੋਟ ਦੇ ਡਾਕਟਰਾਂ ਵਲੋਂ ਕਿਸੇ ਦਬਾਅ ਕਾਰਨ ਇਲਾਜ ਨਾ ਕਰਨ ਬਾਰੇ ਕਈ ਵਾਰ ਦਸ ਚੁਕੇ ਹਨ।

ਉਨ੍ਹਾਂ ਦਸਿਆ ਕਿ ਕਈ ਪੀੜਤਾਂ ਨੂੰ ਦੂਰ-ਦੁਰਾਡੇ ਦੇ ਸ਼ਹਿਰਾਂ ਦੇ ਨਿਜੀ ਹਸਪਤਾਲਾਂ 'ਚੋਂ ਗੁਪਤ ਤੌਰ 'ਤੇ ਇਲਾਜ ਕਰਵਾਉਣ ਲਈ ਮਜਬੂਰ ਹੋਣਾ ਪਿਆ, ਕਿਉਂਕਿ ਅਕਸਰ ਉਹ ਦੂਰ ਦੁਰਾਡੇ ਸ਼ਹਿਰਾਂ 'ਚ ਜਿਥੇ ਵੀ ਸਰਕਾਰੀ ਹਸਪਤਾਲਾਂ 'ਚ ਇਲਾਜ ਕਰਾਉਣ ਲਈ ਜਾਂਦੇ ਸਨ, ਉਥੇ ਪੁਲਿਸ ਪਹਿਲਾਂ ਹੀ ਪਹੁੰਚ ਜਾਂਦੀ ਸੀ। ਐਸਆਈਟੀ ਅਨੁਸਾਰ ਕੋਟਕਪੂਰਾ ਗੋਲੀਕਾਂਡ ਦੇ ਮੁੱਖ ਗਵਾਹ ਅਜੀਤ ਸਿੰਘ ਦਾ 45 ਦਿਨ ਤਕ ਡੀਐਮਸੀ ਲੁਧਿਆਣਾ 'ਚ ਇਲਾਜ ਹੋਇਆ ਅਤੇ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਵਲੋਂ ਬਕਾਇਦਾ ਉਸ ਦੇ ਬਿਆਨ ਵੀ ਦਰਜ ਕੀਤੇ ਗਏ ਪਰ ਫਿਰ ਵੀ ਦਬਾਅ ਕਾਰਨ ਕਾਰਵਾਈ ਨਾ ਕੀਤੀ ਗਈ।