ਪੁਜਾਰੀਆਂ ਵਿਰੁਧ ਚੁੱਪ ਸਿੱਖ ਆਗੂ ਗੁੰਡਾ ਅਨਸਰ ਦੀ ਚੁੱਪ ਹਮਾਇਤ ਕਰਨ ਦੇ ਜ਼ਿੰਮੇਵਾਰ:ਡਾ.ਦਿਲਗੀਰ
ਤਰਨਤਾਰਨ,ਨਾਮਵਰ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਵਲੋਂ ਇੰਗਲੈਂਡ ਦੇ ਗੁਰਦੁਆਰੇ .....
ਤਰਨਤਾਰਨ,ਨਾਮਵਰ ਸਿੱਖ ਵਿਦਵਾਨ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਵਲੋਂ ਇੰਗਲੈਂਡ ਦੇ ਗੁਰਦੁਆਰੇ ਵਿਚ ਭਾਈ ਅਮਰੀਕ ਸਿੰਘ ਦੀ ਦਸਤਾਰ ਉਤਾਰਨਾ ਤੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਸਬੰਧੀ ਚੁੱਪ ਰਹਿਣਾ ਅਤੇ ਉਲਟਾ ਸਿੱਖ ਪ੍ਰਚਾਰਕਾਂ ਨੂੰ ਇਹ ਕਹਿਣਾ ਕਿ ਉਹ “ਸੰਗਤਾਂ ਵਿਚ (ਅਖੌਤੀ) ਦੁਬਿਧਾ ਪੈਦਾ ਕਰਨ ਵਾਲਾ ਪ੍ਰਚਾਰ ਨਾ ਕਰਨ ਅਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਸੰਗਤ ਦਾ ਵਿਰੋਧ ਝੱਲਣ ਦਾ ਆਪ ਜ਼ਿੰਮੇਵਾਰ ਹੋਵੇਗਾ” ਸਾਬਤ ਕਰਦਾ ਹੈ ਕਿ ਉਹ ਬੁਰਛਾਗਰਦੀ ਦੀਆਂ ਇਨ੍ਹਾਂ ਹਰਕਤਾਂ ਨੂੰ ਜਾਇਜ਼ ਠਹਿਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਪਹਿਲਾਂ ਹੀ ਕੋਈ ਭੁਲੇਖਾ ਨਹੀਂ ਸੀ ਕਿ ਇਹ ਪੁਜਾਰੀ ਡੇਰੇਦਾਰ ਦੇ ਦਲਾਲ ਹਨ। ਅਸੀਂ ਸਦਾ ਕਹਿੰਦੇ ਰਹੇ ਹਾਂ ਕਿ ਸਿੱਖੀ ਵਿਚ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਦਾ ਕੋਈ ਅਹੁਦਾ ਨਹੀਂ ਹੈ।
ਪਰ ਹੁਣ ਤਾਂ ਬਾਦਲ ਵਿਰੋਧੀ ਸਿੱਖ ਆਗੂਆਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਹ ਜਿਹੜੀ ਢਿੱਲੜ ਪਾਲਸੀ ਇਨ੍ਹਾਂ ਪੁਜਾਰੀਆਂ ਬਾਰੇ ਹੁਣ ਤਕ ਵਰਤ ਰਹੇ ਹਨ, ਉਹ ਕੌਮ ਵਾਸਤੇ ਨੁਕਸਾਨ ਦੇਹ ਹੈ। ਉਨ੍ਹਾਂ ਨੇ ਸਿੱਖ ਆਗੂਆਂ ਅਤੇ ਜਥੇਬੰਦੀਆਂ, ਖ਼ਾਸ ਕਰ ਕੇ ਪਰਮਜੀਤ ਸਿੰਘ ਸਰਨਾ, ਸਿਮਰਨਜੀਤ ਸਿੰਘ ਮਾਨ, ਰਵੀਇੰਦਰ ਸਿੰਘ, ਜਗਦੀਸ਼ ਸਿੰਘ ਝੀਂਡਾ, ਮਿਸ਼ਨਰੀ ਕਾਲਜਾਂ, ਚੀਫ਼ ਖ਼ਾਲਸਾ ਦੀਵਾਨ, ਅਕਾਲੀ ਜਥਿਆਂ, ਦਲ ਖ਼ਾਲਸਾ ਨੂੰ ਚਿਤਾਵਨੀ ਦੇਂਦਿਆਂ ਕਿਹਾ ਹੈ ਕਿ ਉਹ ਟਕਸਾਲ ਦੇ ਨਾਂ 'ਤੇ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਬੁਰਛਾਗਰਦੀ ਵਿਰੁਧ ਡੱਟ ਕੇ ਖੜੇ ਹੋਣ ਵਰਨਾ ਪੰਥ ਉਨ੍ਹਾਂ ਨੂੰ ਵੀ ਮਾਫ਼ ਨਹੀਂ ਕਰੇਗਾ। ਤਵਾਰੀਖ਼ ਉਨ੍ਹਾਂ ਨੂੰ ਗੁੰਡਾ ਅਨਸਰ ਦੀ ਚੁੱਪ ਹਮਾਇਤ ਕਰਨ ਦੀ ਜ਼ਿੰਮੇਵਾਰ ਠਹਿਰਾਏਗੀ।