ਸਿੱਖ ਇਤਿਹਾਸ ਨੂੰ ਖ਼ਤਮ ਕਰਨ ਦੀਆਂ ਸਾਜ਼ਸ਼ਾਂ ਰਚਦੀਆਂ ਆ ਰਹੀਆਂ ਸਿੱਖ ਵਿਰੋਧੀ ਜਮਾਤਾਂ: ਭਾਈ ਚੱਕ,ਖ਼ਾਲਸਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਾਕਿ ਅਤੇ ਕੈਨੇਡਾ ਸਿੱਖ ਇਤਿਹਾਸ ਤੇ ਜਪੁਜੀ ਸਾਹਿਬ ਨੂੰ ਸਿਲੇਬਸ ਵਿਚ ਸ਼ਾਮਲ ਕਰ ਰਹੇ ਹਨ ਤੇ ਇਥੇ ਬਾਹਰ ਕੱਢੇ ਜਾ ਰਹੇ ਹਨ

Bhai Chak, khalsa

ਮਲੇਰਕੋਟਲਾ,  ਕੌਮਾਂ ਹਮੇਸ਼ਾ ਹੀ ਅਪਣੇ ਇਤਿਹਾਸ ਦੇ ਸਿਰ 'ਤੇ ਜਿਊਂਦੀਆਂ ਹਨ ਅਤੇ ਇਤਿਹਾਸ ਤੋਂ ਹੀ ਕੌਮ ਦੀ ਅਣਖ਼ ਦਾ ਅੰਦਾਜ਼ਾ ਲਾਇਆ ਜਾਂਦਾ ਹੈ ਜਿਸ ਕਰ ਕੇ ਸਿੱਖ ਵਿਰੋਧੀ ਜਮਾਤਾਂ ਸਿੱਖਾਂ ਦੇ ਇਤਿਹਾਸ ਨੂੰ ਲੰਮੇ ਸਮੇਂ ਤੋਂ ਖ਼ਤਮ ਕਰਨ ਦੀਆਂ ਡੂੰਘੀਆਂ ਸਾਜ਼ਸ਼ਾਂ ਰਚ ਰਹੀਆਂ ਹਨ ਜਿਸ ਤਹਿਤ 11ਵੀਂ ਅਤੇ 12ਵੀਂ ਦੀਆਂ ਕਿਤਾਬਾਂ ਵਿਚੋਂ ਸਿੱਖ ਇਤਿਹਾਸ ਨੂੰ ਸਾਜ਼ਸ਼ ਤਹਿਤ ਦੂਰ ਰੱਖਿਆ ਗਿਆ ਸੀ ਤਾਕਿ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਜਾਣਕਾਰੀ ਨਾ ਮਿਲ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਦੁਬਈ ਯੂਨਿਟ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਅਤੇ ਭਾਈ ਪਰਮਜੀਤ ਸਿੰਘ ਖ਼ਾਲਸਾ ਨੇ ਕੀਤਾ।
ਉਨ੍ਹਾਂ ਦੁੱਖ ਜ਼ਾਹਰ ਕੀਤਾ ਕਿ ਸਾਡੀ ਕੌਮ ਦੇ ਪ੍ਰਚਾਰਕ ਜਿਨ੍ਹਾਂ ਨੇ ਕੌਮ ਨੂੰ ਇਤਿਹਾਸ ਤੋਂ ਜਾਣੂ ਕਰਵਾਉਣਾ ਹੁੰਦਾ ਹੈ ਉਨ੍ਹਾਂ ਨੇ ਬਿਨਾਂ ਸੋਚੇ ਸਮਝੇ ਇਤਿਹਾਸ ਨੂੰ ਹੀ ਝੂਠਲਾਉਣਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 100 ਵਿਚੋਂ 90 ਪ੍ਰਚਾਰਕਾਂ ਨੂੰ ਖ਼ੁਦ ਇਤਿਹਾਸ ਬਾਰੇ ਨਹੀਂ ਪਤਾ ਉਹ ਕੌਮ ਨੂੰ ਕੀ ਸੇਧ ਦੇਣਗੇ? ਉਨ੍ਹਾਂ ਪ੍ਰਚਾਰਕਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਤੁਸੀਂ ਕੌਮ ਦਾ ਪਿਛਲੇ 35 ਸਾਲ ਵਾਲਾ ਇਤਿਹਾਸ ਕਿਉਂ ਨਹੀਂ ਸੁਣਾਉਂਦੇ?

ਕੀ ਤੁਹਾਨੂੰ ਸਰਕਾਰਾਂ ਤੋਂ ਡਰ ਲਗਦਾ ਹੈ ਜੇ ਡਰ ਲਗਦਾ ਹੈ ਤਾਂ ਤੁਹਾਨੂੰ ਪਿਛਲੇ ਇਤਿਹਾਸ ਨੂੰ ਖ਼ਰਾਬ ਕਰਨ ਦਾ ਹੱਕ ਕਿਸ ਨੇ ਦਿਤਾ। ਇਤਿਹਾਸਕਾਰ ਹਰ ਤਰੀਕ ਦੀਆਂ ਗਤੀਵਿਧੀਆਂ ਨੂੰ ਨੋਟ ਕਰ ਕੇ ਇਤਿਹਾਸ ਲਿਖਦੇ ਹੁੰਦੇ ਹਨ ਇਸ ਵਿਚ ਕੋਈ ਮਿਲਾਵਟ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕੈਨੇਡਾ ਅਤੇ ਪਾਕਿਸਤਾਨ ਵਰਗੇ ਦੇਸ਼ ਕਿਤਾਬਾਂ ਵਿਚ ਸਿੱਖਾਂ ਦਾ ਇਤਿਹਾਸ ਅਤੇ ਜੁਪਜੀ ਸਾਹਿਬ ਸ਼ਾਮਲ ਕਰ ਰਹੇ ਹਨ ਪਰ ਭਾਰਤ ਵਾਲੇ  ਖ਼ਤਮ ਕਰ ਰਹੇ ਹਨ ਜੋ ਇਕ ਵੱਡੀ ਸਾਜ਼ਸ਼ ਹੈ ਜਿਸ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ।ਇਸ ਸਮੇਂ ਉਨ੍ਹਾਂ ਨਾਲ ਭਾਈ ਰਸ਼ਪਾਲ ਸਿੰਘ ਮਾਨ (ਜਲੰਧਰ), ਭਾਈ ਹਰਦੀਪ ਸਿੰਘ ਸੰਘਾ (ਹੁਸ਼ਿਆਰਪੁਰ), ਭਾਈ ਪਰਮਜੀਤ ਸਿੰਘ ਖ਼ਾਲਸਾ (ਸ੍ਰੀ ਅਨੰਦਪੁਰ ਸਾਹਿਬ), ਭਾਈ ਹਰਮਿੰਦਰ ਸਿੰਘ ਉਸਮਾਨਪੁਰ (ਨਵਾਂਸ਼ਹਿਰ), ਭਾਈ ਗੁਰਬਖ਼ਸੀਸ਼ ਸਿੰਘ ਬਿੱਟੂ ਸੰਘੇੜਾ ਆਦਿ ਹਾਜ਼ਰ ਸਨ।