ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ।।

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਦੋਂ ਮਨੁੱਖ ਨੂੰ ਇਕ ਦੀ ਸਮਝ ਆ ਗਈ ਤਾਂ ਸਮਝੋ ਉਹ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੀਵਨ ਦਾ ਸੱਚਾ ਮਨੋਰਥ ਸਮਝ ਜਾਂਦਾ ਹੈ।

Darbar Sahib

ਦੁਨੀਆਂ ਦੇ ਬੁੱਧੀਜੀਵੀ, ਵਿਗਿਆਨੀ ਅਤੇ ਵਿਦਵਾਨ ਸਿੱਖ ਧਰਮ ਦੇ ਗੁਰੂਆਂ ਅਤੇ ਗੁਰੂਆਂ ਵਲੋਂ ਲਿਖੇ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਸਿਰ ਝੁਕਾ ਕੇ ਪੜ੍ਹਦੇ ਹਨ। ਗ਼ੌਰ ਨਾਲ ਪੜ੍ਹਨ ਤੋਂ ਬਾਅਦ ਹਰ ਕੋਈ ਅਪਣੇ ਜੀਵਨ ਨੂੰ ਉਸ ਇਕੋ ਸੱਚ ਨਾਲ ਜੋੜਨਾ ਚਾਹੁੰਦਾ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਬਹੁਤ ਹੀ ਕ੍ਰਾਂਤੀਕਾਰੀ ਵਿਗਿਆਨੀ ਸਮਝਦਾ ਹੈ। ਜਿਸ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਕੇ, ਵਿਚਾਰ ਕੇ ਸ਼ਬਦਾਂ ਦੇ ਜੋੜ ਨੂੰ ਧਿਆਨ ਨਾਲ ਵੇਖ ਕੇ ਵਿਚਾਰਿਆ, ਉਸ ਨੂੰ ਸਮਝਣ ਵਿਚ ਕੋਈ ਦੇਰੀ ਨਹੀਂ ਲਗਦੀ ਕਿ 'ਏਕੋ ਹੈ ਭਾਈ ਏਕੋ ਹੈ।। ਸਾਹਿਬ ਮੇਰਾ ਏਕੋ ਹੈ।'

ਜਦੋਂ ਮਨੁੱਖ ਨੂੰ ਇਕ ਦੀ ਸਮਝ ਆ ਗਈ ਤਾਂ ਸਮਝੋ ਉਹ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੀਵਨ ਦਾ ਸੱਚਾ ਮਨੋਰਥ ਸਮਝ ਜਾਂਦਾ ਹੈ। ਬਾਬਾ ਨਾਨਕ ਜੀ ਨੇ ਕਿਹਾ 'ਏਕੋ ਸਿਮਰੀਏ ਨਾਨਕਾ ਜੋ ਜਲਥਲ ਰਿਹਾ ਸਮਾਏ।। ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ।।' ਦੁਨੀਆਂ ਦੇ ਲੋਕਾਂ ਨੂੰ ਅਨੇਕਾਂ ਕਿਸਮ ਦੀਆਂ ਪੂਜਾ ਕਰਮ ਕਾਂਡਾਂ ਤੋਂ ਬਚਾਇਆ। ਰੱਬ ਦੇ ਨਾਂ ਤੇ ਲੁੱਟਣ ਵਾਲੇ ਚਲਾਕ ਲੋਕਾਂ ਦਾ ਸੱਚ ਮਨੁੱਖਤਾ ਦੇ ਸਾਹਮਣੇ ਰਖਿਆ।

ਉਨ੍ਹਾਂ ਧਰਮ ਦੇ ਨਾਂ ਤੇ ਧਾਰਮਕ ਕਰਮਕਾਂਡ ਕਰਨ ਵਾਲੇ ਧਰਮ ਦੇ ਠੇਕੇਦਾਰਾਂ ਨੂੰ ਵੀ ਮਨੁੱਖ ਹੋ ਕੇ ਮਨੁੱਖਾਂ ਵਾਲੇ ਕੰਮ ਕਰਨ ਅਤੇ ਮਨੁੱਖਤਾ ਦੀ ਸੇਵਾ ਭਾਵ ਲੋੜਵੰਦ ਦੀ ਲੋੜ ਪੂਰੀ ਕਰਨ ਲਈ ਲੋਕਾਂ ਨੂੰ ਲਾਮਬੰਦ ਕੀਤਾ, ਜੋ ਦਸਵੰਧ ਦੇ ਰੂਪ ਵਿਚ ਅੱਜ ਵੀ ਕਾਇਮ ਹੈ। ਬਾਬਾ ਨਾਨਕ ਜੀ ਨੇ ਦਸਿਆ ਕਿ ਦੁੱਖ ਅਤੇ ਸੁੱਖ ਜੀਵਨ ਦੇ ਦੋ ਪਹਿਲੂ ਹਨ। ਇਨ੍ਹਾਂ ਨਾਲ ਤਾਂ ਜ਼ਿੰਦਗੀ ਚਲਦੀ ਹੈ। ਉਨ੍ਹਾਂ ਕਿਸੇ ਨੂੰ ਝੂਠਾ ਦਿਲਾਸਾ ਨਹੀਂ ਦਿਤਾ, ਸੱਚ ਨੂੰ ਸੱਚ ਹੀ ਕਿਹਾ।

ਪਰ ਅਫ਼ਸੋਸ ਅੱਜ ਬਾਬਾ ਨਾਨਕ ਦੇ ਪੁੱਤਰ ਕਹਾਉਣ ਵਾਲੇ ਹੀ ਆਪਸ ਵਿਚ ਰੱਬ ਦੇ ਨਾਂ ਤੇ ਹੀ ਲੜ ਰਹੇ ਹਨ। ਧੜਿਆਂ ਵਿਚ ਵੰਡੇ ਗਏ ਹਨ ਬਾਬਾ ਨਾਨਕ ਦੇ ਪੁੱਤਰ। ਹਰ ਕੋਈ ਅਪਣੇ ਧੜੇ ਨੂੰ ਸੱਚਾ ਅਤੇ ਰੱਬ ਦੇ ਨੇੜੇ ਦੱਸ ਰਿਹਾ ਹੈ। ਹਰ ਧੜਾ ਅਪਣੇ ਮੂੰਹ ਵਿਚੋਂ ਨਿਕਲੇ ਹੋਏ ਸ਼ਬਦਾਂ ਨੂੰ ਸੱਚ ਅਤੇ ਇਲਾਹੀ ਹੁਕਮ ਕਹਿ ਕੇ ਅਪਣੇ ਦੂਜੇ ਭਰਾਵਾਂ ਉਤੇ ਥੋਪ ਰਿਹਾ ਹੈ। ਨਵਾਂ ਸੋਚਣ ਵਾਲਿਆਂ ਨੂੰ, ਜੋ ਵਿਗਿਆਨਕ ਤਰੀਕੇ ਨਾਲ ਬਾਬੇ ਦੀ ਗੱਲ ਦਸਦੇ ਹਨ, ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।

ਅਪਣੇ ਵਿਦਵਾਨ ਭਰਾਵਾਂ ਦੀਆਂ ਪੱਗਾਂ ਰੋਲੀਆਂ ਜਾ ਰਹੀਆਂ ਹਨ। ਗੁਰੂ ਘਰਾਂ ਵਿਚ ਫਿਰ ਉਹੀ ਕਰਮਕਾਂਡ ਹੋ ਰਹੇ ਹਨ। ਥਾਲਾਂ ਵਿਚ ਦੀਵੇ ਜਗਾ ਕੇ ਆਰਤੀਆਂ ਹੋ ਰਹੀਆਂ ਹਨ। ਬੱਕਰੇ ਝਟਕੇ ਜਾਂਦੇ ਹਨ। ਦਸਵੰਧ ਜਾਂ ਗੋਲਕ ਦੇ ਪੈਸੇ ਨੂੰ ਅਪਣੀ ਐਸ਼ਪ੍ਰਸਤੀ ਲਈ ਵਰਤਿਆ ਜਾ ਰਿਹਾ ਹੈ। ਗ਼ਰੀਬ ਸਿੱਖ ਬਾਹਰ ਹੱਥ ਅੱਡੀ ਖੜਾ ਹੈ, ਇਸ ਆਸ ਨਾਲ ਕਿ ਗੁਰੂ ਦੀ ਗੋਲਕ ਗ਼ਰੀਬ ਦੇ ਮੂੰਹ ਵਿਚ ਕਦੋਂ ਪਵੇਗੀ? ਕਦੋਂ ਤੇਰੀ ਲੋੜ ਬਾਬਾ ਨਾਨਕ ਦੇ ਇਹ ਬੱਚੇ ਮੇਰੇ ਵੀਰ ਕਦੋਂ ਪੂਰੀ ਕਰਨਗੇ?

ਕਦੋਂ ਇਹ ਵੀਰ ਧੜੇਬੰਦੀ ਤੋਂ ਆਜ਼ਾਦ ਹੋ ਕੇ ਅਪਣੇ ਆਪ ਨੂੰ ਅਪਣੇ ਭਰਾਵਾਂ ਨਾਲ ਬਰਾਬਰ ਬੈਠਣਗੇ? ਕਦੋਂ ਯਾਦ ਕਰਨਗੇ ਬਾਬਾ ਨਾਨਕ ਜੀ ਦੇ ਇਨ੍ਹਾਂ ਬਚਨਾਂ ਨੂੰ 'ਨੀਚਾ ਅੰਦਰ ਨੀਚ ਜਾਤ ਨੀਚੀ ਹੂ ਅਤਿ ਨੀਚ। ਨਾਨਕ ਤਿਨ ਕੇ ਸੰਗ ਸਾਥ ਵਡਿਆ ਸਿਉ ਕਿਆ ਰੀਸ।'  ਕਦੋਂ ਅਸੀਂ ਬਾਬਾ ਨਾਨਕ ਦੇ ਇਨ੍ਹਾਂ ਬੋਲਾਂ ਨੂੰ ਸਮਝਾਂਗੇ? ਅੱਜ ਬਾਬਾ ਨਾਨਕ ਅਪਣੇ ਪੁੱਤਰਾਂ ਨੂੰ ਵੇਖ ਕੇ ਬਹੁਤ ਦੁਖੀ ਅਤੇ ਹੈਰਾਨ ਹੁੰਦੇ ਹੋਣਗੇ।

ਸੋਚਦੇ ਹੋਣਗੇ ਕਿ ਜਿਨ੍ਹਾਂ ਪੁੱਤਰਾਂ ਨੂੰ ਮੈਂ ਆਜ਼ਾਦ ਸੋਚ ਦੇ ਮਾਲਕ ਬਣਾਇਆ ਸੀ, ਅੱਜ ਉਹ ਫਿਰ ਤੋਂ ਮਨੂੰਵਾਦੀ ਸੋਚ ਦੇ ਗ਼ੁਲਾਮ ਹੋ ਕੇ ਰਹਿ ਗਏ ਹਨ। ਕਰਮਕਾਂਡਾਂ, ਊਚ-ਨੀਚ, ਜਾਤ-ਪਾਤਾਂ ਵਿਚ ਫਿਰ ਤੋਂ ਉਲਝ ਕੇ ਰਹਿ ਗਏ ਹਾਂ। ਐ ਗੁਰੂ ਨਾਨਕ ਦੇ ਪੁੱਤਰੋ ਮੇਰੇ ਵੀਰੋ ਆਉ ਰਲ ਕੇ ਬੈਠੀਏ। ਸਾਰੇ ਅਪਣੇ ਅਪਣੇ ਵੱਡੇ ਛੋਟੇ ਹੋਣ ਦੇ ਧੜੇ ਛਡੀਏ। ਇਕੋ ਧੜਾ ਬਣਾਈਏ ਜਿਸ ਦੇ ਆਗੂ ਹੋਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਬਾਬਾ ਨਾਨਕ ਜੀ।

ਸੋ ਆਉ ਵੀਰੋ ਚੰਗੇ ਪੁੱਤਰ ਹੋਣ ਦਾ ਸਬੂਤ ਦੇਈਏ। ਵੀਰੋ ਜੇ ਸਾਡੇ ਪ੍ਰਵਾਰ ਵਿਚ ਵੀ ਧੜੋਬੰਦੀ ਬਣ ਜਾਵੇ ਤਾਂ ਸਾਨੂੰ ਬਹੁਤ ਦੁਖ ਲਗਦਾ ਹੈ ਕਿਉਂਕਿ ਧੜੇਬੰਦੀ ਵਿਚ ਹਮੇਸ਼ਾ ਲੜਾਈਆਂ ਹੀ ਹੁੰਦੀਆਂ ਹਨ। ਇਸ ਕਰ ਕੇ ਵੀਰੋ ਇਕੋ ਇਕ ਰਸਤਾ ਹੈ ਧੜੇਬੰਦੀ ਖ਼ਤਮ ਕਰ ਕੇ ਇਕ ਆਗੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਉ ਅਤੇ ਭਰਾਵਾਂ ਵਾਲਾ ਪਿਆਰ ਬਰਕਰਾਰ ਰੱਖੋ। ਤਾਂ ਹੀ ਅਸੀ ਅਪਣੇ ਬੱਚਿਆਂ ਨੂੰ ਕਹਾਂਗੇ 'ਏਕੋ ਹੈ ਭਾਈ ਏਕੋ ਹੈ।। ਸਾਹਿਬ ਮੇਰਾ ਏਕੋ ਹੈ।'

ਸ. ਸੁਰਿੰਦਰ ਸਿੰਘ ਲੁਧਿਆਣਾ, 98880-34018