ਦਸਤਾਰ ਦੀ ਬੇਅਦਬੀ ਲਈ ਬਾਦਲ ਸਿੱਖਾਂ ਤੋਂ ਮੰਗੇ ਮਾਫ਼ੀ: ਜਥੇ.ਜ਼ੀਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਕਾਲੀ ਭਾਜਪਾ ਵਲੋਂ ਅਪਣੀ ਹੋਂਦ ਬਚਾਉਣ ਲਈ ਮਲੋਟ ਵਿਖੇ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਪੰਜਾਬ ਦੇ ਲੋਕਾਂ ਨੂੰ ਅਕਾਲੀ-ਭਾਜਪਾ ਨਾਲ ਜੋੜਨ ਦੀ...

Jathedar Inderjit Singh Zira

ਜ਼ੀਰਾ, ਅਕਾਲੀ ਭਾਜਪਾ ਵਲੋਂ ਅਪਣੀ ਹੋਂਦ ਬਚਾਉਣ ਲਈ ਮਲੋਟ ਵਿਖੇ ਕੀਤੀ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਪੰਜਾਬ ਦੇ ਲੋਕਾਂ ਨੂੰ ਅਕਾਲੀ-ਭਾਜਪਾ ਨਾਲ ਜੋੜਨ ਦੀ ਬਜਾਏ ਤੋੜਨ ਦਾ ਕੰਮ ਕਰ ਗਈ ਹੈ, ਕਿਉਂਕਿ ਮਲੋਟ ਰੈਲੀ ਵਿਚ ਜਿੱਥੇ ਦਸਤਾਰ ਦੀ ਬੇਅਦਬੀ ਹੋਈ ਹੈ, ਉੱਥੇ ਗੁਰੂ ਘਰ ਦੇ ਲੰਗਰ ਦੀ ਵੀ ਬੇਅਦਬੀ ਹੋਈ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕਾਂਗਰਸ ਕਿਸਾਨ ਖ਼ੇਤ-ਮਜ਼ਦੂਰ ਸੈੱਲ ਪੰਜਾਬ ਦੇ ਚੇਅਰਮੈਨ ਅਤੇ ਮੁੱਖ ਬੁਲਾਰਾ ਕਾਂਗਰਸ ਜਥੇ. ਇੰਦਰਜੀਤ ਸਿੰਘ ਜ਼ੀਰਾ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਮਲੋਟ ਰੈਲੀ ਵਿਚ ਸਾਬਕਾ ਮੁੱਖ਼ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਸ੍ਰੀ ਮੋਦੀ ਨੂੰ ਭੇਂਟ ਕੀਤੀ ਗਈ ਪੱਗ ਜਿਸ ਨੂੰ ਮੋਦੀ ਜੀ ਵਲੋਂ ਸਟੇਜ 'ਤੇ ਹੀ ਛੇਤੀ-ਛੇਤੀ ਹੀ ਉਤਾਰ ਦਿਤਾ ਗਿਆ, ਜਿਸ ਨਾਲ ਸਿੱਖ਼ ਕੌਮ ਦੀ ਸ਼ਾਨ ਸਮਝੀ ਜਾਂਦੀ ਦਸਤਾਰ ਦੀ ਬੇਅਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਜਿਹੜਾ ਇਨਸਾਨ ਪੱਗ ਨੂੰ ਪਸੰਦ ਨਹੀਂ ਕਰਦਾ ਉਸ ਨੂੰ  ਪੱਗ ਦੇਣ ਦੀ ਕੋਈ ਲੋੜ ਨਹੀਂ ਸੀ,

ਜਿਸ ਲਈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਸਮੁੱਚੀ ਸਿੱਖ਼ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਹਰੀਸ਼ ਜੈਨ ਗੋਗਾ ਪ੍ਰਧਾਨ ਟਰੱਕ ਯੂਨੀਅਨ, ਰਾਜੇਸ਼ ਢੰਡ ਵਾਈਸ ਪ੍ਰਧਾਨ ਨਗਰ ਕੌਸਲ, ਗੁਰਭਗਤ ਸਿੰਘ ਗਿੱਲ, ਬਲਵਿੰਦਰ ਸਿੰਘ ਬੁੱਟਰ, ਡਾ. ਰਸ਼ਪਾਲ ਸਿੰਘ ਬਲਾਕ ਪ੍ਰਧਾਨ ਕਾਂਗਰਸ, ਜਨਕ ਰਾਜ ਸ਼ਰਮਾ ਬਲਾਕ ਪ੍ਰਧਾਨ ਕਿਸਾਨ ਸੈੱਲ ਜ਼ੀਰਾ ਆਦਿ ਹਾਜ਼ਰ ਸਨ।