ਜੰਮੂ-ਕਸ਼ਮੀਰ ’ਚ ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਲੈ ਕੇ ਚਲ ਰਹੇ ਵਿਵਾਦ ਦਾ ਹੋਇਆ ਅੰਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਤਰਲੋਚਨ ਸਿੰਘ ਵਜ਼ੀਰ ਦੇ ਧੜੇ ਨੇ ਮਾਰੀ ਬਾਜ਼ੀ, ਅਗਲੇ ਤਿੰਨ ਮਹੀਨਿਆਂ ਲਈ ਗੁਰਦਵਾਰਾ ਪ੍ਰਬੰਧਕ ਕਮੇਟੀ ਹੋਈ ਕਾਬਜ਼

Tarlochan Singh Wazir

ਜੰਮੂ (ਸਰਬਜੀਤ ਸਿੰਘ): ਪਿਛਲੇ ਕੁੱਝ ਦਿਨਾਂ ਤੋਂ ਜੰਮੂ-ਕਸ਼ਮੀਰ ਵਿਚ ਜ਼ਿਲ੍ਹਾ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੂੰ ਲੈ ਕੇ ਚਲ ਰਹੇ ਵਿਵਾਦ ਦਾ ਉਸ ਸਮੇਂ ਅੰਤ ਹੋ ਗਿਆ ਜਦੋਂ ਜੰਮੂ-ਕਸ਼ਮੀਰ ਗੁਰਦਵਾਰਾ ਪ੍ਰਬੰਧਕ ਬੋਰਡ ਦੇ ਚੇਅਰਮੈਨ ਤਰਲੋਚਨ ਸਿੰਘ ਵਜ਼ੀਰ ਦਾ ਧੜਾ ਬਾਜ਼ੀ ਮਾਰਦੇ ਹੋਏ, ਅਗਲੇ ਤਿੰਨ ਮਹੀਨਿਆਂ ਲਈ ਗੁਰਦਵਾਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਹੋਣ ਵਿਚ ਸਫ਼ਲ ਹੋ ਗਿਆ। 

ਵਜ਼ੀਰ ਧੜੇ ਦੀ ਸਫ਼ਲਤਾ ਪਿਛੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਕਮੇਟੀ ਦਾ ਮੁੱਖ ਰੋਲ ਰਿਹਾ। ਜਿਨ੍ਹਾਂ ਨੇ ਵੱਖ-ਵੱਖ ਮੱਧਮ ਰਾਹੀਂ ਕੇਂਦਰ ਸਰਕਾਰ ਨੂੰ ਇਸ ਮੁੱਦੇ ਤੋਂ ਜਾਣੂ ਕਰਵਾਇਆ ਅਤੇ ਅੰਤ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਰਮਿਅਨ ਹੋਈ ਗੱਲਬਾਤ ਤੋਂ ਬਾਅਦ ਜੰਮੂ ਕਸ਼ਮੀਰ ਦੀਆਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਗੁਰਦਵਾਰਾ ਪ੍ਰਬੰਧਕ ਬੋਰਡ ਨੂੰ ਤਿੰਨ ਮਹੀਨਿਆਂ ਦਾ ਹੋਰ ਸਮਾਂ ਦੇਂਦੇ ਹੋਏ ਮਸਲੇ ਦਾ ਹੱਲ ਕਢਿਆ ਗਿਆ। 

ਅੱਜ ਜੰਮੂ ਵਿਖੇ ਇਕ ਸਾਂਝੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਜੰਮੂ-ਕਸ਼ਮੀਰ ਗੁਰਦੁਆਰਾ ਪ੍ਰਬੰਧਕ ਬੋਰਡ ਦੇ ਚੇਅਰਮੈਨ ਤਰਲੋਚਨ ਸਿੰਘ ਵਜ਼ੀਰ ਨੇ ਕਿਹਾ ਕਿ ਜਿਸ ਤਰ੍ਹਾਂ ਜੰਮੂ ਕਸ਼ਮੀਰ ਵਿਚ ਗੁਰਦਵਾਰਾ ਚੋਣਾਂ ਦਾ ਮਾਮਲਾ ਹੱਲ ਹੋਇਆ ਹੈ ਉਸ ਲਈ ਜਥੇਦਾਰ ਅਕਾਲ ਤਖ਼ਤ, ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਸੁਖਬੀਰ ਸਿੰਘ ਬਾਦਲ, ਗੋਬਿੰਦ ਸਿੰਘ  ਲੌਂਗੋਵਾਲ, ਮਨਜਿੰਦਰ ਸਿੰਘ ਸਿਰਸਾ ਦਾ ਤਹਿ ਦਿਲੋਂ ਧਨਵਾਦ ਕਰਦੇ ਹਾਂ।

ਵਜ਼ੀਰ ਨੇ ਦਸਿਆ ਕਿ ਜੰਮੂ ਸੰਭਾਗ ਦੀਆਂ 10 ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਕਸ਼ਮੀਰ ਸੰਭਾਗ ਦੀਆਂ 10 ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਸਮਾਂ ਪੂਰਾ ਹੋ ਗਿਆ ਸੀ ਅਤੇ ਸਾਡੀ ਸਰਕਾਰ ਕੋਲ ਮੰਗ ਸੀ ਕਿ ਜ਼ਿਲ੍ਹਾ ਗੁਰਦਵਾਰਾ ਕਮੇਟੀਆਂ ਲੋਕਾਂ ਵਲੋਂ ਲੋਕਤਾਂਤਰਿਕ ਢੰਗ ਨਾਲ ਚੁਣੀਆਂ ਗਈਆਂ ਹਨ ਪਰ ਹੁਣ ਕੋਰੋਨਾ ਮਹਾਂਮਾਰੀ ਦੇ ਚਲਦੇ ਚੋਣਾਂ ਨਹÄ ਹੋ ਸਕਦੀਆਂ ਲਿਹਾਜਾ ਪੁਰਾਣੀ ਕਮੇਟੀਆਂ ਨੂੰ ਹੀ ਬਹਾਲ ਰਖਿਆ ਜਾਵੇ ਜਿਸ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਇਕ ਬਿਆਨ ਜਾਰੀ ਕਰ ਕੇ ਸਰਕਾਰ ਨੂੰ ਕਿਹਾ ਸੀ ਕਿ ਗੁਰਦੁਆਰਾ ਕਮੇਟੀਆਂ ਵਿਚ ਸਰਕਾਰ ਦਖ਼ਲਅੰਦਾਜ਼ੀ ਨਾ ਕਰੇ।

ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਇਸ ਮਸਲੇ ਨੂੰ ਚੁਕਿਆ  ਸੀ ਅਤੇ  ਬਾਅਦ ’ਚ ਸੁਖਬੀਰ ਸਿੰਘ ਬਾਦਲ ਨੇ ਅਮਿਤ ਸ਼ਾਹ ਨੂੰ ਇਸ ਸਾਰੇ ਘਟਨਾ ਚੱਕਰ ਬਾਰੇ ਜਾਣਕਾਰੀ ਦਿਤੀ ਤੇ ਅਮਿਤ ਸ਼ਾਹ ਨੇ ਇਸ ਗੱਲ ’ਤੇ ਯਕੀਨ ਦਿਵਾਇਆ ਕਿ ਮੌਜੂਦਾ ਕਮੇਟੀਆਂ ਤਿੰਨ ਮਹੀਨਿਆਂ ਲਈ ਕੰਮ ਕਰਦੀਆਂ ਰਹਿਣਗੀਆਂ ਅਤੇ ਇਸ ਦੌਰਾਨ ਗੁਰਦੁਆਰਾ ਕਮੇਟੀਆਂ ਦੀਆਂ ਚੋਣਾਂ ਵੀ ਕਰਵਾ ਦਿਤੀਆ ਜਾਣਗੀਆਂ। 

ਅੰਤ ਵਿਚ ਸ: ਤਰਲੋਚਨ ਸਿੰਘ ਵਜ਼ੀਰ ਨੇ ਜੰਮੂ ਕਸ਼ਮੀਰ ਦੇ ਸਮੁੱਚੇ ਸਿੱਖ ਭਾਈਚਾਰੇ ਅਤੇ ਸਿੱਖ ਸੰਗਠਨਾਂ ਦਾ ਇਸ ਮਹਾਂਮਾਰੀ ਦੌਰਾਨ ਨਿਰੰਤਰ ਸਮਰਥਨ ਅਤੇ ਸਕਾਰਾਤਮਕ ਰੁਖ਼ ਲਈ ਧਨਵਾਦ ਪ੍ਰਗਟ ਕੀਤਾ। ਪ੍ਰੈਸ ਕਾਨਫ਼ਰੰਸ ਵਿਚ ਜਥੇਦਾਰ ਮਹਿੰਦਰ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਜੰਮੂ-ਕਸ਼ਮੀਰ ਅਤੇ ਮੈਂਬਰ ਡੀਜੀਪੀਸੀ ਜੰਮੂ, ਪ੍ਰਧਾਨ ਜਗਜੀਤ ਸਿੰਘ ਡੀਜੀਪੀਸੀ (ਜੰਮੂ), ਚਰਨਜੀਤ ਸਿੰਘ ਪ੍ਰਧਾਨ ਡੀਜੀਪੀਸੀ (ਕਠੂਆ), ਕੁਲਵਿੰਦਰ ਸਿੰਘ ਪ੍ਰਧਾਨ ਡੀਜੀਪੀਸੀ (ਸਾਂਬਾ), ਸਤਵਿੰਦਰ ਸਿੰਘ ਪ੍ਰਧਾਨ ਡੀਜੀਪੀਸੀ (ਉਧਮਪੁਰ) ਆਦਿ ਮੌਜੂਦ ਸਨ।