'ਬੇਅਦਬੀਆਂ ਦੇ ਮਾਮਲੇ ਸਿੱਖਾਂ ਲਈ ਬਹੁਤ ਹੀ ਸੰਵੇਦਨਸ਼ੀਲ, ਇਹਨਾਂ ਤੇ ਰਾਜਨੀਤੀ ਨਾ ਕੀਤੀ ਜਾਵੇ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਵੀਂ ਸਿੱਟ ਵੱਲੋਂ ਪੇਸ਼ ਕੀਤੇ ਗਏ ਚਲਾਨ ਵਿਚ ਡੇਰਾ ਸਿਰਸਾ ਮੁਖੀ ਦਾ ਨਾਂਅ ਸ਼ਾਮਲ ਨਾ ਕੀਤੇ ਜਾਣ ਦੀ ਕੀਤੀ ਨਿੰਦਾ

Giani Harpreet Singh Jathedar Akal Takht Sahib

ਅੰਮ੍ਰਿਤਸਰ( ਰਾਜੇਸ਼ ਕੁਮਾਰ ਸੰਧੂ) ਅੱਜ ਅੰਮ੍ਰਿਤਸਰ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇਕ ਪ੍ਰੈਸ ਵਾਰਤਾ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਬੇਅਦਬੀਆਂ ਦਾ ਮਾਮਲਾ ਸਿੱਖਾਂ ਲਈ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ ਇਸ ਤੇ ਰਾਜਨੀਤੀ ਕਰਨੀ ਉਚਿਤ ਨਹੀਂ ਹੈ।

ਬਰਗਾੜੀ ਅਤੇ ਬੁਰਜ ਜਵਾਹਰ ਵਾਲਾ ਵਿਖੇ ਬੇਅਦਬੀ ਕਾਂਡ ਵਿਚ ਸਿੱਟ ਵੱਲੋਂ ਸੌਦਾ ਸਾਧ ਅਤੇ ਮਹਿੰਦਰਪਾਲ ਬਿੱਟੂ ਵਰਗੇ ਦੋਸ਼ੀ ਕਰਾਰ ਦਿੱਤੇ ਗਏ ਸਨ ਅਤੇ ਇਸ ਤੋਂ ਇਲਾਵਾ ਇਕ ਹੋਰ ਐਫਆਈਆਰ ਦਰਜ ਹੋਈ ਸੀ ਜਿਹਨਾਂ ਨੂੰ ਇਕੱਠਿਆਂ ਅਧਾਰ ਬਣਾ ਸਰਕਾਰ ਵੱਲੋਂ ਨਵੀਂ ਸਿੱਟ ਬਣਾ ਕਾਰਵਾਈ ਕਰਦਿਆਂ ਰਿਪੋਰਟ ਪੇਸ਼ ਕਰ ਚੁੱਪ ਚੁਪੀਤੇ ਸੌਦਾ ਸਾਧ ਦਾ ਨਾਮ ਬਾਹਰ ਕੱਢ ਦਿਤਾ ਜੋ ਕਿ ਸ਼ੱਕ ਪੈਦਾ ਕਰਦਾ ਹੈ ਕਿ ਇਹ ਸਾਰਾ ਕੁਝ 2022 ਦੀਆ ਚੋਣਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਮੰਦਭਾਗਾ ਹੈ।

ਇਹਨਾਂ ਸੰਵੇਦਨਸ਼ੀਲ ਮੁੱਦਿਆਂ ਤੇ ਰਾਜਨੀਤੀ ਨਹੀ ਹੋਣੀ ਚਾਹੀਦੀ।  ਸੌਦਾ ਸਾਧ ਜੋ ਕਿ ਹਰਿਆਣੇ ਦੀ ਜੇਲ੍ਹ ਵਿਚ ਬੰਦ ਹੈ ਉਸ ਨੂੰ ਪੰਜਾਬ ਦੀ ਜੇਲ੍ਹ ਵਿਚ ਲਿਆਉਣਾ ਚਾਹੀਦਾ ਹੈ ਅਤੇ ਉਸਨੂੰ ਜਾਂਚ ਤੋਂ ਬਾਹਰ ਕੱਢਣਾ ਸ਼ੱਕ ਦੇ ਘੇਰੇ ਵਿਚ ਹੈ।

ਇਸ ਸਬੰਧੀ ਬੀਤੇ ਦਿਨੀਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਕ ਮੀਟਿੰਗ ਬੁਲਾਈ ਗਈ ਹੈ ਜਿਸਦੇ ਚਲਦੇ ਅਸੀਂ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਾਂਗੇ ਅਤੇ ਇਸ ਤੋਂ ਇਲਾਵਾ ਕਿਸੇ ਵੀ ਰਾਜਨੀਤਕ ਪਾਰਟੀ ਨੂੰ ਇਸ ਸੰਵੇਦਨਸ਼ੀਲ ਮੁੱਦੇ ਉਪਰ ਰਾਜਨੀਤੀ ਨਹੀਂ ਕਰਨ ਦਿੱਤੀ ਜਾਵੇਗੀ ।