ਦਲ ਖ਼ਾਲਸਾ ਦੀ 40ਵੀਂ ਵਰ੍ਹੇ ਗੰਢ ਮੌਕੇ ਪੰਜ ਮਤੇ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਲ ਖ਼ਾਲਸਾ ਦੀ 40ਵੀਂ ਵਰੇਗੰਢ ਮੌਕੇ ਅੱਜ ਮੱਖਣ ਸ਼ਾਹ ਲੁਬਾਣਾ ਭਵਨ ਵਿਖੇ ਸਿੱਖ ਬੁਧੀਜੀਵੀਆਂ, ਸਿਆਸੀ ਨੇਤਾਵਾਂ, ਜੁਝਾਰੂ ਜਥੇਬੰਦੀਆਂ ਦੇ ਨੁਮਾਇੰਦਿਆਂ, ਕਾਨੂੰਨਦਾਨਾਂ

file image

ਚੰਡੀਗੜ੍ਹ, 13 ਅਗੱਸਤ(ਜੀ.ਸੀ. ਭਾਰਦਵਾਜ): ਦਲ ਖ਼ਾਲਸਾ ਦੀ 40ਵੀਂ ਵਰੇਗੰਢ ਮੌਕੇ ਅੱਜ ਮੱਖਣ ਸ਼ਾਹ ਲੁਬਾਣਾ ਭਵਨ ਵਿਖੇ ਸਿੱਖ ਬੁਧੀਜੀਵੀਆਂ, ਸਿਆਸੀ ਨੇਤਾਵਾਂ, ਜੁਝਾਰੂ ਜਥੇਬੰਦੀਆਂ ਦੇ ਨੁਮਾਇੰਦਿਆਂ, ਕਾਨੂੰਨਦਾਨਾਂ ਅਤੇ ਸਿੱਖੀ ਸੋਚ ਦੇ ਹਿਤੈਸ਼ੀਆਂ ਨੇ ਸਿੱਖ ਕੌਮ ਲਈ ਸਵੈ ਨਿਰਨੇ ਤੇ ਖੁਦਮੁਖਤਾਰੀ ਦੇ ਹੱਕ ਲਈ ਭੜਕੀਲੇ ਤੇ ਤਰਕ ਯੁਕਤ ਭਾਸ਼ਣ ਦਿਤੇ। ਹਾਲ ਵਿਚ ਖਾਲਿਸਤਾਨ ਤੇ ਸਿੱਖ ਆਜ਼ਾਦੀ ਦੇ ਨਾਹਰੇ ਵੀ ਲੱਗੇ।


ਭਾਸ਼ਣਾਂ ਤੋਂ ਬਾਅਦ ਡੈਲੀਗੇਟਾਂ ਤੇ ਨੇਤਾਵਾਂ ਨੇ ਹੱਥ ਖੜੇ ਕਰ ਕੇ ਤਿੰਨ ਮਤੇ ਵੀ ਪਾਸ ਕੀਤੇ, ਜਿਨ੍ਹਾਂ ਵਿਚ ਸਾਰੇ ਸਿੱਖ ਆਜ਼ਾਦੀ ਲਈ ਵਚਨਬੱਧ ਹਨ, ਸਿੱਖ ਔਰਤ ਜਾਂ ਮਰਦ ਸਿਰਫ਼ ਅਕਾਲ ਪੁਰਖ ਦੇ ਅਧੀਨ ਹੈ, ਉਸ ਦੀ ਆਜ਼ਾਦ ਹਸਤੀ ਹੈ, ਸ਼ਾਮਲ ਹਨ। ਦੂਜੇ ਮਤੇ ਵਿਚ ਲਿਖਿਆ ਹੈ ਕਿ ਜੂਨ 84 ਮਗਰੋਂ ਸਿੱਖਾਂ ਨੇ ਭਾਰਤ ਨਾਲੋਂ ਅਪਣਾ ਰਿਸ਼ਤਾ ਤੋੜ ਲਿਆ ਸੀ ਅਤੇ ਪੰਜਾਬ ਤੇ ਹੋਰ ਰਾਜਾਂ ਸਮੇਤ ਵਿਦੇਸ਼ਾਂ ਵਿਚ ਰਹਿੰਦੇ ਬਹੁ ਗਿਣਤੀ ਸਿੱਖ ਇਸ 'ਤੇ ਦ੍ਰਿੜ ਹਨ ਕਿ ਭਾਰਤ ਸਾਡਾ ਮੁਲਕ ਨਹੀਂ ਹੈ, ਸਿੱਖ ਭਾਰਤ ਅੰਦਰ ਗੁਲਾਮ ਹਨ ਅਤੇ ਅਪਣੀ ਆਜ਼ਾਦੀ ਲਈ ਹਮੇਸ਼ਾ ਸੰਘਰਸ਼ ਕਰਦੇ ਰਹਿਣਗੇ।

ਤੀਜੇ ਮਤੇ ਵਿਚ ਦਲ ਖ਼ਾਲਸਾ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇ ਲੋਕਾਂ ਲਈ ਖੁਦ ਮੁਖਤਿਆਰੀ ਦਾ ਹੱਕ ਹਾਸਲ ਕਰਨ ਵਾਸਤੇ ਯੂ.ਐਨ.ਓ. ਅਤੇ ਭਾਰਤ ਸਰਕਾਰ ਨਾਲ ਅਗਲੇ ਦੌਰ ਦੀ ਗੱਲ ਬਾਤ ਜਮਹੂਰੀਅਤ ਢੰਗ ਨਾਲ ਕੀਤੀ ਜਾਵੇਗੀ। ਲੰਮੇ ਚੌੜੇ ਵੇਰਵੇ ਦਿੰਦੇ ਹੋਏ ਅਤੇ ਸਿੱਖ ਕੌਮ ਦੀ ਆਜ਼ਾਦੀ ਦੇ ਸੰਘਰਸ਼ ਦਾ ਇਤਿਹਾਸ ਦਸਦੇ , ਰੈਫ਼ਰੈਂਡਮ 2020 ਦੀ ਰੌਸ਼ਨੀ ਵਿਚ ਵਰਲਡ ਸਿੱਖ ਨਿਊਜ਼ ਦੇ ਪ੍ਰੋ. ਜਗਮੋਹਨ ਸਿੰਘ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਨੂੰ ਪਹਿਲਾਂ ਲੋਕਾਂ ਨੂੰ ਨਾਲ ਲੈ ਕੇ ਸੂਝ ਸੂਝ ਨਾਲ ਜਮਹੂਰੀਅਤ ਤਰੀਕੇ ਰਾਹੀਂ ਜਨਤਕ ਲਹਿਰ ਬਣਾਉਣੀ ਪੈਣੀ ਹੈ।

ਉਨ੍ਹਾਂ ਕਿਹਾ ਦਲ ਖ਼ਾਲਸਾ, ਸਿਖਜ਼ ਫ਼ਾਰ ਜਸਟਿਸ ਜਾਂ ਹੋਰ ਸਿੱਖ ਹਿਤੈਸ਼ੀ ਜਥੇਬੰਦੀਆਂ ਕੋਲ ਇਨੇ ਸਾਧਨ ਨਹੀਂ ਹਨ ਕਿ ਉਹ ਕੇਂਦਰ ਸਰਕਾਰ ਦੇ ਨਾਲ ਮੁਕਾਬਲਾ ਕਰ ਸਕਣ। ਹਥਿਆਰ ਬੰਦ ਸੰਘਰਸ਼ ਜਾਂ ਜੰਗ, ਜੇ ਲੜਨੀ ਹੈ ਤਾਂ ਚੀਨ, ਪਾਕਿਸਤਾਨ ਤੇ ਹੋਰ ਦੇਸ਼ਾਂ ਨਾਲ ਨਾਤਾ ਜੋੜਨਾ ਪੈਣਾ ਹੈ।ਦਲ ਖ਼ਾਲਸਾ ਦੇ ਮੋਢੀ ਗਜਿੰਦਰ ਸਿੰਘ, ਜੋ ਪਾਕਿਸਤਾਨ ਦੀ ਜੇਲ ਵਿਚ ਹੈ, 40ਵੀਂ ਵਰ੍ਹੇ ਗੰਖ ਮੌਕੇ ਉਸ ਦਾ ਸੁਨੇਹਾ ਵੀ ਸਟੇਜ 'ਤੇ ਪੜਿਆ ਗਿਆ। ਇਸ ਤੋਂ ਇਲਾਵਾ ਕਸ਼ਮੀਰ ਵਾਦੀ ਦੀ ਹੂਰਿਅਤ ਕਾਨਫ਼ਰੰਸ ਦੇ ਬਾਨੀ ਸਈਅਦ ਅਲੀ ਸ਼ਾਹ ਗਿਲਾਨੀ ਸਮੇਤ ਯੂ.ਕੇ. ਤੇ ਅਮਰੀਕਾ ਦੀਆਂ ਸਿੱਖ ਫ਼ੈਡਰੇਸ਼ਨਾਂ ਦੇ ਸੰਦੇਸ਼ ਵੀ ਪੜ੍ਹੇ ਗਏ।


ਇਸ ਤੋਂ ਪਹਿਲਾਂ ਸ਼੍ਰੋਮਣੀ ਅਦਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਅਪਣੇ ਭਾਸ਼ਣ ਵਿਚ ਕਿਹਾ ਕਿ ਦੇਸ਼ ਦੀ ਵੰਡ ਮੌਕੇ ਨਾ ਤਾਂ ਅੰਗਰੇਜ਼ ਸਰਕਾਰ ਨੇ ਅਤੇ ਨਾ ਹੀ ਮਗਰੋਂ ਭਾਰਤ ਸਰਕਾਰ ਨੇ ਸਿੱਖਾਂ ਦੀ ਆਜ਼ਾਦ ਹਸਤੀ ਨੂੰ ਮੰਨ ਕੇ ਸਿੱਖ ਰਾਜ ਸਥਾਪਤ ਕੀਤਾ। ਸ. ਮਾਨ ਨੇ ਕਿਹਾ ਕਿ ਸਰਕਾਰਾਂ ਤੋਂ ਆਜ਼ਾਦੀ ਮੰਗਣ ਤੋਂ ਪਹਿਲਾਂ ਪੰਜਾਬ ਵਿਚ ਰਚਿੰਦੇ ਲੋਕਾਂ ਵਿਚ ਤਾਂ ਇਸ ਸੋਚ ਬਾਰੇ ਲੋਕ ਲਹਿਰ ਬਣਾਉਣੀ ਜ਼ਰੂਰੀ ਹੈ।ਸਿੱਖ ਬੁੱਧੀ ਜੀਵੀ ਤੇ ਸਾਬਦਾ ਆਈ.ਏ.ਐਸ. ਗੁਤੇਜ ਸਿੰਘ ਨੇ ਸਿਰਦਾਰ ਕਪੂਰ ਸਿੰਘ ਦੇ ਸਿੱਖ ਹੋਮਲੈਂਡ ਦੇ ਵਿਚਾਰ ਬਾਰੇ ਖੁਲ੍ਹ ਕੇ ਚਰਚਾ ਕੀਤੀ ਅਤੇ ਸਿੱਖ ਕੌਮ ਵਿਚ ਸਿਖਿਆ ਦੇ ਪਸਾਰ ਦੀ ਲੋੜ 'ਤੇ ਜੋਰ ਦਿਤਾ।

ਸੀਨੀਅਰ ਐਡਵੇਕੇਟ, ਅਮਰ ਸਿੰਘ ਚਾਹਲ ਨੇ ਕਿਹਾ ਕਿ ਮੌਜੂਦਾ ਭਾਰਤੀ ਸੰਵਿਧਾਨ ਅਤੇ ਪ੍ਰਸ਼ਾਸਕੀ ਸਿਸਟਮ ਵਿਚ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾ ਅਤੇ ਆਜ਼ਾਦੀ ਤੋਂ ਬਿਨ੍ਹਾਂ ਛੁਟਕਾਰਾ ਨਹੀ ਹੈ। ਕਾਨੂਨਦਾਨ ਚਾਹਲ ਦਾ ਮਸ਼ਵਰਾ ਸੀ ਕਿ ਸੱਤਾ 'ਤੇ ਕਾਬਜ ਸਿੱਖ, ਅਤੇ ਸਿਆਸੀ ਪਾਰਟੀਆਂ ਵਿਚ ਬੈਠੇ ਸਿੱਖ ਨੇਤਾਵਾਂ ਨੂੰ ਸਾਂਝੇ ਤੌਰ 'ਤੇ ਇਸ ਸਵੈ ਨਿਰਨੇ ਦੇ ਹੱਕ ਬਾਰੇ ਗੰਭੀਰਤਾ ਨਾਲ ਕਦਮ ਚੁਕਣਾ ਪੈਣਾ ਹੈ। ਹੋਰ ਬੁਲਾਰਿਆਂ ਵਿਚ ਸ. ਹਰਚਰਨ ਸਿੰਘ ਧਾਮੀ, ਕੰਵਰਪਾਲ ਸਿੰਘ, ਸਤਨਾਮ ਸਿੰਘ ਪੌਂਟਾ ਅਤੇ ਅੇਡਵੇਕੇਟ ਹਰਪਾਲ ਸਿੰਘ ਚੀਮਾ ਸਮੇਤ ਗੁਰਦਰਸ਼ਣ ਸਿੰਘ ਢਿੱਲੋਂ , ਕਰਨੈਲ ਸਿੰਘ ਪੰਜੋਲੀ, ਗੁਰਦੀਪ ਬਠਿੰਡਾ ਤੇ ਹੋਰ ਨੇਤਾ ਸ਼ਾਮਲ ਸਨ।