ਹਵਾਰਾ ਕਮੇਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਕੀਤਾ ਸ਼ਾਂਤਮਈ ਰੋਸ ਮੁਜ਼ਾਹਰਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਸ਼ਬਦ ਵਾਪਸ ਲੈਣ 

File Photo

ਅੰਮ੍ਰਿਤਸਰ, 13 ਅਗੱਸਤ (ਪ੍ਰਮਿੰਦਰਜੀਤ, ਸੁਖਵਿੰਦਰਜੀਤ ਸਿੰਘ ਬਹੋੜੂ): ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਰਾਮ ਮੰਦਰ ਦੀ ਭੂਮੀ ਪੂਜਣ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਵਲੋਂ ਗੋਬਿੰਦ ਰਮਾਇਣ ਲਿਖੇ ਜਾਣ ਬਾਰੇ ਦਿਤੇ ਬਿਆਨ ਨੂੰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਗੁੰਮਰਾਹਕੁਨ, ਬੇਬੁਨਿਆਦ, ਸਿੱਖ ਧਰਮ ਵਿਚ ਦਖ਼ਲਅੰਦਾਜ਼ੀ ਤੇ ਜਜ਼ਬਾਤਾਂ ਨੂੰ ਪੀੜਤ ਕਰਨ ਵਾਲਾ ਐਲਾਨਿਆ ਹੈ।

ਹਵਾਰਾ ਕਮੇਟੀ ਨੇ ਅੱਜ ਖ਼ਾਲਸਾ ਲੀਗ ਜਥੇਬੰਦੀ ਤੇ ਅਕਾਲ ਖ਼ਾਲਸਾ ਦਲ ਦੇ ਸਹਿਯੋਗ ਨਾਲ ਭੰਡਾਰੀ ਪੁਲ ਤੇ ਇਸ ਵਿਰੁਧ ਸ਼ਾਂਤਮਈ ਰੋਸ ਮੁਜ਼ਾਹਰਾ ਕਰਦਿਆਂ ਪ੍ਰਧਾਨ ਮੰਤਰੀ ਨੂੰ ਅਪਣਾ ਬਿਆਨ ਵਾਪਸ ਲੈਣ ਲਈ ਕਿਹਾ ਹੈ। ਅੱਜ ਦੇ ਰੋਸ ਦੌਰਾਨ ਗੁਰਬਾਣੀ ਦੀ ਪੰਕਤੀਆਂ ਜੋ ਸਿੱਖ ਧਰਮ ਨੂੰ ਸਿਧਾਂਤਕ ਤੌਰ ’ਤੇ ਵਖਰੀ ਪਹਿਚਾਣ ਦਿੰਦੀਆਂਂ ਹਨ ਦਾ ਪ੍ਰਦਰਸ਼ਨ ਕੀਤਾ ਗਿਆ। ਜਥੇਬੰਦੀ ਦੇ ਆਗੂਆਂ ਪ੍ਰੋਫ਼ੈਸਰ ਬਲਜਿੰਦਰ ਸਿੰਘ (ਹਵਾਰਾ ਕਮੇਟੀ), ਅਮਰੀਕ ਸਿੰਘ ਬੱਲੋਵਾਲ (ਖ਼ਾਲਸਾ ਲੀਗ) ਅਤੇ ਮਹਾਬੀਰ ਸਿੰਘ ਸੁਲਤਾਨਵਿੰਡ (ਅਕਾਲ ਖ਼ਾਲਸਾ ਦਲ) ਨੇ ਕਿਹਾ ਕਿ ਭਾਰਤ ਵਿਚ ਅਨੇਕਾਂ ਕੌਮਾਂ ਹਨ। ਇਸ ਲਈ ਇਥੇ ਹਿੰਦੂ ਰਾਸ਼ਟਰ ਦੀ ਗੱਲ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਕਿਸੇ ਦੇ ਧਰਮ ਬਾਰੇ ਕੋਈ ਦੁਖਦਾਈ ਟਿਪਣੀ ਕਰਨੀ ਚਾਹੀਦੀ ਹੈ। 

ਬਾਦਲਾਂ ਵਲੋਂ ਥਾਪੇ ਆਰ.ਐਸ.ਐਸ ਜਥੇਦਾਰ ਇਕਬਾਲ ਸਿੰਘ ਵਲੋਂ ਸਿੱਖਾਂ ਨੂੰ ਲਵ-ਕੁਸ਼ ਦੀ ਬੰਸਾਵਲੀ ਨਾਲ ਜੋੜਨ ਦੇ ਕੋਝੇ ਬਿਆਨ ’ਤੇ ਆਗੂਆਂ ਨੇ ਕਿਹਾ ਕਿ ਇਕਬਾਲ ਸਿੰਘ ਅਪਣਾ ਮਾਨਸਕ ਸੰਤੁਲਨ ਗਵਾ ਚੁਕੇ ਹਨ ਤੇ ਸਿੱਖ ਕੌਮ ਦੇ ਵਿਰੋਧੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ। ਇਕਬਾਲ ਸਿੰਘ ਨੂੰ ਚਿਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਉਹ ਅਪਣੀ ਜ਼ੁਬਾਨ ’ਤੇ ਕਾਬੂ ਰੱਖੇ ਅਤੇ ਸਿੱਖਾਂ ਨਾਲ ਨਾ ਟਕਰਾਏ।