ਦਾਦੂਵਾਲ ਦੀ ਜਥੇਦਾਰ ਨੂੰ ਅਪੀਲ - 'ਬਾਦਲ ਪਰਵਾਰ ਦੀ ਪੁਸ਼ਤਪਨਾਹੀ ਛੱਡ ਕੇ ਪੰਥ ਦੀ ਰਹਿਨੁਮਾਈ ਕਰੋ'
ਡਾਇਨਾਸੋਰ ਤਾਂ ਮੁੜ ਧਰਤੀ 'ਤੇ ਆ ਸਕਦੇ ਪਰ ਬਾਦਲ ਪਰਵਾਰ ਕਦੇ ਵੀ ਪੰਜਾਬ ਦੀ ਸੱਤਾ 'ਚ ਨਹੀਂ ਆਵੇਗਾ -ਦਾਦੂਵਾਲ
ਕਿਹਾ - ਬਾਦਲ ਪਰਿਵਾਰ ਨੇ ਪੰਥ ਅਤੇ ਪੰਜਾਬ ਨਾਲ ਵੱਡੀਆਂ ਗੱਦਾਰੀਆਂ ਕੀਤੀਆਂ ਹਨ
''ਜਥੇਦਾਰ ਜੀ, ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹ ਸਿੱਖ ਸੰਸਥਾਵਾਂ ਨੂੰ ਹੁਕਮ ਜਾਰੀ ਕਰੋ ਕਿ ਆਪੋ ਆਪਣੀ ਡਫਲੀ ਨਾ ਵਜਾਉਣ ਸਗੋਂ ਸਾਂਝਾ ਯਤਨ ਕਰਨ''
ਚੰਡੀਗੜ੍ਹ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਚਿੱਠੀ ਲਿਖੀ ਹੈ। ਉਨ੍ਹਾਂ ਜਥੇਦਾਰ ਨੂੰ ਚਿੱਠੀ ਰਾਹੀਂ ਬਾਦਲ ਪਰਿਵਾਰ ਦਾ ਖਹਿੜਾ ਛੱਡ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਅਪੀਲ ਕੀਤੀ ਹੈ।
ਜਥੇਦਾਰ ਦੇ ਨਾਮ ਲਿਖੀ ਚਿੱਠੀ ਵਿਚ ਉਨ੍ਹਾਂ ਲਿਖਿਆ, ''ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀਉ, ਅੱਜ ਸੋਸ਼ਲ ਮੀਡੀਆ ਤੇ ਤੁਹਾਡਾ ਇਕ ਵੀਡੀਓ ਸੁਨੇਹਾ ਣਿਆ ਜਿਸ ਵਿੱਚ ਤੁਸੀਂ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਆਪਣੀਆਂ ਜਾਨਾਂ ਗੁਆਉਣ ਤਬਾਹੀ ਝੱਲਣ ਵਾਲੇ ਲੱਖਾਂ ਸਿੱਖ ਹਿੰਦੂ ਮੁਸਲਮਾਨਾਂ ਨੂੰ ਯਾਦ ਕੀਤਾ ਅਤੇ ਉਨਾਂ ਦੀ ਯਾਦ ਵਿਚ 10 ਤੋਂ 16 ਅਗਸਤ ਤੱਕ ਅਰਦਾਸਾਂ ਪ੍ਰਾਰਥਨਾਵਾਂ ਕਰਨ ਵਾਸਤੇ ਹਿੰਦੂ ਸਿੱਖਾਂ ਨੂੰ ਸੰਦੇਸ਼ ਜਾਰੀ ਕੀਤਾ ਹੈ ਅਤੇ 16 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਉਨ੍ਹਾਂ ਲੱਖਾਂ ਲੋਕਾਂ ਦੀ ਯਾਦ ਵਿਚ ਸਮਾਗਮ ਦਾ ਸੱਦਾ ਦਿੱਤਾ ਹੈ।''
ਜਥੇਦਾਰ ਨੂੰ ਸੰਬੋਧਨ ਹੁੰਦਿਆਂ ਚਿੱਠੀ ਵਿਚ ਅੱਗੇ ਉਨ੍ਹਾਂ ਲਿਖਿਆ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕੇ ਤੁਸੀਂ ਭਾਰਤ ਪਾਕਿਸਤਾਨ ਦੀ ਆਜ਼ਾਦੀ ਦੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਿਨ੍ਹਾਂ ਦੀ ਕੁਰਬਾਨੀ ਸਦਕਾ ਇਹ ਦੇਸ਼ ਅੰਗਰੇਜ਼ਾਂ ਤੋਂ ਆਜ਼ਾਦ ਹੋਏ। ਇਹ ਉਪਰਾਲਾ ਅੱਜ ਤੋਂ ਪਹਿਲਾਂ ਕਦੇ ਕਿਸੇ ਵੀ ਜਥੇਦਾਰ ਜਾਂ ਤੁਹਾਡੇ ਵਲੋਂ ਨਹੀਂ ਕੀਤਾ ਗਿਆ ਕਰਨਾ ਚਾਹੀਦਾ ਸੀ 'ਚਲੋ ਦੇਰ ਆਏ ਦਰੁੱਸਤ ਆਏ। ਭਾਰਤ ਪਾਕਿਸਤਾਨ ਦੋਵਾਂ ਦੇਸ਼ਾਂ ਨੂੰ ਵੀ ਉਨ੍ਹਾਂ ਲੱਖਾਂ ਲੋਕਾਂ ਦੀ ਸ਼ਹਾਦਤ ਨੂੰ ਨਤਮਸਤਕ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਦੋਹਾਂ ਦੇਸ਼ਾਂ ਦੀ ਅੰਗਰੇਜ਼ਾਂ ਤੋਂ ਆਜ਼ਾਦੀ ਵੇਲੇ ਆਪਣਾ ਖੂਨ ਡੋਲਿਆ ਤੇ ਤਬਾਹੀ ਝੱਲੀ ਸੀ।
ਪਿਛਲੇ ਕੁਝ ਸਮੇਂ ਤੋਂ ਮੈਂ ਵੇਖ ਰਿਹਾ ਹਾਂ ਕੇ ਤੁਸੀਂ ਕਈ ਅਜਿਹੇ ਬਿਆਨ ਵੀ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਸਿਰਫ਼ ਬਾਦਲ ਪਰਿਵਾਰ ਨੂੰ ਪੰਥਕ ਬਣਾ ਕੇ ਮੁੜ ਸੱਤਾ ਵਿੱਚ ਲਿਆਉਣ ਦਾ ਯਤਨ ਹੈ ਪਰ ਜਥੇਦਾਰ ਜੀ ਯਾਦ ਰੱਖੋ ਜਿਸ ਬਾਦਲ ਪਰਵਾਰ ਨੇ ਪੰਥ ਅਤੇ ਪੰਜਾਬ ਨਾਲ ਵੱਡੀਆਂ ਗੱਦਾਰੀਆਂ ਕੀਤੀਆਂ ਹਨ ਤੁਹਾਡੇ ਬਿਆਨ ਵੀ ਉਨ੍ਹਾਂ ਦੇ ਡਿੱਗਦੇ ਮਹਿਲ ਨੂੰ ਠੁੱਮਣਾ ਨਹੀਂ ਦੇ ਸਕਦੇ।
ਉਨ੍ਹਾਂ ਕਿਹਾ ਕਿ ਆਕਸੀਜਨ ਜਿਉਂਦੇ ਬੰਦਿਆਂ ਤੇ ਕੰਮ ਕਰਦੀ ਹੈ ਜਦੋਂ ਕੋਈ ਮੁਰਦਾ ਹੋ ਜਾਵੇ ਤਾਂ ਫਿਰ ਵਰਤੀ ਆਕਸੀਜਨ ਵਿਅਰਥ ਜਾਂਦੀ ਹੈ। ਸਮਾਂ ਲੰਘਾ ਚੁੱਕੀ ਦਵਾਈ ਨੂੰ ਕੋਈ ਨਹੀ ਵਰਤਦਾ ਇਸੇ ਤਰ੍ਹਾਂ ਵੇਲਾ ਵਿਹਾ ਚੁੱਕੀ ਬਾਦਲ ਪਰਵਾਰ ਦੀ ਲੀਡਰਸ਼ਿਪ ਨੂੰ ਹੁਣ ਉਨ੍ਹ ਦੀ ਪਾਰਟੀ ਦੇ ਸੁਹਿਰਦ ਆਗੂ ਵੀ ਪ੍ਰਵਾਨ ਨਹੀ ਕਰ ਰਹੇ ਅਤੇ ਇੱਕ-ਇੱਕ ਕਰਕੇ ਆਏ ਦਿਨ ਸ਼੍ਰੋਮਣੀ ਅਕਾਲੀ ਦਲ ਤੋਂ ਬਣੇ ਬਾਦਲ ਪਰਵਾਰ ਦਲ ਦੀ ਛੱਤਰਛਾਇਆ 'ਚੋਂ ਬਾਹਰ ਆ ਕੇ ਪੰਥਕ ਸੰਸਥਾਵਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰਨ ਦਾ ਸੋਚ ਰਹੇ ਹਨ।
ਦਾਦੂਵਾਲ ਨੇ ਚਿੱਠੀ 'ਚ ਜਥੇਦਾਰ ਨੂੰ ਕੀ ਕਿਹਾ, ''ਜਥੇਦਾਰ ਜੀ, ਡਾਇਨਾਸੋਰ ਤਾਂ ਹੋ ਸਕਦਾ ਮੁੜ ਧਰਤੀ 'ਤੇ ਆ ਜਾਣ ਪਰ ਬਾਦਲ ਪਰਿਵਾਰ ਹੁਣ ਮੁੜ ਪੰਜਾਬ ਦੀ ਸੱਤਾ 'ਚ ਨਹੀਂ ਆ ਸਕਦਾ। ਤੁਹਾਡੇ ਬਿਆਨ ਬਾਦਲਾਂ ਨੂੰ ਬਚਾਅ ਨਹੀਂ ਸਕਣਗੇ। SGPC ਨੇ ਤੁਹਾਨੂੰ ਕਾਰਜਕਾਰੀ ਜਥੇਦਾਰ ਬਣਾਇਆ ਹੈ, ਪੂਰੇ ਪੰਥ ਨੇ ਤਾਂ ਪਹਿਲਾਂ ਹੀ ਤੁਹਾਨੂੰ ਪ੍ਰਵਾਨ ਨਹੀ ਕੀਤਾ। ਆਪਣੇ ਅਹੁਦੇ ਦੀ ਅਹਿਮੀਅਤ ਨੂੰ ਸਮਝਦੇ ਹੋਏ ਇਸ ਨੂੰ ਢਾਹ ਨਾ ਲਗਾਉ। ਅਜਿਹੇ ਬਿਆਨ ਦਾਗ ਕੇ ਪਹਿਲੇ ਕੁਝ ਜਥੇਦਾਰਾਂ ਦੀ ਤਰ੍ਹਾਂ ਗੁਨਾਹਗਾਰਾਂ ਦੀ ਕਤਾਰ 'ਚ ਖੜੇ ਨਾ ਹੋਵੇ। ਹੁਣ ਬਾਦਲ ਪਰਵਾਰ ਦੀ ਪੁਸ਼ਤਪਨਾਹੀ ਛੱਡ ਕੇ ਪੰਥ ਦੀ ਰਹਿਨੁਮਾਈ ਕਰੋ। ਜਿਨ੍ਹਾਂ ਮਹਾਨ ਸਿੱਖ ਸੰਸਥਾਵਾਂ ਉੱਪਰ ਬਾਦਲ ਪਰਵਾਰ ਅਮਰਵੇਲ ਬਣਕੇ ਨੁਕਸਾਨ ਕਰ ਰਿਹਾ ਹੈ ਉਨ੍ਹਾਂ ਸਿੱਖ ਸੰਸਥਾਵਾਂ ਤੋਂ ਬਾਦਲ ਪਰਵਾਰ ਨੂੰ ਪਰੇ ਕਰਕੇ ਇਨ੍ਹਾਂ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦਾ ਯਤਨ ਕਰੋ''
ਬਲਜੀਤ ਸਿੰਘ ਦਾਦੂਵਾਲ ਨੇ ਆਪਣੀ ਚਿੱਠੀ ਵਿਚ ਜਥੇਦਾਰ ਨੂੰ ਅਪੀਲ ਕਰਦਿਆਂ ਅੱਗੇ ਲਿਖਿਆ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੂਹ ਸਿੱਖ ਸੰਸਥਾਵਾਂ ਨੂੰ ਸਾਂਝਾ ਯਤਨ ਕਰਨ ਦਾ ਹੁਕਮ ਜਾਰੀ ਕਰੋ ਆਪੋ ਆਪਣੀ ਡਫਲੀ ਨਾ ਵਜਾਉਣ ਜਿਸ ਤਰ੍ਹਾਂ ਹੁਣ ਸ਼੍ਰੋਮਣੀ ਕਮੇਟੀ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੇਰੀ ਤੁਹਾਨੂੰ ਅਪੀਲ ਹੈ ਕੇ ਸਿੱਖ ਵਿਚਾਰਧਾਰਾ ਨੂੰ ਪ੍ਰਸਾਰਨ ਵਾਸਤੇ ਧਰਮ ਪ੍ਰਚਾਰ ਪ੍ਰਸਾਰ ਤੇ ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਚੰਡ ਕਰੇ ਤਾਂ ਕੇ ਸਿੱਖ ਨੌਜਵਾਨਾਂ ਨੂੰ ਪਤਿਤਪੁਣੇ ਅਤੇ ਨਸ਼ਿਆਂ ਤੋਂ ਬਚਾ ਕੇ ਗੁਰੂ ਲੜ ਲਗਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਕੁੱਝ ਸਿੱਖ ਮਾਨਸਿਕਤਾ ਵਿਰੋਧੀ ਏਜੰਸੀਆਂ ਦੇ ਹੱਥ ਠੋਕੇ ਬਣਕੇ ਖਾਸ ਕਰ ਸਿੱਖ ਨੌਜਵਾਨਾਂ ਨੂੰ ਲਾਲਚ ਜਾਂ ਬਹਿਕਾਵੇ ਵਿੱਚ ਲਿਆ ਕੇ ਭਾਰਤ ਦੇਸ਼ ਦਾ ਤਿਰੰਗਾ ਝੰਡਾ ਸੜਵਾ ਕੇ ਜਾਂ ਅਜਿਹੀਆਂ ਹੋਰ ਗਤੀਵਿਧੀਆਂ ਕਰਵਾ ਕੇ ਜ਼ਿੰਦਗੀ ਦੇ ਅਸਲ ਮਕਸਦ ਤੋਂ ਭਟਕਾਉਣਾ ਚਾਹੁੰਦੀਆਂ ਹਨ। ਉਨ੍ਹਾਂ ਸਿੱਖ ਨੌਜਵਾਨਾਂ ਨੂੰ ਅਗਵਾਈ ਦਿਉ ਕਿਉਂਕਿ ਉਨ੍ਹਾਂ ਨੂੰ ਭਟਕਣ ਤੋਂ ਬਚਾਉਣਾ ਤੁਹਾਡੀ ਇੱਕ ਵੱਡੀ ਜ਼ਿੰਮੇਵਾਰੀ ਹੈ ਤਾਂ ਕੇ ਸਿੱਖ ਮਾਨਸਿਕਤਾ ਵਿਰੋਧੀ ਏਜੰਸੀਆਂ ਦੇ ਬਹਿਕਾਵੇ ਜਾਂ ਲਾਲਚ ਵਿੱਚ ਆ ਕੇ ਉਹ ਕੋਈ ਗ਼ਲਤ ਕਦਮ ਨਾ ਪੁੱਟਣ। ਜਿਸ ਨਾਲ ਉਨ੍ਹਾਂ ਦਾ ਭਵਿੱਖ ਬਰਬਾਦ ਹੋਵੇ। ਐਸਾ ਸੰਦੇਸ਼ ਜਾਰੀ ਕਰੋ ਤਾਂ ਕੇ ਨੌਜਵਾਨ ਆਪਣੇ ਮਾਂ-ਬਾਪ, ਪਰਵਾਰ, ਦੇਸ਼, ਕੌਮ ਅਤੇ ਧਰਮ ਦੀ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਉਣ। ਆਪ ਜੀ ਨੇ ਮੇਰੀ ਇਹ ਨਿਮਰਤਾ ਸਹਿਤ ਕੀਤੀ ਅਪੀਲ ਪ੍ਰਵਾਨ ਕਰਨੀ ਅਤਿਅੰਤ ਧੰਨਵਾਦੀ ਹੋਵਾਂਗਾ।