Panthak News: ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਹੀ ਵਿਰਸਾ ਸਿੰਘ ਵਲਟੋਹਾ ਅਕਾਲ ਤਖ਼ਤ ਦੀ ਮਰਿਆਦਾ ਦਾ ਘਾਣ ਕਰ ਰਹੇ ਹਨ : ਸੁਧਾਰ ਲਹਿਰ ਗਰੁੱਪ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

13 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਜਾਰੀ ਕੀਤਾ ਸਾਂਝਾ ਬਿਆਨ, ਕਿਹਾ, ਸੁਖਬੀਰ ਦੀਆਂ ਗ਼ਲਤੀਆਂ ਛੁਪਾਉਣ ਦੀ ਹੋ ਰਹੀ ਹੈ ਕੋਸ਼ਿਸ਼

At the behest of Sukhbir Badal, Virsa Singh Valtoha is insulting the dignity of the Akal Takht: Reform Movement Group

 

Panthak News: ਵਿਰਸਾ ਸਿੰਘ ਵਲਟੋਹਾ ਵਲੋਂ ਬੀਤੇ ਇਕ ਹਫ਼ਤੇ ਤੋਂ ਕਿਸੇ ਨਾ ਕਿਸੇ ਰੂਪ ਵਿਚ ਕੀਤੀ ਜਾ ਰਹੀ ਬਿਆਨਬਾਜ਼ੀ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਜਸਵੰਤ ਸਿੰਘ ਪੂੜੈਣ, ਇੰਦਰਮੋਹਨ ਸਿੰਘ ਲਖਮੀਰਵਾਲਾ ਅਤੇ ਮਲਕੀਤ ਕੌਰ ਕਮਾਲਪੁਰ ਤਿੰਨੇ ਐਸਜੀਪੀਸੀ ਦੇ ਐਗਜੈਕਟਿਵ ਮੈਂਬਰ ਅਤੇ ਭਾਈ ਮਨਜੀਤ ਸਿੰਘ, ਸੁਰਿੰਦਰ ਸਿੰਘ ਭੁਲੇਵਾਲ, ਮਹਿੰਦਰ ਸਿੰਘ ਹੁਸੈਨਪੁਰ, ਕੁਲਦੀਪ ਕੌਰ ਟੌਹੜਾ, ਅਮਰੀਕ ਸਿੰਘ ਸਾਹਪੁਰ, ਜਰਨੈਲ ਸਿੰਘ ਕਰਤਾਰਪੁਰ, ਮਿੱਠੂ ਸਿੰਘ ਕਾਹਨੇਕੇ, ਪਰਮਜੀਤ ਕੌਰ ਲਾਡਰਾਂ, ਮਲਕੀਤ ਸਿੰਘ ਚੰਗਾਲ ਅਤੇ ਸਤਵਿੰਦਰ ਸਿੰਘ ਟੌਹੜਾ ਸਾਰੇ 13 ਐਸਜੀਪੀਸੀ ਮੈਂਬਰਾਂ ਵਲੋਂ ਸਾਂਝੇ ਰੂਪ ਵਿਚ ਸਵਾਲ ਚੁੱਕੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸੁਧਾਰ ਲਹਿਰ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿਚ ਜਿਹੜੇ ਵਲਵਲੇ ਵਿਰਸਾ ਸਿੰਘ ਵਲਟੋਹਾ ਨੇ ਸਾਂਝੇ ਕੀਤੇ ਸਨ ਦਰਅਸਲ ਉਹ ਵਲਵਲੇ ਨਹੀਂ ਸਨ ਸਗੋਂ ਸੁਖਬੀਰ ਸਿੰਘ ਬਾਦਲ ਦੀ ਸਿਆਸੀ ਉਤੇਜਨਾ ਸੀ ਜਿਸ ਨੂੰ ਵਿਰਸਾ ਸਿੰਘ ਵਲਟੋਹਾ ਜ਼ਰੀਏ ਪੇਸ਼ ਕੀਤਾ ਗਿਆ ਸੀ। 

ਆਗੂਆਂ ਨੇ ਕਿਹਾ ਕਿ ਖਦਸ਼ਾ ਉਸ ਵੇਲੇ ਹੀ ਸੀ ਕਿ ਜਿਸ ਤਰ੍ਹਾਂ ਵਿਰਸਾ ਸਿੰਘ ਵਲਟੋਹਾ ਲਗਾਤਾਰ ਪੰਥਕ ਮਰਿਆਦਾ ਦੀ ਘਾਣ ਵਾਲੇ ਬਿਆਨ ਦੇ ਰਹੇ ਹਨ, ਉਸ ਪਿੱਛੇ ਵੱਡੀ ਪੰਥਕ ਵਿਰੋਧੀ ਸਾਜ਼ਸ਼ ਛੁਪੀ ਹੋਈ ਹੈ ਜਿਸ ਤਰੀਕੇ ਸਾਲ 2012 ਵਿਚ ਵੋਟਾਂ ਦੀ ਸੌਦੇਬਾਜ਼ੀ ਕਰ ਕੇ ਪੌਸਾਕ ਵਾਲੇ ਕੇਸ ਦੀ ਰੱਦ ਭਰਵਾਈ ਤੇ 2014 ਚੋਣ ਵੇਲੇ ਮਨਜ਼ੂਰ ਕਰਵਾਈ ਸੀ। ਸਾਲ 2015 ਵਿਚ ਠੀਕ ਇਨ੍ਹਾਂ ਦਿਨਾਂ ਵਿਚ ਝੂਠੇ ਸਾਧ ਨੂੰ ਮੁਆਫ਼ੀ ਦੇਣਾ, ਫਿਰ ਐਸਜੀਪੀਸੀ ਤੇ ਦਬਾਅ ਬਣਾ ਕੇ 92 ਲੱਖ ਦੇ ਇਸ਼ਤਿਹਾਰ ਦਿਵਾਉਣਾ, ਇਕ ਗਿਣੀ ਮਿਥੀ ਸਾਜ਼ਸ਼ ਤਹਿਤ ਕੀਤਾ ਗਿਆ ਸੀ , ਹੁਣ ਉਸ ਤਰ੍ਹਾਂ ਦੀ ਗਿਣੀ ਮਿਥੀ ਸਾਜ਼ਸ਼ ਤਹਿਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਹਿਬ ਬਾਰੇ ਤੇ ਖ਼ਾਸਕਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਇਹ ਖੁਲ੍ਹਮ ਖੁਲ੍ਹਾ ਇਲਜ਼ਾਮ ਲਗਾ ਦੇਣਾ ਕਿ ਜਥੇਦਾਰ ਆਰਐਸਐਸ ਤੋਂ ਆਏ ਹੁਕਮਾਂ ਤਹਿਤ ਚਲਦੇ ਹਨ ਜਿਸ ਤੋਂ ਸਾਫ਼ ਹੈ ਕਿ ਵਿਰਸਾ ਸਿੰਘ ਵਲਟੋਹਾ ਜਾਣ-ਬੁਝ ਕੇ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਦਾ ਘਾਣ ਕਰਨ ਵਿਚ ਜੁਟੇ ਹੋਏ ਹਨ।

ਇਸ ਨਾਲ ਹੀ ਆਗੂਆਂ ਨੇ ਕਿਹਾ ਕਿ ਸਿਰਫ਼ ਵਿਰਸਾ ਸਿੰਘ ਵਲਟੋਹਾ ਹੀ ਨਹੀਂ, ਉਨ੍ਹਾਂ ਦੇ ਬਹੁਤ ਸਾਰੇ ਸਾਥੀ ਕਈ ਵਾਰ ਬਿਆਨਬਾਜ਼ੀ ਕਰ ਚੁੱਕੇ ਹਨ ਜਿਸ ਵਿਚ ਉਨ੍ਹਾਂ ਬੀਜੇਪੀ ਅਤੇ ਆਰਐਸਐਸ ਦਾ ਜ਼ਿਕਰ ਕੀਤਾ ਹੈ। ਇਹ ਸਾਰੇ ਲੀਡਰ ਸੁਖਬੀਰ ਸਿੰਘ ਬਾਦਲ ਦੀਆਂ ਗ਼ਲਤੀਆਂ ਨੂੰ ਛੁਪਾਉਣ ਵਾਸਤੇ ਇਸ ਤਰ੍ਹਾਂ ਦੇ ਸਾਜ਼ਸ਼ ਤਹਿਤ ਇਲਜ਼ਾਮ ਰਹੇ ਹਨ। ਜਥੇਦਾਰਾਂ ਬਾਰੇ ਜੋ ਬਿਆਨ ਦਿਤਾ ਗਿਆ, ਉਸ ਵਿਚ ਇਨ੍ਹਾਂ ਨੇਤਾਵਾਂ ਦੀ ਮਾਨਸਿਕਤਾ ਝਲਕ ਰਹੀ ਹੈ।

ਇਹ ਸੋਚ ਰਹੇ ਹਨ ਕਿ ਜਥੇਦਾਰ ਸਾਡੇ ਮੁਤਾਬਕ ਫ਼ੈਸਲਾ ਲੈਣ ਅਤੇ ਜੇਕਰ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਤਹਿਤ ਫ਼ੈਸਲਾ ਲੈਂਦੇ ਹਨ ਤਾਂ ਉਨ੍ਹਾਂ ਉਪਰ ਤੋਹਮਤ ਲਗਾਈ ਜਾਂਦੀ ਹੈ। ਇਹ ਜਥੇਦਾਰ ਦਾ ਅਪਮਾਨ ਹੈ ਸਿੱਖ ਕੌਮ ਲਈ ਦਾ ਇਹ ਮਸਲਾ ਬਹੁਤ ਗੰਭੀਰ ਭਾਵਨਾਤਮਕ ਹੈ। ਵਿਰਸਾ ਸਿੰਘ ਵਲਟੋਹਾ ਨੇ ਨਾ ਸਿਰਫ਼ ਜਥੇਦਾਰਾਂ ਦੇ ਕਾਰਜ ਖੇਤਰ ਸਵਾਲ ਚੁੱਕੇ ਸਗੋਂ ਸੁਖਬੀਰ ਬਾਦਲ ਦੇ ਸਪਸ਼ਟੀਕਰਨ ਨੂੰ ਵੀ ਘੇਰੇ ਵਿਚ ਲਿਆਂਦਾ।