Panthak News: ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਰੋਕਣ ਦੀ ਬਿਪਰਵਾਦੀ ਸਾਜ਼ਸ਼ ਤੋਂ ਸ਼੍ਰੋਮਣੀ ਕਮੇਟੀ ਸੁਚੇਤ ਰਹੇ : ਗਿਆਨੀ ਜਾਚਕ
Panthak News: ਪ੍ਰਵਾਸੀ ਭਾਰਤੀ, ਸਿੱਖ ਵਿਦਵਾਨ ਨੇ ਸ਼੍ਰੋਮਣੀ ਕਮੇਟੀ ਤੋਂ ਪੁਛੇ ਕਈ ਅਹਿਮ ਸਵਾਲ?
Panthak News: ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ਸਿੱਖ ਰਹਿਤ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਹਿਤ ਪ੍ਰਕਾਸ਼ ਲਈ ਸਥਾਨ ਤੇ ਵਿਛਾਈ ਲਈ ਬਸਤਰ ਸਾਫ਼-ਸੁਥਰੇ, ਮੰਜੀ, ਗਦੇਲੇ, ਚੰਦੋਆ, ਚੌਰ ਤੇ ਰੁਮਾਲ ਆਦਿਕ ਸਮਾਨ ਗੁਰਦੁਆਰਾ ਸਾਹਿਬਾਨ ਦੇ ਪ੍ਰਕਾਸ਼-ਸਥਾਨ (ਸਤਿਸੰਗ-ਸਥਾਨ, ਦੀਵਾਨ ਹਾਲ) ਲਈ ਅਤਿ ਲੋੜੀਂਦਾ ਹੈ। ਗੁਰਬਾਣੀ ਦੀਆਂ ਸੰਥਾ ਸੈਂਚੀਆਂ, ਗੁਟਕਿਆਂ ਤੇ ਗੁਰਬਾਣੀ ਦੀ ਵਿਆਖਿਆ ਰੂਪ ਹੋਰ ਧਾਰਮਕ ਪੁਸਤਕਾਂ ਲਈ ਉਪਰੋਕਤ ਕਿਸਮ ਦਾ ਕੋਈ ਵਿਧਾਨ ਨਹੀਂ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਅਤ ਸੰਭਾਲ ਲਈ ਸੁਖਾਸਨ-ਸਥਾਨ ਦਾ ਵੀ ਕੋਈ ਵੇਰਵਾ ਨਹੀਂ ਹੈ ਕਿਉਂਕਿ ਮਰਿਆਦਾ ਸਥਾਪਤ ਕਰਨ ਵਾਲੇ ਸਾਡੇ ਬਜ਼ੁਰਗ ਮੁਖੀਏ ਉੱਚੇ ਦਰਜੇ ਦੇ ਵਿਦਵਾਨ, ਦੂਰ-ਦਿ੍ਰਸ਼ਟ ਤੇ ਅਜੋਕੇ ਸਿੱਖ ਆਗੂਆਂ ਤੋਂ ਵੱਧ ਸ਼ਰਧਾਲੂ ਗੁਰਸਿੱਖ ਸਨ। ਉਹ ਗੁਰਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਭਾਈ ਗੁਰਦਾਸ ਜੀ ਮੁਤਾਬਕ ਗੁਰੂ ਸਾਹਿਬਾਨ ਦੀ “ਘਰਿ ਘਰਿ ਅੰਦਰਿ ਧਰਮਸ਼ਾਲ..॥’’ ਵਾਲੀ ਲੰਮੀ ਨਦਰ ਤੇ ਵਿਉਂਤਬੰਦੀ ਨੂੰ ਸਦਾ ਧਿਆਨ ਵਿਚ ਰਖਦੇ ਸਨ।
ਇਸ ਲਈ ਸਿੱਖ ਰਹਿਤ ਮਰਿਆਦਾ ਵਿਚ ਉਨ੍ਹਾਂ ਅਜਿਹੀ ਕੋਈ ਮੱਦ ਨਹੀਂ ਲਿਖੀ, ਜੋ ਭਵਿੱਖ ਵਿਚ ਗੁਰਬਾਣੀ ਸਤਿਕਾਰ ਦੇ ਬਹਾਨੇ ਪ੍ਰਚਾਰ ਤੇ ਪ੍ਰਸਾਰ ਪੱਖੋਂ ਰੁਕਾਵਟ ਬਣ ਸਕੇ। ਇਹ ਵਿਚਾਰ ਹਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਬਕਾ ਗ੍ਰੰਥੀ ਤੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨੇ ਨਿਊਯਾਰਕ ਤੋਂ ਅਪਣੇ ਈਮੇਲ ਪ੍ਰੈਸ-ਨੋਟ ’ਤੇ ਪੱਤਰਕਾਰ ਰਾਹੀਂ ਅਦਾਰਾ ‘ਰੋਜ਼ਾਨਾ ਸਪੋਕਸਮੈਨ’ ਨਾਲ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਵਿਚ ਵਸਦੇ ਪੰਥ ਹਿਤਕਾਰੀ ਸੱਜਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉਸ ਬਿਆਨ ਪੱਖੋਂ ਬੜੇ ਚਿੰਤਤ ਹਨ ਜਿਸ ਵਲੋਂ 100 ਦੇਸ਼ਾਂ ਤਕ ਪਹੁੰਚ ਰੱਖਣ ਵਾਲੀਆਂ ਐਮਾਜ਼ੋਨ ਤੇ ਫਲਿਪਕਾਰਟ ਵਰਗੀਆਂ ਆਨਲਾਈਨ ਸਾਈਟਾਂ ਜਾਂ ਐਪਾਂ ਰਾਹੀਂ ਗੁਰਬਾਣੀ ਦੇ ਗੁਟਕੇ ਤੇ ਸੈਂਚੀਆਂ ਆਦਿਕ ਦੀ ਵਿਕਰੀ ਨੂੰ ਬੇਅਦਬੀ ਵਜੋਂ ਲੈਂਦਿਆਂ ਅਜਿਹੀ ਵਿਕਰੀ ਨੂੰ ਰੋਕਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ।
ਸੋਚਣ ਦੀ ਲੋੜ ਹੈ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ? ਕੀ ਕਲ ਨੂੰ ਗੁਰਬਾਣੀ ਦੀ ਸੰਥਿਆ, ਕੀਰਤਨ ਤੇ ਵਿਆਖਿਆ ਲਈ ਐਪ ਬਣਾਉਣ ’ਤੇ ਵੀ ਪਾਬੰਦੀਆਂ ਆਇਦ ਕਰਾਂਗੇ? ਕੀ ਏ.ਆਈ. ਦੇ ਯੁੱਗ ’ਚ ਗੁਰਬਾਣੀ ਦੇ ਮੂਲ-ਪਾਠ ’ਤੇ ਵੀ ਰੋਕ ਲਾ ਦੇਵਾਂਗੇ? ਕੀ ਅਖ਼ਬਾਰਾਂ ਤੇ ਮੈਗਜ਼ੀਨਾਂ ਰਾਹੀਂ ਗੁਰਮਤਿ ਦੀ ਵਿਆਖਿਆ ਸਬੰਧੀ ਕੋਈ ਲੇਖ ਛਾਪਣ ’ਤੇ ਵੀ ਪਾਬੰਦੀ ਲਾਵਾਂਗੇ?
ਐਸ.ਜੀ.ਪੀ.ਸੀ. ਅਪਣੀ ਵੈੱਬਸਾਈਟ ਰਾਹੀਂ ਅਪਣੀਆਂ ਪ੍ਰਕਾਸ਼ਨਾਵਾਂ ਦੀ ਵਿਕਰੀ ’ਤੇ ਵੀ ਰੋਕ ਲਾਏਗੀ? ਇਉਂ ਜਾਪਦਾ ਹੈ ਕਿ ਪ੍ਰਧਾਨ ਜੀ ਨੇ ਰਾਜਨੀਤਕਾਂ ਦੀ ਵੋਟ-ਬਟੋਰੂ ਨੀਤੀ ਤੇ ਬਿਪਰਵਾਦੀ ਨੀਤੀਆਂ ਦੀ ਏਜੰਟ ਬਣੀ ਸੰਪਰਦਾਈ ਸੰਕੀਰਨ ਸੋਚ ਦੇ ਦਬਾਅ ਹੇਠ ਅਜਿਹਾ ਕਦਮ ਚੁੱਕਿਆ ਹੈ। ਸ਼੍ਰੋਮਣੀ ਕਮੇਟੀ ਦਾ 50 ਸਾਲਾ ਇਤਿਹਾਸ ਦਸਦਾ ਹੈ ਕਿ ਗੁਰਬਾਣੀ ਸਬੰਧੀ ਅਜਿਹੇ ਮੁੱਦੇ ਸਦਾ ਕਮੇਟੀ ਦੇ ਜਨਰਲ ਹਾਊਸ ਵਿਚ ਵਿਚਾਰੇ ਜਾਂਦੇ ਰਹੇ ਹਨ। ਕੋਈ ਵੀ ਅਹੁਦੇਦਾਰ ਗੁਰਬਾਣੀ ਦੇ ਅਦਬ ਤੇ ਪ੍ਰਕਾਸ਼ਨਾ ਪ੍ਰਤੀ ਵਿਅਕਤੀਗਤ ਬਿਆਨ ਨਹੀਂ ਦਿੰਦਾ ਰਿਹਾ।
ਸਿੱਖ ਜਗਤ ਦੇ ਬੁੱਧੀਜੀਵੀ ਵਰਗ, ਸਿੱਖ ਮਿਸ਼ਨਰੀ ਸੰਸਥਾਵਾਂ ਅਤੇ ਹੋਰ ਪੰਥਕ ਹਿਤਕਾਰੀ ਸੱਜਣਾਂ ਨੂੰ ਇਸ ਪੱਖੋਂ ਅਪਣੀ ਰਾਇ ਸਾਂਝੀ ਕਰਨੀ ਚਾਹੀਦੀ ਹੈ, ਤਾਕਿ ਸਿੱਖ ਜਗਤ ਦੀ ਸ਼੍ਰੋਮਣੀ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਭਵਿੱਖ ਵਿਚ ਕਿਸੇ ਪ੍ਰਕਾਰ ਦੇ ਦਬਾਅ ਦੀ ਪ੍ਰਵਾਹ ਨਾ ਕਰੇ।