HSGPC: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਵਾਰ ਫਿਰ ਵਿਵਾਦਾਂ ਵਿਚ ਘਿਰੀ
ਸੰਘਰਸ਼ੀਲ ਮੈਂਬਰਾਂ ਨੇ ਕਮੇਟੀ ਤੇ ਬਾਦਲ ਦਲ ਦੇ ਕਬਜ਼ੇ ਦਾ ਲਗਾਇਆ ਦੋਸ਼
Haryana News: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਹਰਿਆਣਾ ਦੀਆਂ ਸਿੱਖ ਸੰਗਤਾਂ ਵਲੋਂ ਬਾਦਲ ਦਲ ਦੇ ਕੁਰੱਪਟ ਪ੍ਰਬੰਧ ਤੋਂ ਖਹਿੜਾ ਛੁਡਵਾਉਣ ਲਈ ਬੜੀ ਜਦੋਜਹਿਦ ਕਰ ਕੇ ਹੋਂਦ ਵਿਚ ਲਿਆਂਦੀ ਗਈ ਸੀ। ਹਰਿਆਣਾ ਦੇ ਗੁਰਦੁਆਰਿਆਂ ਦੇ ਵਖਰੇ ਪ੍ਰਬੰਧ ਲਈ ਹਰਿਆਣਾ ਦੇ ਸਿੱਖਾਂ ਨੇ ਕਰੜਾ ਸੰਘਰਸ਼ ਲੜਿਆ ਸੀ ਪਰ ਜਦੋਂ ਦੀ ਹਰਿਆਣਾ ਦੀ ਵਖਰੀ ਕਮੇਟੀ ਬਣੀ ਹੈ ਉਸ ਤੋਂ ਬਾਅਦ ਇਹ ਕਮੇਟੀ ਵਿਵਾਦਾਂ ਵਿਚ ਹੀ ਘਿਰੀ ਰਹੀ ਹੈ।
ਹੁਣ ਹਰਿਆਣਾ ਦੀ ਵਖਰੀ ਕਮੇਟੀ ਲਈ ਸੰਘਰਸ਼ ਕਰਨ ਵਾਲੇ ਮੈਂਬਰਾਂ ਵਲੋਂ ਕਮੇਟੀ ਦੇ ਉਤੇ ਬਾਦਲ ਦਲ ਦੇ ਕਬਜ਼ੇ ਦਾ ਆਰੋਪ ਲਗਾਇਆ ਹੈ। ਅੱਜ ਵਖਰੀ ਕਮੇਟੀ ਲਈ ਸੰਘਰਸ਼ਸ਼ੀਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਅੱਜ ਬੜੇ ਲੁਕਵੇਂ ਤਰੀਕੇ ਦੇ ਨਾਲ ਬਾਦਲ ਦਲ ਨੇ ਫਿਰ ਕਬਜ਼ਾ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਜਿਸ ਬਾਦਲ ਦਲ ਦੀ ਲੁੱਟ ਤੋਂ ਹਰਿਆਣੇ ਦੀਆਂ ਗੋਲਕਾਂ ਨੂੰ ਬਚਾਉਣ ਅਤੇ ਸੁਚੱਜਾ ਪ੍ਰਬੰਧ ਧਰਮ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਹਰਿਆਣੇ ਦੇ ਸਿੱਖਾਂ ਨੇ ਜੱਦੋਜਹਿਦ ਕੀਤੀ ਸੀ ਅਤੇ ਹਰਿਆਣਾ ਕਮੇਟੀ ਲਈ ਢਾਈ ਦਹਾਕੇ ਦੇ ਕਰੀਬ ਫ਼ੈਸਲਾਕੁਨ ਲੜਾਈ ਲੜੀ ਸੀ ਪਰ ਅੱਜ ਬਾਦਲ ਦਲ ਨੇ ਭਾਜਪਾ ਦੀ ਮਦਦ ਨਾਲ ਹਰਿਆਣਾ ਦੀ ਵਖਰੀ ਕਮੇਟੀ ਦੀ ਲੜਾਈ ਲੜਨ ਵਾਲੇ ਸਰਦਾਰ ਜਗਦੀਸ਼ ਸਿੰਘ ਝੀਂਡਾ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਭਾਈ ਦੀਦਾਰ ਸਿੰਘ ਨਲਵੀ ਵਰਗਿਆਂ ਨੂੰ ਇਸ ਕਮੇਟੀ ਦੇ ਪ੍ਰਬੰਧ ਤੋਂ ਬੜੀ ਸਾਜ਼ਸ਼ ਨਾਲ ਦੂਰ ਕਰ ਦਿਤਾ ਹੈ
ਅਤੇ ਜਿਨ੍ਹਾਂ ਨੇ ਹਮੇਸ਼ਾ ਬਾਦਲ ਦਲ ਵਾਸਤੇ ਕੰਮ ਕੀਤਾ ਅੱਜ ਉਨ੍ਹਾਂ ਨੂੰ ਹਰਿਆਣਾ ਕਮੇਟੀ ਦੇ ਪ੍ਰਬੰਧ ਉਪਰ ਕਾਬਜ਼ ਕਰਵਾ ਦਿਤਾ ਗਿਆ ਹੈ। ਪ੍ਰਬੰਧਕੀ ਢਾਂਚੇ ਤੋਂ ਇਲਾਵਾ ਦਫ਼ਤਰੀ ਸਟਾਫ਼ ਵਿਚ ਵੀ ਅੱਜ ਬਾਦਲ ਦਲ ਦੇ ਚਹੇਤੇ ਜਸਵਿੰਦਰ ਸਿੰਘ ਦੀਨਪੁਰ ਤਰਨਤਾਰਨ ਨੂੰ ਮੁੱਖ ਸਕੱਤਰ ਅਤੇ ਭਰਪੂਰ ਸਿੰਘ ਬਠਿੰਡਾ ਨੂੰ ਧਰਮ ਪ੍ਰਚਾਰ ਸਕੱਤਰ ਲਗਾ ਦਿਤਾ ਗਿਆ ਹੈ ਜੋ ਕਿ ਹਰਿਆਣਾ ਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਹੈ ਅਤੇ ਹਰਿਆਣਾ ਦੇ ਸਿੱਖਾਂ ਨਾਲ ਕੀਤਾ ਵੱਡਾ ਧੋਖਾ ਹੈ।
ਉਨ੍ਹਾਂ ਕਿਹਾ ਕਿ ਮਹੰਤ ਕਰਮਜੀਤ ਸਿੰਘ ਦੀ ਪ੍ਰਧਾਨਗੀ ਸਮੇਂ ਅਤੇ ਮੌਜੂਦਾ ਆਰਜ਼ੀ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ ਜਸਵਿੰਦਰ ਸਿੰਘ ਦੀਨਪੁਰ ਨੂੰ ਪੰਜਾਬ ਤੋਂ ਲਿਆ ਕੇ ਇਥੇ ਮੁੱਖ ਸਕੱਤਰ ਲਗਵਾ ਲਿਆ ਸੀ ਅਤੇ ਮਹੰਤ ਕਰਮਜੀਤ ਸਿੰਘ ਦੇ ਓਐਸਡੀ ਭਰਪੂਰ ਸਿੰਘ ਬਠਿੰਡਾ ਨੂੰ ਹੁਣ ਧਰਮ ਪ੍ਰਚਾਰ ਸਕੱਤਰ ਲਗਾ ਦਿਤਾ ਹੈ। ਜਦੋਂ ਕਿ ਹਰਿਆਣਾ ਵਿਚ ਸ਼ੁਰੂ ਤੋਂ ਦਫ਼ਤਰੀ ਕੰਮ ਕਰ ਰਿਹਾ ਬਹੁਤ ਹੀ ਮਿਹਨਤੀ ਅਤੇ ਸਿਆਣਾ ਸਟਾਫ਼ ਹੈ ਜਿਸ ਨੂੰ ਸਾਇਡ ਲਾਈਨ ਕਰ ਕੇ ਉਨ੍ਹਾਂ ਉਪਰ ਪੰਜਾਬ ਤੋਂ ਲਿਆ ਕੇ ਬਾਦਲ ਦਲ ਦੇ ਕਾਰਿੰਦਿਆਂ ਨੂੰ ਬਿਠਾ ਦਿਤਾ ਗਿਆ ਹੈ
ਜੋ ਕਿ ਹਰਿਆਣਾ ਵਿਚ ਕੰਮ ਕਰ ਰਹੇ ਮਿਹਨਤੀ ਸਟਾਫ਼ ਦੇ ਨਾਲ ਵੀ ਸਰਾਸਰ ਧੱਕਾ ਹੈ। ਜਥੇਦਾਰ ਮੰਡੇਬਰ ਨੇ ਕਿਹਾ ਕੇ ਹਰਿਆਣਾ ਕਮੇਟੀ ਵਾਸਤੇ ਸਰਦਾਰ ਝੀਂਡਾ ਤੇ ਸਰਦਾਰ ਨਲਵੀ ਨੇ ਸ਼ੁਰੂ ਤੋਂ ਸੰਘਰਸ਼ ਕੀਤਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਧਰਨੇ ਮੁਜ਼ਾਹਰੇ ਕੀਤੇ, ਮੁਕੱਦਮੇ ਝੱਲੇ, ਜਥੇਦਾਰ ਦਾਦੂਵਾਲ ਦੀ ਪ੍ਰਧਾਨਗੀ ਦੇ ਵਿਚ ਹਰਿਆਣਾ ਕਮੇਟੀ ਦਾ ਸੁਪਰੀਮ ਕੋਰਟ ਵਿਚੋਂ ਕੇਸ ਜਿੱਤਿਆ ਗਿਆ ਅਤੇ ਜਥੇਦਾਰ ਦਾਦੂਵਾਲ ਨੇ ਪਹਿਲਾਂ ਵੀ 2014 ਤੇ ਹੁਣ 20 ਫ਼ਰਵਰੀ 2023 ਨੂੰ ਕੁਰੂਕਸ਼ੇਤਰ ਸਮੇਤ ਹੋਰ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਕਮੇਟੀ ਨੂੰ ਲੈ ਕੇ ਦਿਤਾ
ਪਰ ਬਾਦਲ ਦਲ ਵਲੋਂ ਭਾਜਪਾ ਨਾਲ ਪੁਰਾਣੇ ਸਬੰਧਾਂ ਨੂੰ ਵਰਤਦੇ ਹੋਏ ਇਨਾਂ ਸੰਘਰਸ਼ੀ ਆਗੂਆਂ ਨੂੰ ਹਰਿਆਣਾ ਕਮੇਟੀ ਦੇ ਮੌਜੂਦਾ ਪ੍ਰਬੰਧ ਤੋਂ ਦੂਰ ਕਰ ਦਿਤਾ ਗਿਆ ਤੇ ਬਾਦਲ ਦਲ ਨੇ ਅਪਣੇ ਚਹੇਤੇ ਹਰਿਆਣਾ ਕਮੇਟੀ ਦੇ ਪ੍ਰਬੰਧਕ ਅਤੇ ਦਫ਼ਤਰੀ ਸਟਾਫ਼ ਵਿਚ ਫਿੱਟ ਕਰ ਦਿਤੇ ਹਨ ਜਿਨ੍ਹਾਂ ਨੇ ਗੁਰੂ ਦੇ ਖ਼ਜ਼ਾਨੇ ਦੀ ਬਾਦਲੀ ਲੁੱਟ ਵੱਡੇ ਪੱਧਰ ’ਤੇ ਸ਼ੁਰੂ ਕਰ ਦਿਤੀ ਹੈ ਜਿਸ ਦੇ ਪ੍ਰਗਟਾਵੇ ਜਲਦੀ ਆਉਣ ਵਾਲੇ ਦਿਨਾਂ ਵਿਚ ਕੀਤੇ ਜਾਣਗੇ ਜਿਸ ਦੀ ਹੁਣ ਹਰਿਆਣਾ ਦੀਆਂ ਸਿੱਖ ਸੰਗਤਾਂ ਨੂੰ ਸਮਝ ਆ ਰਹੀ ਹੈ ਕਿ ਇਹ ਸਾਰਾ ਕੁੱਝ ਬਾਦਲ ਬੀਜੇਪੀ ਦੀ ਮਿਲੀਭੁਗਤ ਦੇ ਨਾਲ ਬੜੀ ਸਾਜ਼ਸ਼ ਤਹਿਤ ਹੋ ਰਿਹਾ ਹੈ।
ਜਥੇਦਾਰ ਮੰਡੇਬਰ ਨੇ ਕਿਹਾ ਕਿ ਹਰਿਆਣਾ ਦੀਆਂ ਸਿੱਖ ਸੰਗਤਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਇਕ ਵੱਡੇ ਸੰਘਰਸ਼ ਦੇ ਰੂਪ ਵਿਚ ਇਨ੍ਹਾਂ ਬਾਦਲਦਲੀਆਂ ਦਾ ਕਬਜ਼ਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਟਾਉਣ ਲਈ ਪ੍ਰਚੰਡ ਸੰਘਰਸ਼ ਵਿੱਢਿਆ ਜਾਵੇਗਾ ਕਿਉਂਕਿ ਹਰਿਆਣਾ ਦੇ ਸਿੱਖ ਬਾਦਲ ਦਲ ਅਤੇ ਭਾਜਪਾ ਹਰਿਆਣਾ ਸਰਕਾਰ ਦੀ ਅਪਣੇ ਗੁਰਦੁਆਰਿਆਂ ਗੁਰਧਾਮਾਂ ਵਿਚ ਸਿਆਸੀ ਦਖ਼ਲਅੰਦਾਜ਼ੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਜਲਦ ਹੀ ਸ਼ੁਰੂ ਕੀਤਾ ਜਾਏਗਾ।
(For more news apart from HSGPC News, stay tuned to Rozana Spokesman)