ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਅੱਜ ਪਾਕਿਸਤਾਨ ਜਾਵੇਗਾ ਜੱਥਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਕਮੇਟੀ ਦਫ਼ਤਰ ਨੇ ਸ਼ਰਧਾਲੂਆਂ ਨੂੰ ਵੀਜ਼ਾ ਲੱਗੇ ਪਾਸਪੋਰਟ ਵੰਡੇ

Devotees will go to Pakistan today to celebrate Baba Nanak's Prakash Purab News

ਅੰਮ੍ਰਿਤਸਰ: ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਜਾਣ ਵਾਲੇ ਜਥੇ ਲਈ 763 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਹਨ, ਜਿਨ੍ਹਾਂ ਨੂੰ ਅੱਜ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ।

ਇਸ ਸਬੰਧ ਵਿਚ ਸ਼੍ਰੋਮਣੀ ਕਮੇਟੀ ਵਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਸੇ ਦੌਰਾਨ ਸ਼ਰਧਾਲੂਆਂ ਨੇ ਅਪਣੇ ਵੀਜ਼ਾ ਲੱਗੇ ਪਾਸਪੋਰਟ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕੀਤੇ। ਪਾਸਪੋਰਟ ਵੰਡਣ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦਸਿਆ ਕਿ 2244 ਸ਼ਰਧਾਲੂਆਂ ਦੇ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੂੰ ਭੇਜੇ ਗਏ ਸਨ, ਜਿਨ੍ਹਾਂ ਵਿਚੋਂ ਸਫ਼ਾਰਤਖ਼ਾਨੇ ਨੇ 763 ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕੀਤਾ ਹੈ।

ਉਨ੍ਹਾਂ ਕਿਹਾ ਕਿ 1481 ਸ਼ਰਧਾਲੂਆਂ ਨੂੰ ਦੂਤਾਵਾਸ ਨੇ ਵੀਜ਼ਾ ਨਹੀਂ ਦਿਤਾ। ਉਨ੍ਹਾਂ ਕਿਹਾ ਕਿ ਸਿੱਖ ਸ਼ਰਧਾਲੂਆਂ ਦੇ ਵੱਡੀ ਗਿਣਤੀ ਵਿਚ ਵੀਜ਼ੇ ਰੱਦ ਕਰਨਾ ਮੰਦਭਾਗਾ ਹੈ। ਉਨ੍ਹਾਂ ਦਸਿਆ ਕਿ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਨਾਮ ਸਿੰਘ ਜੱਸਲ ਕਰ ਰਹੇ ਹਨ, ਜਦਕਿ ਜਥੇ ਦੇ ਡਿਪਟੀ ਲੀਡਰ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਸ਼ਰਨਜੀਤ ਕੌਰ ਅਤੇ ਜਨਰਲ ਪ੍ਰਬੰਧਕ ਵਜੋਂ ਇੰਚਾਰਜ ਸ. ਪਲਵਿੰਦਰ ਸਿੰਘ ਤੇ ਸ. ਗੁਰਮੀਤ ਸਿੰਘ ਜਾਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਹਰਭਜਨ ਸਿੰਘ ਵਕਤਾ, ਸੁਪ੍ਰਿੰਟੈਂਡੈਂਟ ਸ. ਨਿਸ਼ਾਨ ਸਿੰਘ ਅਤੇ ਇੰਚਾਰਜ ਯਾਤਰਾ ਸ. ਪਲਵਿੰਦਰ ਸਿੰਘ ਵੀ ਮੌਜੂਦ ਸਨ।