ਪਾਕਿ 'ਚ ਗੁਰਦੁਆਰੇ ਨੇੜੇ ਸਭਿਆਚਾਰਕ ਸਮਾਗਮ ਵਿਵਾਦਾਂ ਵਿਚ, ਸਮਾਗਮ ਵਿਚ ਭੰਗੜਾ, ਨੱਚਣ ਤੇ ਗੀਤ ਗਾਉਣ 'ਤੇ ਪ੍ਰਗਟਾਇਆ ਇਤਰਾਜ਼
ਇਹ ‘ਸੂਫ਼ੀ ਨਾਈਟ' ਸੀ ਜੋ ਗੁਰਦੁਆਰਾ ਕੰਪਲੈਕਸ ਤੋਂ ਦੂਰ ਹਜ਼ੂਰੀ ਬਾਗ਼ ਵਿਚ ਸੀ : ਪੀਐਸਜੀਪੀਸੀ ਪ੍ਰਧਾਨ
ਨਵੀਂ ਦਿੱਲੀ, : ਲਾਹੌਰ ਵਿਚ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਨੇੜੇ ਬੁਧਵਾਰ ਸ਼ਾਮ ਨੂੰ ਹੋਇਆ ਇਕ ‘ਸਭਿਆਚਾਰਕ ਸਮਾਗਮ’ ਵਿਵਾਦਾਂ ਵਿਚ ਘਿਰ ਗਿਆ ਹੈ। ਸੂਤਰਾਂ ਨੇ ਦਸਿਆ ਕਿ ਪਾਕਿਸਤਾਨ ਸਰਕਾਰ ਦੁਆਰਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਅਧਿਕਾਰੀਆਂ ਦੀ ਮੌਜੂਦਗੀ ਵਿਚ ਆਯੋਜਿਤ ਇਸ ਸਮਾਗਮ ਵਿਚ ਕਥਿਤ ਤੌਰ ’ਤੇ ਭੰਗੜਾ, ਨੱਚਣਾ ਅਤੇ ਗਾਉਣਾ ਸ਼ਾਮਲ ਸੀ।
ਆਲੋਚਕਾਂ ਦਾ ਤਰਕ ਹੈ ਕਿ ਪੰਜਵੇਂ ਸਿੱਖ ਗੁਰੂ, ਗੁਰੂ ਅਰਜਨ ਦੇਵ ਦੇ ਸ਼ਹੀਦੀ ਸਥਾਨ ਨੇੜੇ ਅਜਿਹਾ ਸਮਾਗਮ ਕਰਵਾਉਣਾ ਸਿੱਖ ‘ਮਰਯਾਦਾ’ (ਆਚਾਰ ਸੰਹਿਤਾ) ਅਤੇ ਉਸ ਸਥਾਨ ਦੀ ਪਵਿੱਤਰਤਾ ਦੀ ਉਲੰਘਣਾ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਘੱਟ ਗਿਣਤੀ ਮਾਮਲਿਆਂ ਦੇ ਸੂਬਾਈ ਮੰਤਰੀ ਅਤੇ ਪੀਐਸਜੀਪੀਸੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਮਾਮਲੇ ਨੂੰ ਬੇਲੋੜਾ ਸਨਸਨੀਖੇਜ਼ ਬਣਾਇਆ ਜਾ ਰਿਹਾ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਸਮਾਗਮ ਸਿੱਖ ਸ਼ਰਧਾਲੂਆਂ ਦੇ ਸਨਮਾਨ ਵਿਚ ਆਯੋਜਿਤ ਇਕ ‘ਸੂਫ਼ੀ ਨਾਈਟ’ ਸੀ ਅਤੇ ਇਹ ਗੁਰਦੁਆਰਾ ਕੰਪਲੈਕਸ ਤੋਂ ਦੂਰ ਹਜ਼ੂਰੀ ਬਾਗ ਵਿਖੇ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਇਹ ਸਥਾਨ ਮਸਜਿਦ ਕੰਪਲੈਕਸ ਦਾ ਹਿੱਸਾ ਹੈ ਅਤੇ ਸ਼ਾਹੀ ਕਿਲ੍ਹੇ ਦੇ ਸਾਹਮਣੇ ਸਥਿਤ ਹੈ।
ਇਹ ਸਥਾਨ ਆਮ ਤੌਰ ’ਤੇ ਰਾਜ ਮਹਿਮਾਨਾਂ ਲਈ ਸਮਾਗਮਾਂ ਲਈ ਵਰਤਿਆ ਜਾਂਦਾ ਹੈ। ਇਹ ‘ਨਾਚ-ਅਤੇ-ਗਾਇਨ’ ਪ੍ਰੋਗਰਾਮ ਨਹੀਂ ਸੀ, ਸਗੋਂ ਸਾਡੇ ਕਲਾਕਾਰਾਂ ਦੁਆਰਾ ਪੇਸ਼ ਕੀਤੀ ਗਈ ਇਕ ਸੂਫ਼ੀ ਨਾਈਟ ਸੀ। ਹਾਲਾਂਕਿ, ਕੁਝ ਸਿੱਖਾਂ ਨੇ ਤਾਲ ’ਤੇ ਕੁਝ ਨਾਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ... ਸਾਡੇ ਵਲੋਂ ਕਿਸੇ ਨੇ ਵੀ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਹੀਂ ਕਿਹਾ ਗਿਆ।’’