15 ਸਾਲ ਬਾਦਲਾਂ ਨੂੰ ਪੰਥਕ ਮੁੱਦਿਆਂ ਦਾ ਚੇਤਾ ਕਿਉਂ ਨਾ ਆਇਆ: ਸਰਨਾ

ਪੰਥਕ, ਪੰਥਕ/ਗੁਰਬਾਣੀ

ਨਵੀ ਦਿੱਲੀ 3 ਜਨਵਰੀ (ਅਮਨਦੀਪ ਸਿੰਘ) ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਜੋ ਸਿੱਖਾਂ ਨੂੰ ਹਿੰਦੂ ਸਾਬਤ ਕਰਦੀ ਹੈ, ਵਿਚ ਸੋਧ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਵਲੋਂ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਨ ਪਿਛੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਨੇ ਤਿੱਖਾ ਵਿਅੰਗ ਕਰਦਿਆਂ ਕਿਹਾ ਹੈ ਕਿ ਜਦ ਸ਼੍ਰੋਮਣੀ ਅਕਾਲੀ ਦਲ ਬਾਦਲ ਸੱਤਾ ਤੋਂ ਬਾਹਰ ਹੋ ਜਾਂਦਾ ਹੈ, ਉਦੋਂ ਹੀ ਇਨ੍ਹਾਂ ਨੂੰ ਪੰਥਕ ਮੁੱਦੇ ਚੇਤੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ 15 ਸਾਲ ਪੰਥਕ ਮੁੱਦੇ ਦਾ ਚੇਤਾ ਕਿਉਂ ਨਹੀਂ ਆਇਆ। ਉਨ੍ਹਾਂ ਧਾਰਾ 25 ਬੀ ਵਿਚ ਸੋਧ ਕਰਨ ਦੀ ਹਮਾਇਤ ਕਰਦਿਆਂ ਪੁਛਿਆ ਕਿ ਬਾਦਲ ਦਲ ਸਿੱਖਾਂ ਨੂੰ ਅਪਣਾ ਸਟੈਂਡ ਸਪਸ਼ਟ ਕਰੇ ਕਿ ਆਖਰ ਕਿਉਂ ਉਹ ਹੁਣ ਤੱਕ ਇਸ ਬਾਰੇ ਚੁਪ ਰਿਹਾ ?

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਤਿੰਨ ਸਾਲ ਤੋਂ ਬਾਦਲ ਪਰਵਾਰ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰੀ ਕੈਬਨਿਟ ਮੰਤਰੀ ਚਲੀ ਆ ਰਹੀ ਹੈ ਤੇ ਕੇਂਦਰ ਸਰਕਾਰ ਹੋਂਦ ਵਿਚ ਆਉਣ ਪਿਛੋਂ ਪੂਰੇ ਢਾਈ ਸਾਲ ਪੰਜਾਬ ਵਿਚ ਬਾਦਲ ਸਰਕਾਰ ਰਹੀ, ਉਦੋਂ ਉਨਾਂ੍ਹ ਕਿਉਂ ਧਾਰਾ 25( ਬੀ) ਵਿਚ ਸੋਧ ਦਾ ਮੁੱਦਾ ਨਹੀਂ ਚੁਕਿਆ? ਸ. ਸਰਨਾ ਨੇ ਦਾਅਵਾ ਕੀਤਾ ਕਿ ਜਦ ਕੇਂਦਰ ਵਿਚ ਯੂ.ਪੀ.ਏ. ਸਰਕਾਰ ਸੀ, ਉਦੋਂ ਅਨੰਦ ਮੈਰਿਜ ਐਕਟ ਬਣਵਾਉਣ ਸਣੇ ਸਿੱਖਾਂ ਦੀ ਕਾਲੀ ਸੂਚੀ ਰੱਦ ਕਰਵਾਉਣ ਅਤੇ ਹੋਰ ਕਈ ਸਿੱਖ ਮੰਗਾਂ ਮੰਨਵਾ ਲਈਆਂ ਸਨ,  ਪਰ ਹੁਣ ਵੀ ਉਹ ਬਾਦਲ ਦਲ ਨੂੰ ਸਿੱਖ ਮਸਲਿਆਂ ਬਾਰੇ ਪੂਰੀ ਹਮਾਇਤ ਦੇਣ ਲਈ ਤਿਆਰ ਹਨ, ਬਸ਼ਰਤੇ ਬਾਦਲ ਦਲ ਸਿੱਖਾਂ ਨੂੰ ਅਪਣੀ ਨੀਅਤ ਤੇ ਨੀਤੀ ਸਪਸ਼ਟ ਕਰੇ ਕਿ ਕੀ ਉਹ ਵਾਕਈ ਸਿੱਖਾਂ ਦੇ ਦਹਾਕਿਆਂ ਤੋਂ ਲਟਕਦੇ ਆ ਰਹੇ ਮੁੱਦਿਆਂ ਬਾਰੇ ਸੁਹਿਰਦ ਤੇ ਸੰਜੀਦਾ ਹਨ ਜਾਂ ਨਹੀਂ?
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਸ.ਪ੍ਰਕਾਸ਼ ਸਿੰਘ ਬਾਦਲ ਵਲੋਂ ਬੀਤੇ ਵਿਚ ਸੰਵਿਧਾਨ ਦੀਆਂ ਕਾਪੀਆਂ ਨੂੰ ਸਾੜਨ ਦਾ ਚੇਤਾ ਕਰਵਾਉਂਦੇ ਹੋਏ ਸ.ਸਰਨਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਇਕ ਪਵਿੱਤਰ ਦਸਤਾਵੇਜ਼ ਹੈ, ਉਸਨੂੰ ਸਾੜਨਾ ਕੋਈ ਚੰਗਾ ਕੰਮ ਨਹੀਂ ਸੀ, ਫਿਰ ਅੱਜ ਤੋਂ 33 ਸਾਲ ਪਹਿਲਾਂ ਸ.ਬਾਦਲ ਨੇ ਦਿੱਲੀ ਵਿਚ ਗੁਰਦਵਾਰਾ ਬੰਗਲਾ ਸਾਹਿਬ ਦੇ ਬਾਹਰ ਤੇ ਪੰਜਾਬ ਵਿਧਾਨ ਸਭਾ ਸਾਹਮਣੇ ਸੰਵਿਧਾਨ ਦੀ ਧਾਰਾ 25 (ਬੀ ) ਦੀਆਂ ਕਾਪੀਆਂ ਸਾੜ੍ਹ ਕੇ ਰੋਸ ਪ੍ਰਗਟਾਇਆ ਸੀ, ਤੇ ਹੈਰਾਨੀ ਦੀ ਗੱਲ ਹੈ ਕਿ 15 ਸਾਲ ਪੰਜਾਬ ਦੀ ਸੱਤਾ 'ਤੇ ਕਾਬਜ਼ ਰਹਿਣ ਦੇ ਬਾਵਜੂਦ ਬਾਦਲ ਨੇ ਕੇਂਦਰ ਦੀਆਂ ਸਰਕਾਰਾਂ ਕੋਲੋਂ ਇਸ ਧਾਰਾ ਵਿਚ ਸੋਧ ਕਰਵਾਉਣ ਦਾ ਕਦੇ ਕੋਈ ਇਮਾਨਦਾਰਾਨਾ ਯਤਨ ਨਹੀਂ ਕੀਤਾ। ਸਪਸ਼ਟ ਹੈ ਕਿ ਸੱਤਾ ਖੁਸੱਣ ਪਿਛੋਂ ਹੀ ਬਾਦਲਾਂ ਨੂੰ ਪੰਥ ਚੇਤੇ ਆਉਂਦਾ ਹੈ।