ਸ਼੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ 'ਚੋਂ ਛੁਡਵਾਉਣ ਲਈ ਟਕਸਾਲੀਆਂ ਦਾ ਫੂਲਕਾ ਨੂੰ ਸਮਰਥਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰਵਾਰਵਾਦ ਤੋਂ ਮੁਕਤ ਕਰਵਾਉਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਯਤਨਸ਼ੀਲ ਹਨ.....

Sewa Singh Sekhwan

ਐਸ.ਏ.ਐਸ.ਨਗਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰਵਾਰਵਾਦ ਤੋਂ ਮੁਕਤ ਕਰਵਾਉਣ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਯਤਨਸ਼ੀਲ ਹਨ। ਅਜਿਹੇ ਵਿਚ ਅਕਾਲੀ ਦਲ ਟਕਸਾਲੀ ਆਗੂਆਂ ਵਲੋਂ ਵੀ ਬਿਆਨ ਦਿਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ ਨੇ ਸਪੋਕਸਮੈਨ ਟੀਵੀ 'ਤੇ ਇੰਟਰਵਿਊ ਦੌਰਾਨ ਕੁੱਝ ਅਹਿਮ ਗੱਲਾਂ ਦੇ ਪ੍ਰਗਟਾਵੇ ਕਰਦੇ ਹੋਏ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਲੋਂ ਐਚ ਐਸ ਫੂਲਕਾ ਦਾ ਪੂਰਾ ਸਮਰਥਨ ਕੀਤਾ ਜਾਵੇਗਾ ਅਤੇ ਉਹ ਐਸਜੀਪੀਸੀ ਨੂੰ ਬਾਦਲਾਂ ਦੇ ਚੁੰਗਲ ਵਿਚੋਂ ਛੁਡਾਉਣ ਲਈ ਵੱਡੇ ਪੱਧਰ 'ਤੇ ਕੋਸ਼ਿਸ਼ਾਂ ਜਾਰੀ ਰੱਖਣਗੇ।

ਗੱਲਬਾਤ ਦੌਰਾਨ ਉਨ੍ਹਾਂ ਦਸਿਆ ਕਿ ਉਨ੍ਹਾਂ ਦੀ 4 ਮੈਂਬਰੀ ਮੀਟਿੰਗ ਦੌਰਾਨ ਐਚ.ਐਸ ਫੂਲਕਾ ਨੇ ਦਸਿਆ ਕਿ ਉਨ੍ਹਾਂ ਨੇ ਸ਼੍ਰ੍ਰੋਮਣੀ ਕਮੇਟੀ ਨੂੰ ਬਾਦਲਾਂ ਦੇ ਚੁੰਗਲ ਵਿਚੋਂ ਛੁਡਵਾਉਣ ਲਈ ਇਕ ਪ੍ਰੋਗਰਾਮ ਉਲੀਕਿਆ ਹੈ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਵਾਰ ਮੁਕਤ ਬਣਾਉਣਾ ਚਾਹੁੰਦੇ ਹਨ ਅਤੇ ਇਸ ਨਾਲ ਹੀ ਰਾਜਨੀਤੀ ਤੋਂ ਵੀ ਐਸਜੀਪੀਸੀ ਨੂੰ ਵੱਖ ਕਰਨਾ ਚਾਹੁੰਦੇ ਹਨ। ਮੀਟਿੰਗ ਦੌਰਾਨ ਟਕਸਾਲੀ ਆਗੂਆਂ ਵਲੋਂ ਵੀ ਫੂਲਕਾ ਦਾ ਪੂਰਾ ਸਮਰਥਨ ਦੇਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਦਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 2016 ਵਿਚ ਹੋਣੀਆਂ ਚਾਹੀਦੀਆਂ ਸਨ ਪਰ ਅਜੇ ਤਕ ਨਹੀਂ ਹੋਈਆਂ। ਫੂਲਕਾ ਵਲੋਂ ਕਈ ਵਾਰ ਯਤਨ ਵੀ ਕੀਤੇ ਗਏ।

ਪ੍ਰਧਾਨ ਮੰਤਰੀ ਆਫ਼ਿਸ ਵਲੋਂ ਇਕ ਚਿੱਠੀ ਵੀ ਜਾਰੀ ਕੀਤੀ ਗਈ ਹੈ ਜਿਸ ਵਿਚ ਦਸਿਆ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ 2016 ਦੀ ਮਿਆਦ ਖ਼ਤਮ ਹੋ ਚੁਕੀ ਹੈ ਅਤੇ ਜਲਦੀ ਚੋਣਾਂ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕਲ ਵਿਧਾਨ ਸਭਾ ਸੈਸ਼ਨ ਦੌਰਾਨ ਉਹ ਚਿੱਠੀ ਮੁੱਖ ਮੰਤਰੀ ਦੇ ਸਾਹਮਣੇ ਰੱਖੀ ਗਈ ਅਤੇ ਮੰਗ ਕੀਤੀ ਗਈ ਕਿ ਪੰਜਾਬ ਵਿਧਾਨ ਸਭਾ ਐਸਜੀਪੀਸੀ ਦੀਆਂ ਚੋਣਾਂ ਦਾ ਮਤਾ ਪਾਸ ਕਰੇ ਤਾਂ ਜੋ ਕੇਂਦਰ ਜਲਦੀ ਤੋਂ ਜਲਦੀ ਚੋਣਾਂ ਕਰਵਾਏ। ਇਸ ਲਈ ਫੂਲਕਾ ਵਲੋਂ ਮਤਾ ਪਾਸ ਕਰਵਾ ਦਿਤਾ ਗਿਆ ਹੈ ਕਿ ਕੇਂਦਰ ਸਰਕਾਰ ਜਲਦੀ ਤੋਂ ਜਲਦੀ ਚੋਣ ਕਰਵਾਏ।

ਸੇਵਾ ਸਿੰਘ ਸੇਖਵਾਂ ਵਲੋਂ ਅਕਾਲੀ ਦਲ ਛੱਡਣ ਸਮੇਂ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਨੂੰ ਪ੍ਰਧਾਨਗੀ ਨਹੀਂ ਦਿਤੀ ਗਈ ਜਿਸ ਕਰ ਕੇ ਉਨ੍ਹਾਂ ਨੇ ਅਕਾਲੀ ਦਲ ਛੱਡਣ ਦਾ ਫ਼ੈਸਲਾ ਲਿਆ। ਇਸ ਦੌਰਾਨ ਸੇਵਾ ਸਿੰਘ ਸੇਖਵਾਂ ਨੇ ਇਸ ਦੋਸ਼ ਨੂੰ ਬੇਬੁਨਿਆਦ ਦਸਦੇ ਹੋਏ ਸਪੱਸ਼ਟ ਕੀਤਾ ਕਿ ਉਹ ਪ੍ਰਧਾਨਗੀ ਲਈ ਨਾ ਕਦੀ ਉਮੀਦਵਾਰ ਸੀ, ਨਾ ਹੀ ਹੁਣ ਹਨ ਅਤੇ ਨਾ ਹੀ ਕਦੀ ਪ੍ਰਧਾਨਗੀ ਦੀ ਚੋਣ ਲੜਨ ਬਾਰੇ ਪਾਰਟੀ ਵਿਚ ਉਨ੍ਹਾਂ ਵਲੋਂ ਜ਼ਿਕਰ ਕੀਤਾ ਗਿਆ ਹੈ। ਇਸ ਵਾਰ ਵੀ ਉਹ ਨਾ ਤਾਂ ਪ੍ਰਧਾਨਗੀ ਲਈ ਚੋਣ ਲੜਨਗੇ ਅਤੇ ਨਾ ਹੀ ਉਨ੍ਹਾਂ ਨੇ ਅਜਿਹਾ ਸੋਚਿਆ ਹੈ। ਐਸਜੀਪੀਸੀ ਦੇ ਪ੍ਰਧਾਨ ਲਈ ਮੈਂਬਰ ਚੁਣ ਕੇ ਆਉਣਗੇ ਅਤੇ ਉਨ੍ਹਾਂ ਵਿਚੋਂ ਹੀ ਪ੍ਰਧਾਨ ਚੁਣਿਆ ਜਾਵੇਗਾ।

ਇਸ ਦੌਰਾਨ ਉਨ੍ਹਾਂ ਨੇ ਅਪਣੀ 2010 ਅਤੇ 2014 ਦੀ ਵੀਡੀਉ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਸ ਸਮੇਂ ਵੀ ਉਨ੍ਹਾਂ ਵਲੋਂ ਬਾਦਲਾਂ ਦੀ ਵਿਰੋਧਤਾ ਕੀਤੀ ਗਈ ਸੀ ਅਤੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਸੀ ਕਿ ਅਕਾਲੀ ਦਲ ਅਪਣਾ ਪੰਥਕ ਏਜੰਡਾ ਛੱਡ ਗਿਆ ਹੈ ਅਤੇ ਇਸ ਦਾ ਬਹੁਤ ਵੱਡਾ ਨੁਕਸਾਨ ਆਉਣ ਵਾਲੇ ਸਮੇਂ ਵਿਚ ਹੋਵੇਗਾ। ਹੁਣ ਅਜਿਹਾ ਹੀ ਹੋਇਆ ਹੈ ਕਿ ਅਕਾਲੀ ਦਲ 117 ਸੀਟਾਂ ਵਿਚੋਂ 15 ਸੀਟਾਂ 'ਤੇ ਸਿਮਟ ਕੇ ਰਹਿ ਗਿਆ।