ਜਿਹੜਾ ਅਕਾਲ ਤਖ਼ਤ ਦਾ ਆਦੇਸ਼ ਨਹੀਂ ਮੰਨਦਾ ਉਹ ਸਿੱਖ ਨਹੀਂ- ਜਥੇਦਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਿੱਜੀ ਰੰਜਿਸ਼ ਲਈ ਗੁਰਬਾਣੀ ਦਾ ਗਲਤ ਪ੍ਰਚਾਰ ਨਾ ਕੀਤਾ ਜਾਵੇ- ਜਥੇਦਾਰ ਅਕਾਲ ਤਖ਼ਤ

Photo

ਅੰਮ੍ਰਿਤਸਰ: ਬੀਤੇ ਦਿਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਵਿਚ ਅਕਾਲ ਤਖ਼ਤ ਸਾਹਿਬ ਵਿਖੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਪ੍ਰਚੰਡ ਕਰਨ ਅਤੇ ਟੀਵੀ ਚੈਨਲਾਂ ‘ਤੇ ਪ੍ਰਚਾਰ ਕਰਨ ਵਾਲੇ ਗ੍ਰੰਥੀ ਸਿੰਘਾਂ, ਕਥਾਵਾਚਕਾਂ, ਵਿਦਵਾਨਾਂ, ਮਿਸ਼ਨਰੀ ਅਤੇ ਟਕਸਾਲੀ ਪ੍ਰਚਾਰਕਾਂ ਦੀ ਇਕੱਤਰਤਾ ਸੱਦੀ ਗਈ।

ਇਸ ਮੌਕੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਇਲਾਵਾ ਗਿਆਨੀ ਹਰਪਾਲ ਸਿੰਘ, ਸਾਬਕਾ ਕਥਾਵਾਚਕ ਅਤੇ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਗਿਆਨੀ ਜਸਵੰਤ ਸਿੰਘ ਅਤੇ ਹੋਰ ਪ੍ਰਸਿੱਧ ਹਸਤੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸਾਡੇ ਪੰਥ ਅੰਦਰ ਦੋ ਵਿਚਾਰਧਾਰਾਵਾਂ ਚੱਲਦੀਆਂ ਆ ਰਹੀਆਂ ਹਨ ਇਕ ਸੰਪਰਦਾਇਕ ਵਿਚਾਰਧਾਰਾ ਅਤੇ ਦੂਜੀ ਮਿਸ਼ਨਰੀ ਵਿਚਾਰਧਾਰਾ ਹੈ।

ਦੋਵੇਂ ਗੁਰੂ ਗ੍ਰੰਥ ਨੂੰ ਸਮਰਪਿਤ ਹੈ ਤੇ ਦੋਵਾਂ ਦਾ ਮਕਸਦ ਵੀ ਇਕ ਹੀ ਹੈ। ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਸੀ, ਇਸ ਤਣਾਅ ਦੇ ਮਾਹੌਲ ਨੂੰ ਘੱਟ ਕਰਨ ਲਈ ਸਮੁੱਚੀ ਪ੍ਰਚਾਰਕ ਸ਼੍ਰੇਣੀ ਨੂੰ ਅਕਾਲ ਤਖ਼ਤ ਸਾਹਿਬ ਪਹੁੰਚਣ ਲਈ ਵਿਸ਼ੇਸ਼ ਸੱਦਾ ਇਸ ਲਈ ਦਿੱਤਾ ਗਿਆ ਹੈ। ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਸੋਸ਼ਲ ਮੀਡੀਆ ਅਤੇ ਪੰਥਕ ਸਟੇਜਾਂ ਰਾਹੀਂ ਪ੍ਰਚਾਰ ਕਰਨ ਵਾਲੇ ਵਿਦਵਾਨਾਂ ਅਤੇ ਪ੍ਰਚਾਰਕਾਂ ਦੇ ਬਹੁਤ ਭਰਮ ਭੁਲੇਖੇ ਪਾਏ ਜਾਂਦੇ ਰਹੇ ਹਨ।

ਉਹਨਾਂ ਕਿਹਾ ਇਸ ਮੌਕੇ ਦੋਨੇ ਧਾਰਾਵਾਂ ਨੇ ਇਕ ਦੂਜੇ ਦਾ ਸਤਿਕਾਰ ਕੀਤਾ ਹੈ ਤੇ ਇਕ ਦੂਜੇ ਦੇ ਵਿਚਾਰਾਂ ਨੂੰ ਸਲਾਹਿਆ ਹੈ।  ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਹਮੇਸ਼ਾਂ ਹੀ ਇਸ ਤਰ੍ਹਾਂ ਦੀ ਪਹਿਲਕਦਮੀ ਲਈ ਅੱਗੇ ਆਉਂਦਾ ਰਹੇਗਾ। ਉਹਨਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ ਨੂੰ ਦੋਵੇਂ ਵਿਚਾਰਧਾਰਾਵਾਂ ਦਾ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਉਹਨਾਂ ਕਿਹਾ ਕਿ ਜੋ ਅਕਾਲ ਤਖ਼ਤ ਦਾ ਆਦੇਸ਼ ਨਹੀਂ ਮੰਨਦਾ ਉਹ ਗੁਰੂ ਦਾ ਸਿੱਖ ਨਹੀਂ।

ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਦਿੱਤਾ ਗਿਆ ਕਿ ਅਪਣੀਆਂ ਨਿੱਜੀ ਰੰਜਿਸ਼ਾਂ ਨੂੰ ਲੈ ਕੇ ਕਦੇ ਵੀ ਪ੍ਰਚਾਰ ਕਰਨ ਸਮੇਂ ਕੋਈ ਅਜਿਹਾ ਸ਼ਬਦ ਨਾ ਬੋਲਿਆ ਜਾਵੇ, ਜਿਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ। ਇਸ ਮੌਕੇ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਵੱਲੋਂ ਕੀਤੀਆਂ ਜਾ ਰਹੀਆਂ ਬਿਆਨਬਾਜ਼ੀਆਂ ਦਾ ਵੀ ਜਵਾਬ ਦੱਤਾ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿਆਸਤਦਾਨਾਂ ਨੂੰ ਚਰਚਾ ਵਿਚ ਰਹਿਣ ਦੀ ਆਦਤ ਹੁੰਦੀ ਹੈ ਪਰ ਮੈਂ ਸਿਆਸੀ ਬੰਦਾ ਨਹੀਂ ਹਾਂ।

ਦਰਬਾਰ ਸਾਹਿਬ ਦੀ ਗੁਰਬਾਣੀ ‘ਤੇ ਕਬਜ਼ੇ ਬਾਰੇ ਪੁੱਛੇ ਗਏ ਸਵਾਲ ਨੂੰ ਲੈ ਕੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਟੀਵੀ ‘ਤੇ ਗੁਰਬਾਣੀ ਦਾ ਪ੍ਰਚਾਰ ਬੰਦ ਨਹੀਂ ਹੋਣਾ ਚਾਹੀਦਾ। ਇਸ ਮੌਕੇ ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਅਪਸ਼ਬਦ ਬੋਲਣ ਵਾਲੇ ਪਟਿਆਲਾ ਦੇ ਲਖਵਿੰਦਰ ਸਿੰਘ ਲੱਕੀ ਨੇ ਵੀ ਸ਼ਮੂਲੀਅਤ ਕੀਤੀ। ਉਹਨਾਂ ਨੇ ਬਾਬਾ ਬੰਦਾ ਸਿੰਘ ਬਾਰੇ ਅਪਸ਼ਬਦ ਬੋਲਣ ‘ਤੇ ਸਮੂਹ ਸਿੱਖ ਸੰਗਤ ਕੋਲੋਂ ਅਪਣੀ ਭੁੱਲ ਲਈ ਮਾਫੀ ਵੀ ਮੰਗੀ। ਇਸ ਮੌਕੇ ਗਿਆਨੀ ਨੇ ਕਿਹਾ ਗੁਰੂ ਸਾਹਿਬ ਦਾ ਸਿਧਾਂਤ ਹੈ ਸ਼ਰਨ ਆਏ ਨੂੰ ਮਾਫ ਕਰਨਾ, ਉਹਨਾਂ ਨੇ ਸੰਗਤਾਂ ਨੂੰ ਲਖਵਿੰਦਰ ਸਿੰਘ ਨੂੰ ਮਾਫ ਕਰਨ ਦੀ ਅਪੀਲ ਕੀਤੀ।