ਸਾਰਿਆਂ ਦੇ ਜੀਉਣ ਦੇ ਹੱਕ ਬਚਣੇ ਚਾਹੀਦੇ ਹਨ : ਪਰਮਜੀਤ ਕੌਰ ਖਾਲੜਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਹੈ ਕਿ ਕਸ਼ਮੀਰ ਹੋਵੇ ਜਾਂ ਗੁਜਰਾਤ...

Paramjit Kaur Khalra

ਅੰਮ੍ਰਿਤਸਰ : ਲੋਕ ਸਭਾ ਹਲਕਾ ਖਡੂਰ ਸਾਹਿਬ ਤੋ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਹੈ ਕਿ ਕਸ਼ਮੀਰ ਹੋਵੇ ਜਾਂ ਗੁਜਰਾਤ ਜਾਂ ਕੋਈ ਹੋਰ ਕਸਬਾ ਹਰ ਵਾਸੀ ਦੇ ਜੀਉਣ ਦੇ ਹੱਕ ਬਚਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਿਆਸਤ ਵਿੱਚ ਆਕੇ ਉਹ ਇਹ ਵਾਹ ਜ਼ਰੂਰ ਲਾਉਣਗੇ ਕਿ ਸਰਹੱਦੀ ਇਲਾਕੇ ਜੰਗ ਦਾ ਮੈਦਾਨ ਬਣਨ ਦੇ ਰਾਹ ਨਾ ਤੋਰੇ ਜਾਣ। 

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਚੋਣ ਮੈਨੀਫ਼ੈਸਟੋ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਬਖਸ਼ਿਸ਼ ਸਿਧਾਂਤ ਜੀਓ ਤੇ ਜਿਉਂਣ ਦਿਉ ਹੈ। ਮਨੁੱਖੀ ਅਧਿਕਾਰਾਂ ਦੇ ਰਾਖੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਚੋਣ ਲੜਨ ਦਾ ਫ਼ੈਸਲਾ ਕੋਈ ਸਿਆਸੀ ਲਾਹੇ ਲਈ ਨਹੀਂ, ਬਲਕਿ ਪੰਥਕ ਸੋਚ ਦੇ ਅਨੁਸਾਰੀ ਹੋ ਕੇ ਮਨੁੱਖਤਾ ਦੇ ਹੱਕਾਂ ਲਈ ਜੂਝਣ ਦੇ ਇਰਾਦੇ ਦਾ ਅਹਿਦ ਹੈ। ਉਨ੍ਹਾਂ ਕਿਹਾ ਸਿਆਸੀ ਲੋਕਾਂ ਦੇ ਮੁੱਦੇ ਤੇ ਮੈਨੀਫ਼ੈਸਟੋ ਤਾਂ ਹਵਾ ਦੇ ਗੁਬਾਰੇ ਵਾਂਗ ਹੁੰਦੇ ਹਨ, ਪਤਾ ਨਹੀ ਕਦੋਂ ਹਵਾ ਕਿਧਰ ਲੈ ਜਾਵੇ ਤੇ ਕਦੋਂ ਮਿੱਟੀ ਹੋ ਜਾਣ ਪਰ ਸ੍ਰੀ ਗੁਰੂ ਨਨਾਕ ਦੇਵ ਜੀ ਦੁਆਰਾ ਦ੍ਰਿੜ ਕਰਵਾਇਆ ਮਨੁੱਖੀ ਬਰਾਬਰਤਾ ਤੇ ਸਿਰ ਉਠਾ ਕੇ ਜੀਉਣ ਦਾ ਵਡਮੁੱਲਾ ਫ਼ਲਸਫ਼ਾ ਕਿਸੇ ਦੀ ਗ਼ੁਲਾਮੀ ਕਬੂਲ ਨਹੀਂ ਕਰਵਾਉਂਦਾ  ਤੇ ਆਖ਼ਰੀ ਦਮ ਤਕ ਹਕਾਂ ਲਈ ਲੜਨ ਦੇ ਰਾਹ ਤੋਰਦਾ ਹੈ। 

ਬਾਦਲ ਦਲ ਵਲੋਂ ਖਡੂਰ ਸਾਹਿਬ ਤੋਂ ਮੈਦਾਨ ਵਿਚ ਉਤਾਰੀ ਗਈ ਬੀਬੀ ਜਗੀਰ ਕੌਰ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ (ਬੀਬੀ ਜਗੀਰ ਕੌਰ) ਦੇ ਨਿਜੀ ਤੇ ਸਿਆਸੀ ਜੀਵਨ ਬਾਰੇ ਹਰ ਕੋਈ ਜਾਣਦਾ ਹੈ। ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਉਪਰੰਤ ਬਾਦਲ ਦਲ ਦੀ ਹਾਲਾਤ ਬਾਰੇ ਕਿਸੇ ਕੋਲੋਂ ਕੁੱਝ ਲੁਕਿਆ ਛਿਪਿਆ ਨਹੀ ਹੈ।