ਪੰਜ ਲੱਖ ਤੋਂ ਵੱਧ ਸੰਗਤਾਂ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਈਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜਥੇਦਾਰ ਰਘਬੀਰ ਸਿੰਘ ਨੇ ਦਿਤਾ ਕੌਮ ਦੇ ਨਾਮ ਸੰਦੇਸ਼, 5 ਹਜ਼ਾਰ ਪ੍ਰਾਣੀਆਂ ਨੇ ਕੀਤਾ ਅੰਮ੍ਰਿਤਪਾਨ

Jatha

ਅੱਜ ਖ਼ਾਲਸਾ ਸਾਜਨਾ ਦਿਵਸ ਦੇ ਜੌੜ ਮੇਲੇ ਮੌਕੇ ਵੱਡੀ ਗਿਣਤੀ 'ਚ ਸ਼ਰਧਾਲੂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਨਤਮਸਤਕ ਹੋਏ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਅੰਮ੍ਰਿਤਪਾਨ ਕੀਤਾ। ਪਿਛਲੇ ਦੋ ਦਿਨਾਂ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਕ ਦੀਵਾਨ ਵੀ ਸਜਾਏ ਗਏ ਜਿਸ ਵਿਚ ਰਾਗੀਆਂ ਢਾਡੀਆਂ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਅੱਜ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿ. ਰਘਬੀਰ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਅੱਜ ਸਾਨੂੰ ਲੋੜ ਹੈ ਕਿ ਅਸੀਂ ਅਪਣੀਆਂ ਨਿਜੀ ਰੰਜਸ਼ਾਂ, ਛੋਟੀਆਂ ਛੋਟੀਆਂ ਲੜਾਈਆਂ, ਨਫ਼ਰਤਾਂ, ਊਚ-ਨੀਚ ਦੇ ਭੇਦ ਭਾਵ ਮਿਟਾ ਕੇ ਇਕ ਹੋਈਏ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿਧਾਂਤ ਨੂੰ ਮਨ ਵਿਚ ਵਸਾ ਕੇ ਅੰਮ੍ਰਿਤਧਾਰੀ ਹੋਈਏ। ਉਨ੍ਹਾਂ ਕਿਹਾ ਕਿ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਸੰਗਤ ਨੂੰ ਇਹ ਸੰਦੇਸ਼ ਦਿਤਾ ਜਾਂਦਾ ਹੈ ਕਿ ਕੋਈ ਵੀ ਗੁਰਸਿੱਖ ਲੜਕੀ ਅਤੇ ਲੜਕੇ ਦੇ ਫ਼ਰਕ ਤੋਂ ਉਪਰ ਉਠ ਕੇ ਲੜਕੇ ਜਾਂ ਲੜਕੀ ਦਾ ਇਕੋ ਜਿਹਾ ਮਾਣ ਸਤਿਕਾਰ ਕਰੀਏ।

ਦਾਜ ਪ੍ਰਥਾ ਜਿਹੀ ਲਾਹਨਤ ਨੂੰ ਤਿਆਗੀਏ। ਵਿਆਹਾਂ ਦੀ ਫ਼ਜ਼ੂਲ ਖ਼ਰਚੀ ਅਤੇ ਸੱਭਿਆਚਾਰ ਦੇ ਨਾਮ ਤੇ ਹੋ ਰਹੇ ਸਿੱਖੀ ਵਿਰਸੇ ਦੇ ਘਾਣ ਤੋਂ ਬਚੀਏ ਅਤੇ ਗੁਰੂ ਸਾਹਿਬਾਨ ਦੇ ਨਾਮ ਤੇ ਬਣ ਰਹੀਆਂ ਫ਼ਿਲਮਾਂ, ਨਾਟਕ, ਗੀਤ ਆਦਿ ਜਿਸ ਨਾਲ ਸਿੱਖੀ ਦਾ ਘਾਣ ਹੋ ਰਿਹਾ ਹੈ, ਸਾਨੂੰ ਗੁਰਸਿੱਖਾਂ ਨੂੰ ਇਸ ਤੋਂ ਸੁਚੇਤ ਹੋਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਾਲ 1999 'ਚ ਮਨਾਏ ਗਏ 300 ਸਾਲਾਂ ਖਾਲਸਾ ਸਾਜਨਾ ਦਿਵਸ ਤੋਂ ਬਾਅਦ ਪੂਰੇ 18 ਸਾਲਾਂ ਮਗਰੋਂ ਪਹਿਲੀ ਵਾਰ ਸੰਗਤਾਂ ਦਾ ਹੜ੍ਹ ਵੇਖਿਆ ਗਿਆ ਹੈ।  ਤਖਤ ਸਾਹਿਬ ਾਂੋ ਦੇ ਅੰਕੜਿਆਂ ਅਨੁਸਾਰ ਹੁਣ ਤੱਕ 5 ਲੱਖ ਤੋਂ ਵੱਧ ਸੰਗਤਾਂ ਨੇ ਗੁਰੂ ਘਰਾਂ 'ਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਹੈ।ਇਸ ਮੌਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੌਫ:ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ:ਦਲਜੀਤ ਸਿੰਘ ਚੀਮਾ, ਤਖ਼ਤ ਸ਼੍ਰੀ ਕੇਸਗੜ ਦੇ ਹੈੱਡ ਗ੍ਰੰਥੀ ਭਾਈ ਫੂਲਾ ਸਿੰਘ, ਮੈਨੇਜਰ ਜਸਵੀਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਆਦਿ ਤੋਂ ਇਲਾਵਾ ਕਈ ਅਹਿਮ ਸ਼ਖਸ਼ੀਅਤਾਂ ਨੇ ਹਾਜ਼ਰੀਆਂ ਭਰੀਆਂ। ਮੇਲੇ ਦੋਰਾਨ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਮਕਸਦ ਨਾਲ ਜਿਥੇ ਪੁਲਿਸ ਪ੍ਰਸ਼ਾਸ਼ਨ ਵਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਉੱਥੇ ਵੱਖ-ਵੱਖ ਜਗ੍ਹਾ ਤੇ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੈਂਪ ਵੀ ਲਗਾਏ ਹੋਏ ਸਨ। ਇਸ ਮੌਕੇ ਪਰਮਜੀਤ ਸਿੰਘ ਸਰੋਆ, ਸੂਚਨਾ ਅਫ਼ਸਰ ਹਰਦੇਵ ਸਿੰਘ, ਹਰਜੀਤ ਸਿੰਘ ਅਚਿੰਤ, ਮਨਜਿੰਦਰ ਸਿੰਘ ਬਰਾੜ, ਜਿਲ੍ਹਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ, ਸਰੂਪ ਸਿੰਘ, ਭੁਪਿੰਦਰ ਸਿੰਘ, ਸਰਪੰਚ ਸੰਦੀਪ ਸਿੰਘ ਕਲੋਤਾ, ਸੁਰਜੀਤ ਸਿੰਘ, ਲਖਵਿੰਦਰ ਸਿੰਘ, ਦਵਿੰਦਰ ਸਿੰਘ, ਇੰਦਰਜੀਤ ਸਿੰਘ ਬੇਦੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।