ਪੰਥਕ ਧਿਰਾਂ ਦੀ ਰੈਲੀ 'ਚ ਗੂੰਜੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਲ ਖ਼ਾਲਸਾ, ਆਲਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਯੂਨਾਈਟਿਡ ਅਕਾਲੀ ਦਲ, ਅਕਾਲੀ ਦਲ 1920 ਅਤੇ ਹੋਰ ਪੰਥਕ ਧਿਰਾਂ ਨੇ ਹਾਜ਼ਰੀ ਭਰੀ।

Panthak rally

 ਦਮਦਮਾ ਸਾਹਿਬ ਵਿਖੇ ਪੰਥਕ ਧਿਰਾਂ ਵਲੋਂ ਕੀਤੇ ਗਏ ਪੰਥਕ ਇਕੱਠ ਵਿਚ ਸਰਬਤ ਖ਼ਾਲਸਾ ਵਿਚ ਥਾਪੇ ਗਏ ਦੋ ਜਥੇਦਾਰਾਂ ਤੋਂ ਇਲਾਵਾ ਦਲ ਖ਼ਾਲਸਾ, ਆਲਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਯੂਨਾਈਟਿਡ ਅਕਾਲੀ ਦਲ, ਅਕਾਲੀ ਦਲ 1920 ਅਤੇ ਹੋਰ ਪੰਥਕ ਧਿਰਾਂ ਨੇ ਹਾਜ਼ਰੀ ਭਰੀ। ਆਪਣੇ ਭਾਸਣਾਂ ਵਿਚ ਸਿਮਰਨਜੀਤ ਸਿੰਘ ਮਾਨ ਅਤੇ ਤਖਤ ਤਲਵਡੀ ਸਾਬੋ ਦੇ ਜਥੇਦਾਰ ਬਲਜੀਤ ਸਿੰਘ ਦਾਦੂਬਾਲ, ਮੋਹਕਮ ਸਿੰਘ ਆਦਿ ਨੇ ਕਿਹਾ ਕਿ ਅੱਜ ਦਾ ਪੰਥਕ ਇਕੱਠ ਮਹਿਸੂਸ ਕਰਦਾ ਹੈ ਕਿ ਡੇਰਾ ਸਿਰਸਾ ਨਾਲ ਅਕਾਲੀ ਦਲ ਬੀਜੇਪੀ, ਕਾਂਗਰਸ ਦਾ ਗਠਜੋੜ ਹੋ ਚੁੱਕਾ ਹੈ। ਜਿਸ ਕਰ ਕੇ ਮੌੜ ਬੰਬ ਧਮਾਕਾ, ਬਰਗਾੜੀ ਬੰਬ ਕਾਡ ਵਿਚ ਸੌਦਾ ਸਾਧ ਦੇ ਪੈਰੋਕਾਰਾਂ ਦਾ ਹੱਥ ਹੈ। ਜੋ ਪੁਲੀਸ ਜਾਂਚ ਵਿਚ ਵੀ ਸਾਹਮਣੇ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਡਰੱਗ ਮਾਫੀਆ, ਕੇਬਲ ਮਾਫ਼ੀਆ, ਰੇਤ ਮਾਫ਼ੀਆ, ਟਰਾਂਸਪੋਰਟ ਮਾਫ਼ੀਆ ਨੂੰ ਪਹਿਲਾਂ ਅਕਾਲੀ ਦਲ ਸ਼ਹਿ ਦੇ ਰਿਹਾ ਸੀ ਹੁਣ ਕਾਂਗਰਸ ਸਰਕਾਰ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸਿੱਖਾਂ ਨੂੰ ਗੁਰੂ ਗ੍ਰੰਥ ਸਹਿਬ ਨਾਲ ਪੂਰੀ ਤਰ੍ਹਾਂ ਜੁੜਨਾ  ਚਾਹੀਦਾ ਹੈ। ਸਿੱਖਾਂ ਨੂੰ ਦੇਹਧਾਰੀ ਗੁਰੂਡੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਮੋੜ ਬੰਬ ਕਾਂਡ ਬਾਰੇ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇਸ ਪਿੱਛੇ ਇਥੋਂ ਚੋਣ ਲੜਨ ਵਾਲੇ ਕਾਂਗਰਸੀ ਉਮੀਦਵਾਰ ਅਤੇ ਉਸ ਦੇ ਜਵਾਈ ਜੋ ਡੇਰਾ ਮੁਖੀ ਦਾ ਲੜਕਾ ਹੈ, ਦਾ ਸਿੱਧਾ ਹੱਥ ਹੈ। ਇਨ੍ਹਾਂ ਆਗੂਆਂ ਨੇ ਪਿਛਲੇ ਸਮੇਂ ਵਿਚ ਬਰਗਾੜੀ ਅਤੇ ਹੋਰ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਥ ਦੋਖੀਆਂ ਵਲੋਂ ਕੀਤੀ ਬੇਅਦਬੀ ਦੀ ਸਖ਼ਤ ਨਿਖੇਧੀ ਕੀਤੀ।ਇਸ ਮੌਕੇ ਜਥੇਦਾਰ ਧਿਆਨ ਸਿੰਘ ਮੰਡ, ਹਰਪਾਲ ਸਿੰਘ ਚੀਮਾ ਪ੍ਰਧਾਨ ਦਲ ਖਾਲਸਾ, ਬੂਟਾ ਸਿੰਘ ਰਣਸ਼ੀਹ ਅਕਾਲੀਦਲ 1920, ਗੁਰਦੀਪ ਸਿੰਘ ਬਠਿੰਡਾ, ਬਾਬਾ ਹਰਦੀਪ ਸਿੰਘ ਚਾਂਦਪੁਰਾ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਜਥੇਦਾਰ ਰਣਜੀਤ ਸਿੰਘ ਸਘੰੜਾ ਜਿਲ੍ਹਾ ਪ੍ਰਧਾਨ, ਗੁਰਜੰਟ ਸਿੰਘ ਕੱਟੂ, ਬਲਵਿੰਦਰ ਸਿੰਘ ਮੰਡੇਰ ਹਾਜ਼ਰ ਸਨ।