Ucha Dar Babe Nanak Da: ਬਾਬੇ ਨਾਨਕ ਦਾ ਜਨਮ ਪੁਰਬ ਅਸਲ ਮਿਤੀ (ਵਿਸਾਖ) ਨੂੰ ਮਨਾ ਕੇ ਸੰਗਤਾਂ ਨੇ ਇਤਿਹਾਸ ਸਿਰਜਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬਾਬਾ ਨਾਨਕ ਸਾਹਿਬ ਦਾ ਅਸਲੀ ਪ੍ਰਕਾਸ਼ ਪੁਰਬ ਮਨਾ ਕੇ ‘ਉੱਚਾ ਦਰ...’ ਦੀ ਇਹ ਸ਼ੁਰੂਆਤ ਕੀਤੀ ਗਈ ਹੈ।

Auspicious Beginning of Ucha Dar Babe Nanak Da

 Ucha Dar Babe Nanak Da: ਆਖ਼ਰ ਲੰਮੇ ਸਮੇਂ ਦੇ ਸੰਘਰਸ਼ ਅਤੇ ਕੁਰਬਾਨੀ ਬਾਅਦ ਵੱਡੀਆਂ ਮੁਸ਼ਕਲਾਂ ਅਤੇ ਚੁਨੌਤੀਆਂ ਨੂੰ ਪਾਰ ਕਰਦੇ ਹੋਏ ਬਪਰੌਰ ਵਿਖੇ 100 ਕਰੋੜ ਰੁਪਏ ਨਾਲ ਬਣੇ ‘ਉੱਚਾ ਦਰ ਬਾਬੇ ਨਾਨਕ ਦਾ’ ਦੀ, ਜਪੁਜੀ ਸਾਹਿਬ ਦੇ ਸੰਗਤੀ ਰੂਪ ਵਿਚ ਕੀਤੇ ਪਾਠ ਨਾਲ ਸ਼ੁਰੂਆਤ ਹੋ ਗਈ ਅਤੇ ਇਹ ਲੋਕ ਅਰਪਿਤ ਕਰ ਦਿਤਾ ਗਿਆ ਹੈ। ਬਾਬਾ ਨਾਨਕ ਸਾਹਿਬ ਦਾ ਅਸਲੀ ਪ੍ਰਕਾਸ਼ ਪੁਰਬ ਮਨਾ ਕੇ ‘ਉੱਚਾ ਦਰ...’ ਦੀ ਇਹ ਸ਼ੁਰੂਆਤ ਕੀਤੀ ਗਈ ਹੈ। ਵਿਸ਼ਾਲ ਸਮਾਗਮ ਵਿਚ ਵਿਦੇਸ਼ਾਂ ਤੋਂ ਵੀ ਨੁਮਾਇੰਦੇ ਸ਼ਾਮਲ ਹੋਣ ਪਹੁੰਚੇ। ਇਸ ਪ੍ਰੋਗਰਾਮ ਵਿਚ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਉਣਾ ਸੀ ਪ੍ਰੰਤੂ ਚੋਣਾਂ ਸਬੰਧੀ ਆਖ਼ਰੀ ਵੇਲੇ ਦੇ ਰੁਝੇਵਿਆਂ ਕਾਰਨ ਉਨ੍ਹਾਂ ਦਾ ਵਿਸ਼ੇਸ਼ ਸੰਦੇਸ਼ ਲੈ ਕੇ ਸਭਿਆਚਾਰ, ਸੈਰ ਸਪਾਟਾ ਅਤੇ ਮਿਊਜ਼ੀਅਮ ਵਿਭਾਗ ਦੇ ਮੰਤਰੀ ਅਨਮੋਲ ਗਗਨ ਮਾਨ ਇਸ ਮੌਕੇ ਪਹੁੰਚੇ।

ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਨੇ ਹੀ ਭੇਜਿਆ ਹੈ ਅਤੇ ਉਨ੍ਹਾਂ ਭਰੋਸਾ ਦਿਤਾ ਹੈ ਕਿ ਭਾਵੇਂ ਉਹ ਰੁਝੇਵਿਆਂ ਕਾਰਨ ਖ਼ੁਦ ਪ੍ਰੋਗਰਾਮ ਵਿਚ ਸ਼ਾਮਲ ਨਹੀਂ ਹੋ ਸਕੇ ਪ੍ਰੰਤੂ ਸਰਕਾਰ ਵਲੋਂ ਇਸ ਪ੍ਰਾਜੈਕਟ ਦੇ ਕੰਮ ਵਿਚ ਬਣਦੀ ਮਦਦ ਦੇਣ ਲਈ ਕੋਈ ਕਮੀ ਨਹੀਂ ਰਹਿਣ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਾਜੈਕਟ ਦੀ ਇਸ ਸਮੇਂ ਬਹੁਤ ਵੱਡੀ ਲੋੜ ਹੈ। ਨਵੀਂ ਪੀੜ੍ਹੀ ਨੂੰ ਸਮਾਜਕ ਕੁਰੀਤੀਆਂ ਅਤੇ ਨਸ਼ਿਆਂ ਆਦਿ ਤੋਂ ਬਚਾਉਣ ਲਈ ਗੁਰੂ ਨਾਨਕ ਦੇਵ ਜੀ ਦੇ ਅਸਲੀ ਫ਼ਲਸਫ਼ੇ ਨਾਲ ਜੋੜਨਾ ਸਮੇਂ ਦੀ ਲੋੜ ਹੈ। ਅਨਮੋਲ ਗਗਨ ਮਾਨ ਨੇ ਇਸ ਪ੍ਰਾਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਕ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਇਸ ਉਪਰਾਲੇ ਲਈ ਸ. ਜੋਗਿੰਦਰ ਸਿੰਘ, ਬੀਬੀ ਜਗਜੀਤ ਕੌਰ ਅਤੇ ਬੀਬਾ ਨਿਮਰਤ ਕੌਰ ਦਾ ਨਾਂ ਲੈ ਕੇ ਜ਼ਿਕਰ ਕੀਤਾ।

ਇਸ ਮੌਕੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਅਨਮੋਲ ਗਗਨ ਮਾਨ ਦੇ ਯਤਨਾਂ ਸਦਕਾ ਹੀ ਹੁਣ ਤਕ ਕੁੱਝ ਸਰਕਾਰੀ ਸਹਾਇਤਾ ਮਿਲੀ ਹੈ। ਉਨ੍ਹਾਂ ਰੋਜ਼ਾਨਾ ਸਪੋਕਸਮੈਨ ਬਾਰੇ ਵੇਰਵਾ ਦਿੰਦਿਆਂ ਦਸਿਆ ਕਿ ਰੋਜ਼ਾਨਾ ਅਖ਼ਬਾਰ ਦਾ, ਨਾ ਹੀ ਸਰਕਾਰਾਂ ਦਾ ਪਿਛਲੱਗ ਬਣ ਕੇ ਅਤੇ ਨਾਲ ਹੀ ਕੋਈ ਧਿਰ ਬਣੇ ਬਿਨਾਂ ਮਿਸ਼ਨ ਪੂਰਾ ਕਰਨ ਦਾ ਸੁਪਨਾ ਸੀ। ਉਨ੍ਹਾਂ ਦਸਿਆ ਕਿ ਪੁਜਾਰੀਵਾਦ ਦਾ ਕੁਹਾੜਾ ਰੋਜ਼ਾਨਾ ਸਪੋਕਸਮੈਨ ’ਤੇ ਚਲਿਆ। ਇਸ਼ਤਿਹਾਰ ਰੋਕ ਕੇ 6 ਮਹੀਨੇ ਵਿਚ ਇਸ ਨੂੰ ਬੰਦ ਕਰਵਾਉਣ ਦੇ ਦਮਗਜੇ ਮਾਰੇ ਗਏ ਅਤੇ ਇਸ ਅਦਾਰੇ ਵਿਚ ਨੌਕਰੀ ਕਰਨ ਵਾਲਿਆਂ ਨੂੰ ਵੀ ਰੋਕਣ ਦੇ ਯਤਨ ਕੀਤੇ ਗਏ। ਵੱਡੀਆਂ ਮੁਸ਼ਕਲਾਂ ਅਤੇ ਚੁਨੌਤੀਆਂ ਦੇ ਬਾਵਜੂਦ ਭਾਈ ਲਾਲੋਆਂ, ਗ਼ਰੀਬ ਪਾਠਕਾਂ ਦੇ ਸਹਿਯੋਗ ਨਾਲ ਹੀ ਪ੍ਰਾਜੈਕਟ ਨੂੰ ਸਿਰੇ ਚੜ੍ਹਾਇਆ ਗਿਆ ਜਦਕਿ ਧਨਾਢ ਸਿੱਖਾਂ ਨੇ ਕੋਈ ਮਦਦ ਨਾ ਕੀਤੀ। ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਅੱਗੇ ਦਸਿਆ ਕਿ 28 ਸਤੰਬਰ 2007 ਨੂੰ ਅਕਾਲੀ ਭਾਜਪਾ ਸਰਕਾਰ ਸਮੇਂ ਇਕ ਡੇਰੇ ਦੇ ਚੇਲਿਆਂ ਵਲੋਂ ਅਦਾਰੇ ਦੇ ਸੱਤ ਦਫ਼ਤਰਾਂ ’ਤੇ ਹਮਲੇ ਕਰ ਕੇ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਗਈ ਅਤੇ ਇਸ ਦੌਰਾਨ ਘੱਟੋ ਘੱਟ 50 ਲੱਖ ਦਾ ਨੁਕਸਾਨ ਵੀ ਹੋਇਆ। ਪ੍ਰੰਤੂ ਅਕਾਲੀ ਭਾਜਪਾ ਸਰਕਾਰ ਸਮੇਂ ਇਸ ਮਾਮਲੇ ਵਿਚ ਕਿਸੇ ਵਿਰੁਧ ਪਰਚਾ ਦਰਜ ਨਹੀਂ ਹੋਇਆ ਜਦਕਿ ਮਾੜੀ ਮੋਟੀ ਖ਼ਾਨਾਪੂਰਤੀ ਕਰ ਕੇ ਮਾਮਲਾ ਰਫ਼ਾ ਦਫ਼ਾ ਕਰ ਦਿਤਾ ਗਿਆ। ਉਨ੍ਹਾਂ ਦਸਿਆ ਕਿ ਸਰਕਾਰ ਦੀ ਆਰਥਕ ਨਾਕੇਬੰਦੀ ਦੇ ਬਾਵਜੂਦ ਮਿਸ਼ਨ ਸਫ਼ਲ ਹੋਇਆ।  ਸਮਾਗਮ ਵਿਚ ਪੰਜਾਬ ਅਤੇ ਦੇਸ਼ ਦੇ ਹੋਰਨਾਂ ਰਾਜਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ‘ਉੱਚਾ ਦਰ...’ ਨੂੰ ਪਿਆਰ ਕਰਨ ਵਾਲੇ ਨੁਮਾਇੰਦੇ ਪਹੁੰਚੇ।  ਮੱਧ ਪ੍ਰਦੇਸ਼ ਤੋਂ ਗ਼ੈਰ ਸਿੱਖ ਸਿੱਖ ਸਜੇ ਦਿਬੇਸ਼ ਸਿੰਘ ਪਹੁੰਚੇ। ਉਨ੍ਹਾਂ ਕਿਹਾ ਕਿ ਐਲ.ਐਲ.ਬੀ. ਅਤੇ ਪੀ.ਐਚ.ਡੀ. ਦੀ ਸਿਖਿਆ ਦੌਰਾਨ ਉਨ੍ਹਾਂ ਨੇ ਸਾਰੇ ਧਰਮਾਂ ਦਾ ਅਧਿਐਨ ਕੀਤਾ ਅਤੇ ਇਸ ਧਰਮ ਅਤੇ ਫ਼ਿਲਾਸਫ਼ੀ ਤੋਂ ਪ੍ਰਭਾਵਤ ਹੋ ਕੇ ਉਨ੍ਹਾਂ ਦਾ ਪ੍ਰਵਾਰ ਸਿੰਘ ਸਜਿਆ।

ਸ. ਜੋਗਿੰਦਰ ਸਿੰਘ ਨੇ ਦਸਿਆ ਕਿ ‘ਉੱਚਾ ਦਰ’ ਇਕ ਚਮਤਕਾਰ ਜ਼ਰੂਰ ਹੈ ਪਰ ਇਹ ਗ਼ਰੀਬਾਂ ਦਾ ਚਮਤਕਾਰ ਹੈ। ਕੌਮ ਦਾ ਪੈਸਾ ਜਿਨ੍ਹਾਂ ਗੋਲਕਾਂ ਵਿਚ ਪਿਆ ਹੈ, ਉਹ ਉਨ੍ਹਾਂ ਲੋਕਾਂ ਦੇ ਹੱਥਾਂ ਵਿਚ ਹਨ ਜੋ ਅੰਨ੍ਹੀ ਫ਼ਜ਼ੂਲ ਖ਼ਰਚੀ ਲਈ ਇਸ ਨੂੰ ਖ਼ਰਚਦੀਆਂ ਹਨ ਪਰ ਗ਼ਰੀਬ ਨੂੰ ਕੁੁੱਝ ਨਹੀਂ ਦੇਂਦੀਆਂ ਅਤੇ ਅਰਬਾਂ ਰੁਪਏ ਦੀ ਬੈਲੈਂਸ ਸ਼ੀਟ ਹੀ ਤਿਆਰ ਕਰਦੀਆਂ ਹਨ ਜਿਸ ਵਿਚ ਗ਼ਰੀਬ ਲਈ ਕੁੱਝ ਨਹੀਂ ਹੁੰਦਾ। ਇਹ ਕੰਮ ਹੁਣ ਵਿਦੇਸ਼ਾਂ ਤੋਂ ਈਸਾਈ ਪ੍ਰਚਾਰਕ ਆ ਕੇ ਸਿੱਖੀ ਦੇ ਗ਼ਰੀਬ ਤਬਕੇ ਨੂੰ ਖੋਹ ਕੇ ਕਰ ਰਹੇ ਹਨ। ‘ਉੱਚਾ ਦਰ...’ ਦੀ ਸੌ ਫ਼ੀ ਸਦੀ ਆਮਦਨ ਕੇਵਲ ਤੇ ਕੇਵਲ ਗ਼ਰੀਬ ਲਈ ਰਾਖਵੀਂ ਕਰ ਦਿਤੀ ਗਈ ਹੈ ਤੇ ਪ੍ਰਬੰਧਕ ਇਕ ਪੈਸਾ ਵੀ ਨਹੀਂ ਲੈ ਸਕਦੇ ਤੇ ਨਿਸ਼ਕਾਮ ਸੇਵਾ ਹੀ ਕਰਦੇ ਹਨ। ਉਨ੍ਹਾਂ ਨਾਨਕ ਪ੍ਰੇਮੀਆਂ ਨੂੰ ਕਿਹਾ ਕਿ ਜੇ ਉਹ ਉੱਚਾ ਦਰ ਨੂੰ ਪਹਿਲੀਆਂ ਇਮਾਰਤਾਂ ਵਰਗੀ ਇਕ ਇਮਾਰਤ ਨਹੀਂ ਬਣਾਉਣਾ ਚਾਹੁੰਦੇ ਤਾਂ ਇਸ ਨਾਲ ਜੁੜਨ ਤੇ ਇਸ ਦੇ 10 ਹਜ਼ਾਰ ਮੈਂਬਰ ਬਣਾਉਣ। ਇਹ ਟੀਚਾ ਸ਼ੁਰੂ ਵਿਚ ਹੀ ਮਿਥਿਆ ਗਿਆ ਸੀ। ਜੇ ਇਸ ਨੂੰ ਸਰ ਕਰ ਲਿਆ ਜਾਂਦਾ ਤੇ ਉੱਚਾ ਦਰ ਪੰਜ ਸਾਲ ਵਿਚ ਹੀ ਬਣ ਜਾਣਾ ਸੀ ਤੇ ਕੋਈ ਕਰਜ਼ਾ ਨਹੀਂ ਸੀ ਚੁਕਣਾ ਪੈਣਾ। ਹੁਣ ਵੀ ਅਣਗਹਿਲੀ ਛੱਡ ਕੇ ਜ਼ਿੰਮੇਵਾਰੀ ਨਿਭਾਉਣ ਦਾ ਹਰ ਯਤਨ ਕਰਨਾ ਚਾਹੀਦਾ ਹੈ।

ਇਸ ਮੌਕੇ ਕਸ਼ਮੀਰ ਸਿੰਘ ਸ੍ਰੀ ਮੁਕਤਸਰ ਸਾਹਿਬ, ਅਮਰੀਕ ਸਿੰਘ ਦਿੱਲੀ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵੀ ਭਾਵਪੂਰਕ ਵਿਚਾਰ ਪੇਸ਼ ਕੀਤੇ।
ਉੱਚਾ ਦਰ ਬਾਬੇ ਨਾਨਕ ਦੇ ਲੋਕ ਅਰਪਣ ਮੌਕੇ ਵਿਸ਼ੇਸ਼ ਪੁਸਤਕ ਪ੍ਰਦਰਸ਼ਨੀਆਂ ਵੀ ਲਾਈਆਂ ਗਈਆਂ ਜਿਨ੍ਹਾਂ ਨੂੰ ਸੰਗਤਾਂ ਵਲੋਂ ਭਰਵਾਂ ਹੁੰਗਾਰਾ ਦਿੰਦਿਆਂ ਵੱਡੀ ਗਿਣਤੀ ਵਿਚ ਕਿਤਾਬਾਂ ਖ਼ਰੀਦੀਆਂ ਗਈਆਂ। ਇਸ ਪ੍ਰੋਗਰਾਮ ਵਿਚ ਪਹੁੰਚੇ ਕਈ ਮੈਂਬਰਾਂ ਨੇ ਪ੍ਰਾਜੈਕਟ ਲਈ ਮੌਕੇ ’ਤੇ ਹੀ ਸਹਾਇਤਾ ਦੇਣ ਦੇ ਐਲਾਨ ਵੀ ਕੀਤੇ। ਜਪੁਜੀ ਸਾਹਿਬ ਦੇ ਪਾਠ ਤੋਂ ਬਾਅਦ ਉਸਾਰੀ ਦੌਰਾਨ ਵਿਛੋੜਾ ਦੇ ਗਏ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਲਈ ਦੋ ਮਿੰਟ ਦਾ ਮੌਨ ਵੀ ਰਖਿਆ ਗਿਆ ਅਤੇ ‘ਉੱਚਾ ਦਰ...’ ਦੀ ਚੜ੍ਹਦੀ ਕਲਾ ਲਈ ਸੰਗਤਾਂ ਵਲੋਂ ਚੁਪ ਰਹਿ ਕੇ ਅਰਦਾਸ ਵੀ ਕੀਤੀ ਗਈ। ਇਸ ਪ੍ਰੋਗਰਾਮ ਵਿਚ ‘ਉੱਚਾ ਦਰ ਬਾਬੇ ਨਾਨਕ ਦਾ’ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬਲਵਿੰਦਰ ਸਿੰਘ ਮਿਸ਼ਨਰੀ ਅਤੇ ਬਲਵਿੰਦਰ ਸਿੰਘ ਅੰਬਰਸਰੀਆ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ।   ਇਸ ਮੌਕੇ ਡਾ. ਅਲੰਕਾਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਆਏ ਜਥੇ ਨੇ ਕੀਰਤਨ ਕੀਤਾ। ਇਸ ਤੋਂ ਇਲਾਵਾ ਸਿੰਧੀ ਭਾਈਚਾਰੇ ਵਲੋਂ ਦਾਦਾ ਲਛਮਣ ਚੇਲਾ ਰਾਮ ਪਹੁੰਚੇ। ਜਿਨ੍ਹਾਂ ਨੇ ਕੀਰਤਨ ਅਤੇ ਕਥਾ ਨਾਲ ਸੰਗਤ ਨੂੰ ਨਿਹਾਲ ਕੀਤਾ।