ਕਿਤਾਬ ਮਾਮਲਾ: ਸਕੂਲ ਪ੍ਰਬੰਧਕਾਂ ਤੇ ਵਿਦਿਆਰਥੀਆਂ ਲਈ ਪ੍ਰੇਸ਼ਾਨੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੁਰਾਣੀ ਜਾਂ ਨਵੀਂ ਕਿਤਾਬ ਪੜ੍ਹਾਉਣ ਲਈ ਅਜੇ ਤਕ ਭੰਬਲਭੂਸਾ ਬਰਕਰਾਰ

History Book

ਕੋਟਕਪੂਰਾ,  11ਵੀਂ ਅਤੇ 12ਵੀਂ ਦੇ ਸਿਲੇਬਸ 'ਚੋਂ ਸਿੱਖ ਅਤੇ ਪੰਜਾਬ ਦੇ ਇਤਿਹਾਸ ਨੂੰ ਖ਼ਤਮ ਕਰਨ ਸਬੰਧੀ ਪਿਛਲੇ ਕੁੱਝ ਦਿਨਾਂ ਤੋਂ ਚਲਦੀ ਰਹੀ ਚਰਚਾ ਭਾਵੇਂ ਰੁਕ ਗਈ ਹੈ ਤੇ ਅਕਾਲੀ ਦਲ ਬਾਦਲ, ਕਾਂਗਰਸ ਜਾਂ ਹੋਰ ਸਿਆਸੀ ਪਾਰਟੀਆਂ ਵਲੋਂ ਇਕ ਦੂਜੇ ਵਿਰੁਧ ਕੀਤੀ ਜਾਣ ਵਾਲੀ ਦੂਸ਼ਣਬਾਜ਼ੀ ਨੂੰ ਵੀ ਠੱਲ ਪੈ ਗਈ ਹੈ ਪਰ 11ਵੀਂ ਤੇ 12ਵੀਂ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਅਤੇ ਸਕੂਲ ਪ੍ਰਬੰਧਕਾਂ ਸਾਹਮਣੇ ਇਕ ਨਵੀਂ ਪ੍ਰੇਸ਼ਾਨੀ ਤੇ ਚੁਨੌਤੀ ਨੇ ਦਸਤਕ ਦਿਤੀ ਹੈ। ਵਿਦਿਆਰਥੀਆਂ ਜਾਂ ਸਕੂਲ ਪ੍ਰਬੰਧਕਾਂ ਦਾ ਇਸ ਨਾਲ ਕੋਈ ਸਰੋਕਾਰ ਨਹੀਂ ਕਿ ਸਰਕਾਰ ਨੇ ਉਕਤ ਪੁਸਤਕਾਂ ਦੀ ਜਾਂਚ ਪੜਤਾਲ ਅਤੇ ਨਵੇਂ ਸਿਲੇਬਸ ਦੇ ਸਬੰਧ 'ਚ ਇਕ ਬੋਰਡ ਦਾ ਗਠਨ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ ਕਿਉਂਕਿ ਪੰਜਾਬ ਭਰ ਦੇ ਕਿਸੇ ਵੀ ਸਰਕਾਰੀ ਜਾਂ ਗ਼ੈਰ ਸਰਕਾਰੀ ਸਕੂਲ ਦੇ ਪ੍ਰਬੰਧਕ ਨੂੰ ਅਜੇ ਤਕ ਸਿਖਿਆ ਬੋਰਡ ਵਲੋਂ ਪੁਰਾਣੀ ਜਾਂ ਨਵੀਂ ਕਿਤਾਬ ਪੜਾਉਣ ਬਾਰੇ ਕੋਈ ਹਦਾਇਤ ਨਹੀਂ ਮਿਲੀ, ਜੇ ਨਵੀਂ ਕਿਤਾਬ ਦੀ ਜਾਂਚ ਪੜਤਾਲ ਜਾਂ ਛਪਾਈ ਬਾਰੇ ਅਜੇ ਹੋਰ ਲੰਮਾਂ ਸਮਾਂ ਲਗਣਾ ਹੈ ਤਾਂ ਉਨ੍ਹਾਂ ਚਿਰ ਅਧਿਆਪਕ ਵਿਦਿਆਰਥੀਆਂ ਨੂੰ ਉਕਤ ਕਿਤਾਬ ਨਹੀਂ ਪੜ੍ਹਾ ਸਕਣਗੇ, ਪੁਰਾਣੀ ਜਾਂ ਨਵੀਂ ਕਿਤਾਬ ਬਾਰੇ ਭੰਬਲਭੂਸਾ ਬਰਕਰਾਰ ਰਹੇਗਾ ਤੇ ਵਿਦਿਆਰਥੀਆਂ ਦਾ ਉਕਤ ਸਿਲੇਬਸ 'ਚੋਂ ਪੱਛੜ ਜਾਣਾ ਸੁਭਾਵਕ ਹੈ ਕਿਉਂਕਿ ਹੋਰ 15 ਦਿਨਾਂ ਨੂੰ ਜੂਨ ਮਹੀਨੇ ਦੀਆਂ ਗਰਮੀ ਦੀਆਂ ਛੁਟੀਆਂ ਹੋ ਜਾਣਗੀਆਂ, 1 ਜੁਲਾਈ ਨੂੰ ਦੁਬਾਰਾ ਸਕੂਲ ਲਗਣਗੇ ਤੇ ਉਦੋਂ ਤਕ ਬੜੀ ਦੇਰ ਹੋ ਚੁੱਕੀ ਹੋਵੇਗੀ। 

11ਵੀਂ ਅਤੇ 12ਵੀਂ ਦੇ ਵਿਦਿਆਰਥੀ ਪਿਛਲੇ ਕਰੀਬ 30 ਸਾਲਾਂ ਤੋਂ ਪੰਜਾਬ ਦਾ ਇਤਿਹਾਸ ਪੜ੍ਹਦੇ ਆ ਰਹੇ ਹਨ ਜਿਸ ਵਿਚ ਗੁਰਇਤਿਹਾਸ, ਸਿੱਖ ਇਤਿਹਾਸ ਸਮੇਤ ਹੋਰ ਬਹੁਤ ਕੁੱਝ ਅਜਿਹਾ ਸੀ ਜਿਸ ਨੂੰ ਪੜ੍ਹ ਕੇ ਬੱਚਿਆਂ ਦੇ ਮਨਾਂ 'ਤੇ ਇਤਿਹਾਸ ਦਾ ਪ੍ਰਭਾਵ ਪੈਣਾ ਸੁਭਾਵਕ ਸੀ ਪਰ ਚੁੱਪ ਚਪੀਤੇ ਲਾਗੂ ਕੀਤੀ ਜਾ ਰਹੀ ਕਿਤਾਬ 'ਚ ਸਿੱਖ ਇਤਿਹਾਸ ਬਾਰੇ ਪੈਦਾ ਕੀਤਾ ਗਿਆ ਭੰਬਲਭੂਸਾ ਜਿਥੇ ਵਿਦਿਅਕ ਖੇਤਰ 'ਚ ਨੁਕਸਾਨਦੇਹ ਹੈ, ਉਥੇ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਲਈ ਵੀ ਸੋਚਣ ਦੀ ਘੜੀ ਹੈ। ਪੰਜਾਬ ਸਕੂਲ ਸਿਖਿਆ ਬੋਰਡ ਦੀਆਂ 11ਵੀਂ ਅਤੇ 12ਵੀਂ ਦੇ ਸਿਲੇਬਸ 'ਚੋਂ ਸਿੱਖ ਇਤਿਹਾਸ ਬਾਰੇ ਅਹਿਮ ਅਧਿਆਇ ਕਢਣਾ ਯਕੀਨੀ ਤੌਰ 'ਤੇ ਗੰਭੀਰ ਵਿਸ਼ਾ ਹੈ। ਭਾਵੇਂ ਸਿਆਸੀ ਜਾਂ ਗ਼ੈਰ ਸਿਆਸੀ ਧਿਰਾਂ ਨੇ ਸਿਲੇਬਸ ਨਾਲ ਕੀਤੀ ਛੇੜਛਾੜ ਬਾਰੇ ਆਪੋ ਅਪਣੀਆਂ ਧਾਰਨਾਵਾਂ, ਭਾਵਨਾਵਾਂ ਜਾਂ ਵਿਚਾਰਾਂ ਪੇਸ਼ ਕੀਤੀਆਂ ਪਰ ਇਤਿਹਾਸ ਰਚਣ ਵਾਲਿਆਂ ਨੂੰ ਹੀ ਇਤਿਹਾਸ ਵਿਚੋਂ ਖ਼ਾਰਜ ਕਰ ਦੇਣ ਵਾਲੀ ਸਾਜ਼ਸ਼ ਜਾਂ ਵਿਵਾਦ ਮੰਦਭਾਗਾ ਹੈ। ਗੁਰਇਤਿਹਾਸ ਦੇ ਨਾਲ-ਨਾਲ ਸਿੱਖ ਜਰਨੈਲ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ ਅਤੇ ਮਹਾਰਾਜਾ ਰਣਜੀਤ ਸਿੰਘ ਨਾਲ ਸਬੰਧਤ ਘਟਨਾਵਾਂ ਸਮੇਤ ਹੋਰ ਅਹਿਮ ਤੱਥਾਂ ਨੂੰ ਅੱਖੋਂ ਪਰੋਖੇ ਕਰਨਾ ਜਾਂ ਸਿਲੇਬਸ 'ਚੋਂ ਕੱਢ ਦੇਣਾ ਗੰਭੀਰ ਸਾਜ਼ਸ਼ ਦੀ ਨਿਸ਼ਾਨੀ ਹੈ। ਸੰਪਰਕ ਕਰਨ 'ਤੇ ਸਿੱਖਿਆ ਮੰਤਰੀ ਓ.ਪੀ. ਸੋਨੀ ਦੇ ਪੀ.ਏ. ਸੰਜੀਵ ਸ਼ਰਮਾ ਨੇ ਇਹ ਕਹਿ ਕੇ ਫ਼ੋਨ ਕੱਟ ਦਿਤਾ ਕਿ ਮੰਤਰੀ ਜੀ ਰੁੱਝੇ ਹੋਏ ਹਨ ਤੇ ਇਸ ਮਸਲੇ 'ਤੇ ਪਹਿਲਾਂ ਹੀ ਬਹੁਤ ਕੁੱਝ ਦਸਿਆ ਜਾ ਚੁੱਕਾ ਹੈ।