'ਪੱਗਾਂ ਲਾਹੁਣ ਵਾਲਾ ਖ਼ਾਲਿਸਤਾਨੀ ਸਿੰਘ ਨਹੀਂ ਹੋ ਸਕਦਾ'

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਾ ਭਾਈ ਅਮਰੀਕ ਸਿੰਘ ਦੀ ਕੁੱਟਮਾਰ ਠੀਕ ਤੇ ਨਾ ਦਮਦਮੀ ਟਕਸਾਲ ਵਿਰੁਧ ਬਿਆਨਬਾਜ਼ੀ: ਹਵਾਰਾ 

Havara

ਚੰਡੀਗੜ੍ਹ, 14 ਮਈ (ਨੀਲ ਭਲਿੰਦਰ ਸਿੰਘ): ਤਿਹਾੜ ਜੇਲ ਵਿਚ ਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਮ 'ਤੇ ਜਾਰੀ ਹੋਏ ਕੁੱਝ ਆਪਾ ਵਿਰੋਧੀ ਬਿਆਨਾਂ ਕਾਰਨ ਪੰਥ ਵਿਚ ਪੈਦਾ ਹੋਈ ਭੰਬਲਭੂਸੇ ਵਾਲੀ ਸਥਿਤੀ ਸਬੰਧੀ ਹਵਾਰਾ ਨੇ ਅਪਣੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ ਰਾਹੀਂ ਭੇਜੇ ਸੁਨੇਹੇ ਵਿਚ ਸਾਰੀ ਸਥਿਤੀ ਸਪੱਸ਼ਟ ਕੀਤੀ ਹੈ।?
ਕਥਾਵਾਚਕ ਭਾਈ ਅਮਰੀਕ ਸਿੰਘ ਚੰਡੀਗੜ੍ਹ ਦੇ ਮੁੱਦੇ 'ਤੇ ਆਪਾ ਵਿਰੋਧੀ ਬਿਆਨਾਂ ਦਾ ਖੰਡਨ ਕਰਦਿਆਂ ਹਵਾਰਾ ਨੇ ਕਿਹਾ ਕਿ ਉਹ ਨਾ ਹੀ ਭਾਈ ਅਮਰੀਕ ਸਿੰਘ ਦੀ ਕੁੱਟਮਾਰ ਨੂੰ ਠੀਕ ਸਮਝਦੇ ਹਨ ਤੇ ਨਾ ਹੀ ਦਮਦਮੀ ਟਕਸਾਲ ਵਿਰੁਧ ਬਿਆਨਬਾਜ਼ੀ ਨੂੰ। ਉਨ੍ਹਾਂ ਕਿਹਾ ਕਿ ਕਿਸੇ ਦੀ ਦਸਤਾਰ ਲਾਹੁਣ ਵਾਲੇ ਕਦੇ ਵੀ ਖ਼ਾਲਿਸਤਾਨੀ ਹੋ ਹੀ ਨਹੀਂ ਸਕਦਾ। ਖ਼ਾਲਿਸਤਾਨੀ ਸਿੰਘ ਤਾਂ ਸਮੁੱਚੀ ਕੌਮ ਦੀ ਪੱਗ ਬਚਾਉਣ ਲਈ ਸਿਰ ਤਲੀ 'ਤੇ ਧਰ ਕੇ ਮੈਦਾਨ ਵਿਚ ਨਿਤਰਨ ਵਾਲੇ ਸਿੰਘ ਹਨ, ਉਹ ਕਿਸੇ ਸਿੱਖ ਦੀ ਦਸਤਾਰ ਲਾਹੁਣ ਬਾਰੇ ਸੋਚ ਵੀ ਨਹੀਂ ਸਕਦੇ ਤੇ ਜੇ ਕੋਈ ਅਜਿਹਾ ਕਰਦਾ ਹੈ ਤਾਂ ਉਹ ਖ਼ਾਲਿਸਤਾਨੀ ਸਿੰਘ ਨਹੀਂ ਹੋ ਸਕਦਾ।

ਇਸੇ ਹੀ ਤਰ੍ਹਾਂ ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਬਾਰੇ ਉਨ੍ਹਾਂ ਕਿਹਾ ਕਿ ਇਨ੍ਹਾਂ ਸੰਸਥਾਵਾਂ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਦੇਹਧਾਰੀ ਗੁਰੂ ਡੰਮ ਦੇ ਸਰਕਾਰੀ ਸਾਨ੍ਹ ਨੂੰ ਸਿੰਗਾਂ ਤੋਂ ਫੜ ਕੇ ਰੋਕਿਆ ਅਤੇ ਸਿੱਖ ਇਤਿਹਾਸ ਵਿਚ ਇਕ ਮਾਣ ਕਰਨ ਵਾਲਾ ਅਧਿਆਇ ਜੋੜਿਆ। ਸਾਰੀਆਂ ਹੀ ਸਿੱਖ ਸੰਸਥਾਵਾਂ ਸਨਮਾਨਯੋਗ ਹਨ ਅਤੇ ਹਕੂਮਤ ਹਮੇਸ਼ਾ ਹੀ ਇਸ ਲਈ ਯਤਨਸ਼ੀਲ ਰਹੀ ਹੈ ਕਿ ਕੁੱਝ ਅਜਿਹਾ ਕੀਤਾ ਜਾਵੇ ਕਿ ਇਹ ਸਿੱਖ ਸੰਸਥਾਵਾਂ ਆਪਸੀ ਲੜਾਈ ਵਿਚ ਉਲਝ ਜਾਣ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਕੁੱਝ ਨਾ ਕਰ ਸਕਣ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਸਰਕਾਰੀ ਸਾਜ਼ਸ਼ ਨੂੰ ਨਾਕਾਮ ਕੀਤਾ ਜਾਵੇ।ਹਵਾਰਾ ਨੇ ਇਹ ਵੀ ਕਿਹਾ ਕਿ ਕਿਸੇ ਸੰਸਥਾ ਨਾਲ ਸਬੰਧ ਰਖਣ ਵਾਲੇ ਇਕੱਲੇ ਕਾਰੇ ਬੰਦੇ ਵਲੋਂ ਕੋਈ ਗ਼ਲਤ ਗੱਲ ਜਾਂ ਗ਼ਲਤ ਕਾਰਵਾਈ ਕੀਤੇ ਜਾਣ ਦੇ ਪ੍ਰਤੀਕਰਮ ਵਿਚ ਕਿਸੇ ਸਮੁੱਚੀ ਸੰਸਥਾ ਨੂੰ ਹੀ ਭੰਡਣਾ ਅਰੰਭ ਕਰ ਦੇਣਾ ਵੀ ਅਯੋਗ ਕਾਰਵਾਈ ਹੈ ਤੇ ਇਸ ਤੋਂ ਪਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਜਿਨ੍ਹਾਂ ਮੁਦਿਆਂ 'ਤੇ ਪੰਥ ਅੰਦਰ ਇਕ ਰਾਇ ਨਹੀਂ, ਉਨ੍ਹਾਂ ਮੁਦਿਆਂ 'ਤੇ ਇਕ ਧਿਰ ਅਪਣੀ ਰਾਇ ਨੂੰ ਦੂਜਿਆਂ 'ਤੇ ਠੋਸਣ ਦਾ ਯਤਨ ਹਰਗਿਜ਼ ਨਾ ਕਰੇ। ਨਾਲ ਹੀ ਇਨ੍ਹਾਂ ਵਿਵਾਦਾਂ ਅਤੇ ਮਤਭੇਦਾਂ ਨੂੰ ਸਟੇਜਾਂ 'ਤੇ ਨਾ ਉਛਾਲਿਆ ਜਾਵੇ।