ਜੇ ਹਿਟਲਰ ਵਿਰੁਧ ਮੁਕੱਦਮਾ ਹੋ ਸਕਦੈ ਤਾਂ ਫਿਰ ਰਾਜੀਵ ਗਾਂਧੀ ਵਿਰੁਧ ਕਿਉਂ ਨਹੀਂ?: ਬੀਬੀ ਜਗਦੀਸ਼ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੈਮ ਪਿਤਰੋਦਾ ਵਲੋਂ 84 ਨੂੰ ਜਾਇਜ਼ ਠਹਿਰਾਉੇਣ ਪਿਛੋਂ ਬੀਬੀ ਜਗਦੀਸ਼ ਕੌਰ ਨੇ ਪਾਰਲੀਮੈਂਟ ਥਾਣੇ ਵਿਚ ਦਿਤੀ ਸ਼ਿਕਾਇਤ 

Bibi Jagdish Kaur and others

ਨਵੀਂ ਦਿੱਲੀ : ਪੰਜਾਬ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੈਮ ਪਿਤਰੋਦਾ ਨੂੰ ਲੈ ਕੇ, ਨਵੰਬਰ 1984 ਦੇ ਮੁੱਦੇ 'ਤੇ ਕਾਂਗਰਸ ਨੂੰ ਘੇਰਨ ਪਿਛੋਂ ਹੁਣ ਦਿੱਲੀ ਛਾਉਣੀ ਸਿੱਖ ਕਤਲੇਆਮ ਦੇ ਮਾਮਲੇ ਦੀ ਚਸ਼ਮਦੀਦ ਗਵਾਹ ਰਹੀ ਬੀਬੀ ਜਗਦੀਸ਼ ਕੌਰ ਨੇ ਦੇਸ਼ ਭਰ ਵਿਚ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਲਈ ਉਦੋਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵਿਰੁਧ ਮੁੱਕਦਮਾ ਚਲਾਉਣ ਦੀ ਮੰਗ ਕੀਤੀ ਹੈ। ਦਿੱਲੀ ਦੇ ਪਾਰਲੀਮੈਂਟ ਥਾਣੇ ਵਿਚ ਸ਼ਾਮ 6:52 'ਤੇ ਦਰਜ ਕਰਵਾਈ ਅਪਣੀ ਸ਼ਿਕਾਇਤ ਵਿਚ ਬੀਬੀ ਜਗਦੀਸ਼ ਕੌਰ ਨੇ ਮੰਗ ਕੀਤੀ ਹੈ, 'ਜੇ ਹਿਟਲਰ ਦੇ ਮਰਨ ਪਿਛੋਂ (ਹਜ਼ਾਰਾਂ ਯਹੂਦੀਆਂ ਨੂੰ ਕਤਲ ਕਰਨ ਵਿਚ) ਉਸ ਦੀ ਸ਼ਮੂਲੀਅਤ ਸਾਬਤ ਕਰਨ ਲਈ ਮੁਕੱਦਮਾ ਚਲਾਇਆ ਜਾ ਸਕਦਾ ਹੈ ਤਾਂ ਫਿਰ ਰਾਜੀਵ ਗਾਂਧੀ ਦੇ ਮਰਨ ਪਿਛੋਂ ਵੀ ਉਸ ਵਿਰੁਧ ਮਾਮਲਾ ਚਲਾਇਆ ਜਾ ਸਕਦਾ ਹੈ।'

ਚੇਤੇ ਰਹੇ ਕਿ 13 ਮਈ ਨੂੰ ਬਠਿੰਡਾ ਵਿਖੇ ਅਕਾਲੀਆਂ ਦੀ ਰੈਲੀ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਜੇ ਸਨ, ਉਥੇ ਬੀਬੀ ਜਗਦੀਸ਼ ਕੌਰ ਨੂੰ ਵੀ ਅਕਾਲੀ ਖ਼ਾਸ ਤੌਰ 'ਤੇ ਲਿਆਏ ਸਨ ਤਾਕਿ 84 ਬਾਰੇ ਮੁੱਦਾ ਭੁਨਾਇਆ ਜਾ ਸਕੇ। ਅੱਜ ਬੀਬੀ ਜਗਦੀਸ਼ ਕੌਰ ਨੇ ਵਕੀਲ ਸ.ਹਰਪ੍ਰੀਤ ਸਿੰਘ ਹੋਰਾ, ਸ.ਨਰਿੰਦਰ ਸਿੰਘ ਤੇ ਦਿੱਲੀ ਕਮੇਟੀ ਦੇ ਹੋਰਨਾਂ ਮੁਲਾਜ਼ਮਾਂ ਨਾਲ ਥਾਣੇ ਪੁੱਜ ਕੇ, ਦਿਤੀ ਅਪਣੀ ਸ਼ਿਕਾਇਤ ਵਿਚ ਦਸਿਆ ਕਿ ਕਿਸ ਤਰ੍ਹਾਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦੇ ਇਕ ਦਿਨ ਬਾਅਦ ਵੀ ਕੁੱਝ ਨਹੀਂ ਸੀ ਹੋਇਆ।

ਪ੍ਰਧਾਨ ਮੰਤਰੀ ਬਣ ਕੇ ਤਾਕਤ ਵਿਚ ਆਉਣ ਪਿਛੋਂ ਰਾਜੀਵ ਗਾਂਧੀ ਨੇ ਤੁਰਤ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਐਚ.ਕੇ.ਐਲ.ਭਗਤ, ਕਮਲ ਨਾਥ ਤੇ ਹੋਰ ਕਾਂਗਰਸੀਆਂ ਨੂੰ ਵੱਡੇ ਪੱਧਰ 'ਤੇ ਸਿੱਖਾਂ ਦਾ ਕਤਲੇਆਮ ਕਰਨ ਦੇ ਹੁਕਮ ਚਾੜ੍ਹੇ ਸਨ ਤੇ ਲੋੜੀਂਦਾ ਸਮਾਨ ਦਿਤਾ ਸੀ। ਇਸੇ ਕਰ ਕੇ 2 ਨਵੰਬਰ ਤੱਕ ਫ਼ੌਜ ਨੂੰ ਨਹੀਂ ਸੀ ਸੱਦਿਆ ਗਿਆ। ਬੌਟ ਕਲੱਬ ਵਿਖੇ ਉਸ ਦੀ ਤਕਰੀਰ 'ਜਦੋਂ ਕੋਈ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਕੰਬਦੀ ਹੈ' ਨਾਲ ਉਸ ਦੀ ਗ਼ੈਰ ਕਾਨੂੰਨੀ ਮਨੋਬਿਰਤੀ ਦਾ ਪ੍ਰਗਟਾਵਾ ਹੋਇਆ ਸੀ। ਇਸ ਲਈ ਗਾਂਧੀ 'ਤੇ ਕਤਲ, ਅਪਰਾਧਕ ਸਾਜ਼ਸ਼, ਭੀੜ ਨੂੰ ਭੜਕਾਉਣ ਤੇ ਅਪਰਾਧਕ ਧਮਕੀਆਂ  ਦੇਣ ਦੀਆਂ ਧਾਰਾਵਾਂ ਅਧੀਨ ਐਫ਼ਆਈਆਰ ਦਰਜ ਕੀਤੀ ਜਾਵੇ।