ਸਿੱਖ ਆਗੂਆਂ ਦਾ ਜਮਘਟਾ ਪਰ ਆਗੂ ਕੋਈ ਨਹੀਂ
ਬਾਬਾ ਨਾਨਕ ਸਾਹਿਬ ਨੇ ਸਾਰਾ ਆਲਾ-ਦੁਆਲਾ ਵੇਖਿਆ ਸਮਝਿਆ ਤਾਂ ਕਿਹਾ ਕਿ ਇਨ੍ਹਾਂ ਲੋਕਾਂ ਵਿਚੋਂ ਇਨਸਾਨੀਅਤ ਭਾਵ ਧਰਮੀ ਭਾਵਨਾ ਖ਼ਤਮ ਹੋ ਚੁੱਕੀ ਹੈ।
ਬਾਬਾ ਨਾਨਕ ਸਾਹਿਬ ਨੇ ਸਾਰਾ ਆਲਾ-ਦੁਆਲਾ ਵੇਖਿਆ ਸਮਝਿਆ ਤਾਂ ਕਿਹਾ ਕਿ ਇਨ੍ਹਾਂ ਲੋਕਾਂ ਵਿਚੋਂ ਇਨਸਾਨੀਅਤ ਭਾਵ ਧਰਮੀ ਭਾਵਨਾ ਖ਼ਤਮ ਹੋ ਚੁੱਕੀ ਹੈ। ਕੂੜ ਵਰਗੀ ਬੀਮਾਰੀ ਹਰ ਖੇਤਰ ਵਿਚ ਅਮਰ ਵੇਲ ਵਾਂਗ ਚੰਬੜੀ ਹੋਈ ਹੈ,
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ।।
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।।
ਹਉ ਭਾਲਿ ਵਿਕੁੰਨੀ ਹੋਈ।।ਆਧੇਰੈ ਰਾਹੁ ਨ ਕੋਈ।।
ਵਿਚਿ ਹਉਮੈ ਕਰਿ ਦੁਖੁ ਰੋਈ।। ਕਹੁ ਨਾਨਕ ਕਿਨਿ ਬਿਧਿ ਗਤਿ ਹੋਈ।।੧।। (ਸਲੋਕ ਮ-1, ਪੰਨਾ 145)
ਅਰਥ : ਇਹ ਘੋਰ ਕਲਯੁਗੀ ਸੁਭਾਅ (ਮਾਨੋਂ) ਛੁਰੀ ਹੈ (ਜਿਸ ਕਾਰਨ) ਰਾਜੇ ਜ਼ਾਲਮ ਹੋ ਰਹੇ ਹਨ, (ਇਸ ਵਾਸਤੇ) ਧਰਮ ਖੰਭ ਲਗਾ ਕੇ ਉੱਡ ਗਿਆ ਹੈ। ਕੂੜ (ਮਾਨੋ) ਮਸਿਆ ਦੀ ਰਾਤ ਹੈ, (ਇਸ ਵਿਚ) ਸੱਚ-ਰੂਪ ਚੰਦ੍ਰਮਾ ਕਿਤੇ ਚੜ੍ਹਿਆ ਨਹੀਂ ਦਿਸਦਾ ਹੈ। ਮੈਂ ਇਸ ਚੰਦ੍ਰਮਾ ਨੂੰ ਲੱਭ-ਲੱਭ ਕੇ ਵਿਆਕੁਲ ਹੋ ਗਈ ਹਾਂ, ਹਨੇਰੇ ਵਿਚ ਕੋਈ ਰਾਹ ਦਿਸਦਾ ਨਹੀਂ। (ਇਸ ਹਨੇਰੇ) ਵਿਚ (ਸ੍ਰਿਸ਼ਟੀ) ਹਉਮੈ ਦੇ ਕਾਰਨ ਦੁਖੀ ਹੋ ਰਹੀ ਹੈ, ਹੇ ਨਾਨਕ! ਕਿਵੇਂ ਇਸ ਤੋਂ ਖ਼ਲਾਸੀ ਹੋਵੇ?
ਅੱਖਾਂ ਤੋਂ ਅੰਨ੍ਹਾ ਬੰਦਾ ਮੋਟਰ ਗੱਡੀ ਨਹੀਂ ਚਲਾ ਸਕਦਾ ਕਿਉਂਕਿ ਉਸ ਨੂੰ ਰਾਹ ਖਹਿੜੇ ਦਾ ਪਤਾ ਨਹੀਂ ਲਗਦਾ। ਦੂਜੇ ਪਾਸੇ ਅੱਖਾਂ ਤੋਂ ਅੰਨ੍ਹਾ ਮਨੁੱਖ ਕਈ ਤਰ੍ਹਾਂ ਦੀ ਸਿਖਿਆ ਪ੍ਰਾਪਤ ਕਰ ਕੇ ਸਮਾਜ ਦੇ ਕਈ ਹੋਰ ਖੇਤਰਾਂ ਵਿਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਸਕਦਾ ਹੈ। ਸਮਾਜ ਵਿਚ ਅਸਲ ਅੰਨ੍ਹਾ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਅਕਲ ਨਾਂ ਦੀ ਕੋਈ ਸਮਝ ਨਾ ਹੋਵੇ ਪਰ ਕੌਮ ਦਾ ਆਗੂ ਬਣ ਜਾਏ। ਅਜਿਹੇ ਆਗੂ ਕੌਮਾਂ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛਡਦੇ :-
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ।।
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ।।
ਜੇਕਰ ਕਿਸੇ ਕੌਮ ਦਾ ਆਗੂ ਉਹ ਮਨੁੱਖ ਬਣ ਜਾਵੇ, ਜੋ ਆਪ ਹੀ ਪ੍ਰਵਾਰਕ ਮੋਹ ਵਿਚ ਅੰਨ੍ਹਾ ਹੋਇਆ ਪਿਆ ਹੈ, ਤਾਂ ਕੀ ਉਹ ਕੌਮ ਨੂੰ ਕੋਈ ਸੇਧ ਦੇ ਸਕਦਾ ਹੈ? ਅਜਿਹੇ ਆਗੂ ਤਾਂ ਕੌਮਾਂ ਰੋੜ ਦਿੰਦੇ ਹਨ। ਕੌਮ ਵਿਚੋਂ ਅਣਖ਼ ਗ਼ੈਰਤ ਵਰਗੇ ਦੈਵੀ ਗੁਣਾਂ ਨੂੰ ਬਰਬਾਦ ਕਰ ਦਿੰਦੇ ਹਨ। ਅਜਿਹੇ ਆਗੂ ਨਿਜੀ ਮੁਫ਼ਾਦਾਂ ਲਈ ਕੌਮੀ ਸਭਿਆਚਾਰ ਨੂੰ ਵਿਗਾੜ ਦਿੰਦੇ ਹਨ। ਕੌਮਾਂ ਇਕ ਦਿਨ ਵਿਚ ਖੜੀਆਂ ਨਹੀਂ ਹੁੰਦੀਆਂ। ਕੌਮਾਂ ਨੂੰ ਅਬਾਦ ਕਰਨ ਲਈ ਤੇ ਅਪਣੀ ਹੋਂਦ ਬਣਾਉਣ ਲਈ ਕਈ ਸਦੀਆਂ ਲੱਗ ਜਾਂਦੀਆਂ ਹਨ। ਕੌਮ ਦਾ ਉਹ ਆਗੂ ਹੀ ਸਥਾਪਤ ਗਿਣਿਆ ਜਾਂਦਾ ਹੈ ਜਿਸ ਵਿਚ ਪੱਖਪਾਤ, ਈਰਖਾ ਤੇ ਨਿਜੀ ਲਾਭ ਦੀ ਲਾਲਸਾ ਨਾ ਹੋਵੇ।
ਅਜਿਹੇ ਕੌਮੀ ਆਗੂ ਵਿਚ ਪ੍ਰਵਾਰਕ ਮੋਹ ਦੀ ਕੋਈ ਤੰਦ ਨਹੀਂ ਹੁੰਦੀ। ਇਸ ਵਿਚ ਕੇਵਲ ਕੁਰਬਾਨੀ ਹੀ ਕੁਰਬਾਨੀ ਹੁੰਦੀ ਹੈ ਜਿਹੜੀ ਅਪਣੀ ਜਾਨ ਦੀ ਬਾਜ਼ੀ ਲਗਾ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਹੁੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਕੌਮ ਦੀ ਵਾਗਡੋਰ ਸੰਭਾਲੀ ਤਾਂ ਉਸ ਨਾਲ ਕੁੱਝ ਗਿਣਤੀ ਦੇ ਸਾਥੀ ਸਨ। ਹਲੇਮੀ ਰਾਜ ਦੀ ਬਣਤਰ ਦੱਸਣ ਲਈ ਅਪਣਿਆਂ ਪੱਟਾਂ ਤੇ ਪਏ ਬੇਟੇ ਨੂੰ ਸ਼ਹੀਦ ਕਰਾ ਲਿਆ ਸੀ ਪਰ ਜ਼ੁਬਾਨ ਤੋਂ ਸੀ ਤਕ ਨਾ ਨਿਕਲੀ। ਕੌਮੀ ਆਗੂਆਂ ਦੀਆਂ ਸ਼ਹੀਦੀਆਂ ਜਾਂ ਉਨ੍ਹਾਂ ਵਲੋਂ ਕੀਤੇ ਕਾਰਨਾਮੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਨਕਲਾਬ ਦੇ ਸ੍ਰੋਤ ਹੁੰਦੇ ਹਨ।
ਸਮੇਂ ਦੀ ਸਰਕਾਰ ਜੇ ਨਵਾਬੀਆਂ ਦਿੰਦੀ ਹੈ ਤਾਂ ਸਿੱਖ ਕੌਮ ਦੇ ਆਗੂ ਸੰਗਤ ਦੀਆਂ ਸੇਵਾਵਾਂ ਕਰਨੀ ਨਹੀਂ ਭੁਲਦੇ ਸਨ। ਜਵਾਨੀ ਵਿਚ ਘੋੜਿਆਂ ਦੀ ਲਿੱਦ ਚੁਕਣੀ, ਚੱਕੀ ਨਾਲ ਆਟਾ ਪੀਹਣਾ, ਲੰਗਰ ਲਈ ਲੱਕੜਾਂ ਪਾੜਨੀਆਂ ਕਦੇ ਵੀ ਅਪਣੇ ਜੀਵਨ ਵਿਚੋਂ ਮਨਫ਼ੀ ਨਹੀਂ ਹੋਣ ਦਿੰਦੇ ਸਨ। ਬਜ਼ੁਰਗ ਅਵਸਥਾ ਵਿਚ ਸਿੰਘਾਂ ਲਈ ਕਛਹਿਰੇ, ਚੋਲੇ ਸੀਣ ਦੀਆਂ ਸੇਵਾਵਾਂ ਸਿੱਖ ਕੌਮ ਦੇ ਆਗੂ ਖ਼ੁਦ ਕਰਦੇ ਰਹੇ ਹਨ।
ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਨਵਾਬ ਕਪੂਰ ਸਿੰਘ ਤੇ ਸਰਦਾਰ ਦਰਬਾਰਾ ਸਿੰਘ, ਸਰਦਾਰ ਚੜ੍ਹਤ ਸਿੰਘ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਜੱਸਾ ਸਿੰਘ ਰਾਮਗੜ੍ਹੀਆ ਵਰਗੇ ਕੌਮ ਉਤੇ ਮਰ ਮਿਟਣ ਵਾਲੇ ਆਗੂਆਂ ਦੀ ਬਦੌਲਤ ਸਿੱਖ ਕੌਮ ਦਾ ਸੁਨਹਿਰੀ ਇਤਿਹਾਸ ਬਣਿਆ ਹੈ। ਸਿੱਖ ਇਤਿਹਾਸ ਵਿਚ ਸਰਦਾਰਨੀ ਸਦਾ ਕੌਰ ਉਹ ਨੀਤੀ ਵੇਤਾ ਬੀਬੀ ਸੀ ਜਿਸ ਨੇ 18-19 ਸਾਲ ਦੇ ਭਰ ਗਭਰੇਟ ਰਣਜੀਤ ਸਿੰਘ ਨੂੰ ਸ਼ਾਹ ਜ਼ਮਾਨ ਦੀ 30 ਹਜ਼ਾਰ ਵਾਲੀ ਫ਼ੌਜ ਨਾਲ ਲੜਾ ਦਿਤਾ। ਸ਼ਾਹ ਜ਼ਮਾਨ ਅਪਣੇ ਬਾਬੇ ਅਹਿਮਦ ਸ਼ਾਹ ਵਾਲੇ ਕਾਰਨਾਮੇ ਦੁਹਰਾ ਨਾ ਸਕਿਆ। ਸਗੋਂ ਉਸ ਨੂੰ ਪੰਜਾਬ ਵਿਚੋਂ ਭੱਜਣਾ ਪਿਆ।
ਸਰਦਾਰਨੀ ਸਦਾ ਕੌਰ ਉਹ ਨੀਤੀ ਘਾੜਾ ਬੀਬੀ ਜੋ 7 ਜੁਲਾਈ 1799 ਨੂੰ ਲਾਹੌਰ ਦੇ ਇਕ ਪਾਸੇ ਤੋਂ ਖ਼ੁਦ ਹਮਲਾ ਕਰਦੀ ਹੈ ਤੇ ਦੂਜੇ ਪਾਸਿਉਂ ਮਹਾਂਰਾਜਾ ਰਣਜੀਤ ਸਿੰਘ ਕੋਲੋਂ ਪੂਰੇ ਜੋਸ਼ ਨਾਲ ਹਮਲਾ ਕਰਵਾ ਕੇ ਸ਼ਹਿਰ ਨੂੰ ਉਸ ਦੇ ਕਬਜ਼ੇ ਹੇਠ ਕਰਵਾ ਦਿੰਦੀ ਹੈ। ਸਰਦਾਰਨੀ ਸਦਾ ਕੌਰ ਜਾਣਦੀ ਸੀ ਕਿ ਜਿਸ ਕੋਲ ਲਾਹੌਰ ਹੈ ਉਸੇ ਕੋਲ ਸਾਰਾ ਪੰਜਾਬ ਹੈ। ਮਹਾਰਾਜਾ ਰਣਜੀਤ ਸਿੰਘ ਉਸ ਕੌਮ ਨਾਲ ਸਬੰਧ ਰਖਦਾ ਸੀ ਜਿਹੜੀ ਪੰਜਾਬ ਵਿਚ ਦੂਜੀਆਂ ਕੌਮਾਂ ਨਾਲੋਂ ਘੱਟ ਗਿਣਤੀ ਵਿਚ ਸਨ। ਪਰ ਬਹੁ-ਗਿਣਤੀ ਵਾਲੀਆਂ ਦੋ ਕੌਮਾਂ ਮੁਸਲਮਾਨ ਤੇ ਹਿੰਦੂ ਖ਼ੁਸ਼ੀ ਨਾਲ ਰਹਿ ਰਹੀਆਂ ਸਨ ਜਿਸ ਦਾ ਜ਼ਿਕਰ ਸ਼ਾਹ ਮੁਹੰਮਦ ਨੇ ਅਪਣੇ ਜੰਗਨਾਮੇ ਵਿਚ ਲਿਖਿਆ ਹੈ-
ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉਤੇ ਆਫ਼ਤ ਆਈ।
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜ਼ਾਤ ਆਈ।
ਅਕਾਲੀ ਬਾਬਾ ਫੂਲਾ ਸਿੰਘ, ਸ਼ਾਮ ਸਿੰਘ ਅਟਾਰੀਵਾਲੇ, ਸਰਦਾਰ ਹਰੀ ਸਿੰਘ ਨਲਵਾ ਵਰਗੇ ਸਿੱਖੀ ਦੇ ਸਿਰਲੱਥ ਯੋਧੇ ਹੀ ਨਹੀਂ ਹੋਏ ਸਗੋਂ ਚੰਗੇ ਨੀਤੀਵੇਤਾ ਤੇ ਦੂਰਅੰਦੇਸ਼ ਵੀ ਸਨ। ਅਜੇਹਾ ਸਮਾਂ ਵੀ ਆਇਆ ਜਦੋਂ ਸਿੱਖ ਸਿਧਾਂਤ ਨੂੰ ਸਮਝਣ ਸਮਝਾਉਣ ਦਾ ਯਤਨ ਅਰੰਭਿਆ ਤਾਂ ਪ੍ਰੋਫ਼ੈਸਰ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਰਮ ਸਿੰਘ, ਹਿਸਟੋਰੀਅਨ ਭਾਈ ਕਾਹਨ ਸਿੰਘ ਨਾਭਾ, ਪ੍ਰੋ. ਸਾਹਿਬ ਸਿੰਘ ਵਰਗੇ ਸਿਰੜੀ ਵਿਦਵਾਨਾਂ ਨੇ ਸਿੱਖ ਸਿਧਾਂਤ ਨੂੰ ਪ੍ਰਚਾਰਨ ਲਈ ਜੀ-ਜਾਨ ਨਾਲ ਕੌਮ ਦੀ ਸੇਵਾ ਕੀਤੀ।
ਗੁਰਦਵਾਰਾ ਸੁਧਾਰ ਲਹਿਰ ਵਿਚ ਸਰਦਾਰ ਕਰਤਾਰ ਸਿੰਘ ਝੱਬਰ, ਭਾਈ ਲਛਮਣ ਸਿੰਘ ਧਾਰੋਵਾਲੀ, ਮਾਸਟਰ ਤਾਰਾ ਸਿੰਘ, ਸਰਦਾਰ ਖੜਕ ਸਿੰਘ, ਗਿਆਨੀ ਕਰਤਾਰ ਸਿੰਘ ਤੇ ਹੋਰ ਬਹੁਤ ਸਾਰੇ ਸਿੱਖ ਆਗੂਆਂ ਦੇ ਨਾਵਾਂ ਨਾਲ ਇਤਿਹਾਸ ਭਰਿਆ ਹੋਇਆ ਹੈ, ਜਿਨ੍ਹਾਂ ਨੇ ਅਪਣੇ ਪ੍ਰਵਾਰਕ ਸੁੱਖਾਂ ਨੂੰ ਇਕ ਪਾਸੇ ਰੱਖ ਕੇ ਕੌਮੀ ਮਸਲਿਆ ਲਈ ਅਪਣੀ ਜ਼ਿੰਦਗੀ ਕੌਮ ਦੇ ਲੇਖੇ ਲਗਾ ਦਿਤੀ।
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਉਪਰੰਤ ਸਿੱਖ ਆਗੂਆਂ ਵਿਚ ਅਜਿਹੀ ਕਤਲੋ-ਗਾਰਤ ਦੀ ਹਨੇਰੀ ਝੁੱਲੀ ਕਿ ਅਪਣੇ ਹੀ ਖ਼ੂਨ ਦਿਨ ਦੀਵੀਂ ਚਿੱਟੇ ਹੋ ਗਏ। ਇਕ ਦੂਜੇ ਦੇ ਖ਼ੂਨ ਦੇ ਪਿਆਸੇ ਬਣ ਗਏ। ਅੰਗਰੇਜ਼ਾਂ ਨੇ ਦੇਸ਼ ਪੰਜਾਬ ਨੂੰ ਅਪਣੇ ਅਧੀਨ ਕਰ ਲਿਆ।
ਖ਼ਾਲਸਾ ਰਾਜ ਦੀ ਤੜਫ਼ ਰੱਖਣ ਵਾਲੇ ਸਿੱਖਾਂ ਨੇ ਅਪਣੇ ਤੌਰ ਉਤੇ ਅੰਗਰੇਜ਼ਾਂ ਵਿਰੁਧ ਬਗ਼ਾਵਤਾਂ ਕਰਨੀਆਂ ਸ਼ੁਰੂ ਕੀਤੀਆਂ ਜਿਹੜੀਆਂ ਮੁਖ਼ਬਰਾਂ ਦੀ ਬਦੌਲਤ ਕਾਮਯਾਬ ਨਾ ਹੋ ਸਕੀਆਂ। ਭਾਰਤ ਦੇ ਚਲਾਕ ਆਗੂਆਂ ਨੇ ਸਿੱਖ ਆਗੂਆਂ ਨੂੰ ਅਪਣੇ ਨਾਲ ਜੋੜ ਲਿਆ ਕਿ ਆਪਾਂ ਕੇਵਲ ਪੰਜਾਬ ਵਾਸਤੇ ਨਹੀਂ ਸਗੋਂ ਸਮੁੱਚੇ ਭਾਰਤ ਦੀ ਅਜ਼ਾਦੀ ਲਈ ਚੱਲ ਰਹੇ ਘੋਲ ਵਿਚ ਸ਼ਾਮਲ ਹੋਈਏ। ਭਾਰਤ ਆਜ਼ਾਦ ਹੋ ਗਿਆ ਪਰ ਪੰਜਾਬ ਨੂੰ ਬਣਦਾ ਹੱਕ ਨਾ ਮਿਲਿਆ।
ਬੋਲੀਆਂ ਦੇ ਅਧਾਰ ਤੇ ਜਦੋਂ ਸੂਬਿਆਂ ਦੀ ਵੰਡ ਕੀਤੀ ਤਾਂ ਪੰਜਾਬ ਨੂੰ ਅੱਖੋਂ ਪਰੋਖਾ ਕਰ ਕੇ ਫ਼ੈਸਲੇ ਕੀਤੇ ਗਏ। ਕੇਂਦਰੀ ਸਰਕਾਰ ਨੂੰ ਸਮਝ ਆ ਗਈ ਸੀ ਕਿ ਸਿੱਖ ਆਗੂਆਂ ਨੂੰ ਮੋਰਚਿਆਂ ਵਿਚ ਉਲਝਾਈ ਰੱਖੋ, ਸਮੇਂ ਬਾਅਦ ਅਪਣੇ ਆਪ ਹੀ ਇਨ੍ਹਾਂ ਵਲੋਂ ਰਖੀਆਂ ਮੰਗਾਂ ਇਨ੍ਹਾਂ ਆਗੂਆਂ ਨੇ ਹੀ ਵਿਸਾਰ ਦੇਣੀਆਂ ਹਨ। 'ਬਕਰੀ ਦੁਧ ਦਿੰਦੀ ਤਾਂ ਹੈ ਪਰ ਮੇਂਗਣਾਂ ਪਾ ਕੇ..' ਦੇ ਅਖਾਣ ਅਨੁਸਾਰ ਪੰਜਾਬੀ ਸੂਬਾ ਤਾਂ ਮਿਲਿਆ ਪਰ ਮਿਲਿਆ ਅਧੂਰਾ ਹੀ। ਪੰਜਾਬੀ ਬੋਲਦੇ ਇਲਕੇ ਪੰਜਾਬ ਤੋਂ ਬਾਹਰ ਰੱਖੇ ਗਏ। ਫ਼ੌਜ ਦੀ ਭਰਤੀ ਵਿਚੋਂ ਸਿੱਖ ਕੋਟਾ ਘਟਾਇਆ ਗਿਆ।
(ਬਾਕੀ ਅਗਲੇ ਹਫ਼ਤੇ)
ਸੰਪਰਕ : 9915529725