ਬੇਅਦਬੀ ਮਾਮਲੇ ਵਿਚੋਂ ਸੌਦਾ ਸਾਧ ਨੂੰ ਦੋਸ਼ ਸੂਚੀ ਵਿਚੋਂ ਬਾਹਰ ਕਰਨਾ ਅਸਹਿ : ਸਿਮਰਨਜੀਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਖ ਕੌਮ ਨਾਲ 1984 ਦੀ ਤਰ੍ਹਾਂ ਹੀ ਹੋਰ ਵੱਡਾ ਜ਼ੁਲਮ ਕੀਤਾ ਜਾ ਰਿਹਾ ਹੈ ।

SimranJeet Singh mann

ਬੱਸੀ ਪਠਾਣਾਂ (ਗੁਰਬਚਨ ਸਿੰਘ ਰੁਪਾਲ) : ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ)  ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ  ਦੇ ਕੇਸ ਵਿਚੋਂ ਮੁੱਖ ਸਾਜ਼ਸ਼ਕਾਰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਫ਼ਰੀਦਕੋਟ ਅਦਾਲਤ ਵਲੋਂ ਕੇਸ ਵਿਚੋਂ ਕੱਢ ਦੇਣ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਸਿੱਖ ਕੌਮ ਨਾਲ 1984 ਦੀ ਤਰ੍ਹਾਂ ਹੀ ਹੋਰ ਵੱਡਾ ਜ਼ੁਲਮ ਕੀਤਾ ਜਾ ਰਿਹਾ ਹੈ ।

ਉਨ੍ਹਾਂ ਕਿਹਾ ਕਿ ਸੌਦਾ ਸਾਧ ਜੋ ਇਸ ਸਮੇਂ ਜੇਲ ਵਿਚ ਨਜ਼ਰਬੰਦ ਹੈ ਅਤੇ ਜੁਲਾਈ 2020 ਦੀ ਡੀ.ਡੀ.ਆਰ. ਰਾਹੀਂ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ ਜਿਸਨੂੰ ਪੰਜਾਬ-ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜਨ ਗੁਪਤਾ ਨੇ ਵੀ ਉਪਰੋਕਤ ਦੁਖਦਾਈ ਘਟਨਾਵਾਂ ਨਾਲ ਸਬੰਧਤ ਕਰਾਰ ਦਿਤਾ ਹੈ, ਉਸ ਮੁੱਖ ਦੋਸ਼ੀ ਤੇ ਸਾਜ਼ਸ਼ਕਾਰ ਬਾਰੇ ਅਜਿਹੀ ਬੇਇਨਸਾਫ਼ੀ ਵਾਲੇ ਕਿਸੇ ਵੀ ਫ਼ੈਸਲੇ ਨੂੰ ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ ।

ਸ. ਮਾਨ ਨੇ ਇਸ ਮਕਸਦ ਲਈ ਅਦਾਲਤਾਂ ਅਤੇ ਹੁਕਮਰਾਨਾਂ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਨ੍ਹਾਂ ਵੱਡੇ ਦੋਸ਼ੀਆਂ ਨੂੰ ਸੰਸਾਰ ਦਾ ਹਰ ਸਿੱਖ ਅਤੇ ਦੂਸਰੀਆਂ ਕੌਮਾਂ ਭਲੀਭਾਂਤ ਜਾਣ ਚੁੱਕੀਆਂ ਹਨ, ਉਸ ਨੂੰ ਕੇਸ ਵਿਚੋਂ ਬਾਹਰ ਕੱਢ ਦੇਣ ਦੀ ਗ਼ੈਰ-ਕਾਨੂੰਨੀ ਕਾਰਵਾਈ ਆਉਣ ਵਾਲੇ ਸਮੇਂ ਵਿਚ ਹਰਿਆਣਾ, ਪੰਜਾਬ ਅਤੇ ਹੋਰ ਕਈ ਸੂਬਿਆਂ ਦੀਆਂ ਅਸੈਬਲੀ ਚੋਣਾਂ ਦੇ ਮੱਦੇਨਜ਼ਰ ਕੀਤੀ ਜਾ ਰਹੀ ਹੈ। 

ਇਕ ਹੋਰ ਅਤਿ ਗੰਭੀਰ ਮੁੱਦੇ ਉਤੇ ਗੱਲਬਾਤ ਕਰਦੇ ਹੋਏ ਸ. ਮਾਨ ਨੇ ਕਿਹਾ ਕਿ ਹੁਕਮਰਾਨ ਸਿੱਖ ਕੌਮ, ਸਿੱਖ ਧਰਮ ਅਤੇ ਸਿੱਖ ਗੁਰੂ ਸਾਹਿਬਾਨ ਨੂੰ ਨਿਸ਼ਾਨਾ ਬਣਾ ਕੇ ਕਿਸ ਨੀਵੀਂ ਹੱਦ ਤਕ ਜਾ ਸਕਦੇ ਹਨ ਇਸ ਦਾ ਪਤਾ ਉਦੋਂ ਲੱਗਾ ਜਦੋਂ ਵਜ਼ੀਰ-ਏ-ਆਜ਼ਮ ਨੇ ਸਭ ਕਾਇਦੇ-ਕਾਨੂੰਨ ਛਿੱਕੇ ਟੰਗ ਕੇ ਅਯੁੱਧਿਆ ਵਿਚ ਬਣਨ ਜਾ ਰਹੇ ਰਾਮ ਮੰਦਰ ਦਾ ਉਦਘਾਟਨ ਕਰ ਕੇ ਖ਼ੁਦ ਨੂੰ ਕੇਵਲ ਹਿੰਦੂ ਕੌਮ ਨਾਲ ਜੋੜਿਆ ਉਸ ਸਮੇਂ ਵੀ ਅਪਣੀ ਤਕਰੀਰ ਵਿਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਰਮਾਇਣ ਲਿਖਣ ਦੀ ਸੱਚ ਤੋਂ ਕੋਹਾਂ ਦੂਰੀ ਵਾਲੀ ਗੱਲ ਕਰ ਕੇ ਮੁਲਕ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਨੇ ਉਸ ਸਮੇਂ ਵੀ ਮੋਦੀ ਦੇ ਇਸ ਕਾਰਵਾਈ ਦੀ ਪੁਰਜ਼ੋਰ ਨਿੰਦਾ ਕੀਤੀ ਸੀ। ਪਰ ਦੁੱਖ ਅਤੇ ਅਫ਼ਸੋਸ ਹੈ ਕਿ ਮੋਦੀ ਵਲੋਂ ਅਪਣੀ ਸਿੱਖ ਵਿਰੋਧੀ ਸੋਚ ਤੇ ਅਮਲ ਕਰਦੇ ਹੋਏ, ਸਵਾਰਥੀ ਸੋਚ ਵਾਲੇ ਗੁਮਰਾਹ ਹੋਏ ਇਕ ਸਿੱਖ ਐਡਵੋਕੇਟ ਸ੍ਰੀ ਕੇ.ਟੀ.ਐਸ. ਤੁਲਸੀ ਦੀ ਮਾਤਾ ਤੋਂ ਅਖੌਤੀ  ਰਮਾਇਣ ਲਿਖਵਾ ਕੇ ਜਿਸ ਵਿਚ ਗੁਰੂ ਸਾਹਿਬਾਨ ਅਤੇ ਸਿੱਖ ਇਤਿਹਾਸ ਬਾਰੇ ਫਿਰਕੂਆਂ ਨੇ ਅਪਣੀ ਸਾਜ਼ਸ਼ ਅਨੁਸਾਰ ਬਹੁਤ ਕੁਝ ਦਰਜ ਕੀਤਾ ਹੋਵੇਗਾ

ਉਸ ਨੂੰ ਬੀਤੇ ਦਿਨੀਂ ਜਾਰੀ ਕਰ ਕੇ ਸਿੱਖ ਕੌਮ ਨੂੰ ਡੂੰਘੀ ਠੇਸ ਪੁਚਾਉਣ ਦੀ ਗ਼ਲਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿਚ ਬੈਠੇ ਅਜਿਹੇ ਪਗੜੀਧਾਰੀ ਦੁਸ਼ਮਣਾਂ ਅਤੇ ਦੁਸ਼ਮਣ ਤਾਕਤਾਂ ਦੇ ਹੱਥ ਠੋਕਿਆਂ ਦੀ ਪਛਾਣ ਹੋ ਚੁੱਕੀ ਹੈ। ਇਸ ਲਈ ਹੁਕਮਰਾਨ, ਸਿੱਖ ਕੌਮ ਅਤੇ ਗੁਰੂ ਸਾਹਿਬਾਨ ਸਬੰਧੀ ਅਜਿਹੀਆਂ ਗੁਮਰਾਹਕੁਨ ਕਾਰਵਾਈਆਂ ਰਾਹੀਂ ਸਾਡੇ ਇਤਿਹਾਸਕ  ਵਿਰਸੇ ਅਤੇ ਵਿਰਾਸਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਣਗੇ।