ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥ ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ॥

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਬਾਣੀ ਸਰਬ ਵਿਆਪਕ ਹੈ ਜਿਸ ਦਾ ਅਰਥ ਹੈ ਕਿ ਗੁਰਬਾਣੀ ਹਰ ਬੰਦੇ ਉਪਰ ਅਤੇ ਹਰ ਸਮੇਂ ਉਪਰ ਲਾਗੂ ਹੈ।

Sri Guru Granth Sahib Ji

ਸਿਰੀ ਰਾਗੁ ਮਹੱਲਾ 1, ਅੰਗ 933 ਉਤੇ ਦਰਜ ਸ਼ਬਦ  ਜੋ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ, ਉਸ ਦੀਆਂ ਉਪਰੋਕਤ ਦੋ ਤੁਕਾਂ ਜੋ ਕੀਰਤਨੀਏ ਅਤੇ ਕਥਾਵਾਚਕਾਂ ਵਲੋਂ ਆਮ ਤੌਰ ਉਤੇ ਜ਼ੋਰ ਦੇ ਕੇ ਸੰਗਤ ਨੂੰ ਸੰਬੋਧਨ ਕੀਤੀਆਂ ਜਾਂਦੀਆਂ ਹਨ ਤੇ ਉਨ੍ਹਾਂ ਉਪਰ ਜ਼ੋਰ ਵੀ ਦਿਤਾ ਜਾਂਦਾ ਹੈ। ਪਹਿਲੀ ਵਿਚ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ? ਦੂਜੀ ਵਿਚ ਕਿਹੋ ਜਿਹਾ ਪਹਿਨਣਾ ਚਾਹੀਦਾ ਹੈ? ਕਿਹੋ ਜਿਹਾ ਨਹੀਂ, ਬਾਰੇ ਉਪਦੇਸ਼ ਕੀਤਾ ਗਿਆ ਹੈ। ਜ਼ਿਆਦਾ ਜ਼ੋਰ ਇਨ੍ਹਾਂ ਦੋ ਉਪਰ ਹੀ ਹੁੰਦਾ ਹੈ। ਖਾਸ ਤੌਰ ਉਤੇ ਜਦੋਂ ਮਾਸ ਖਾਣ ਜਾਂ ਨਾ ਖਾਣ ਬਾਰੇ ਗੱਲ ਹੋ ਰਹੀ ਹੁੰਦੀ ਹੈ ਤੇ ਨਵੇਂ ਫ਼ੈਸ਼ਨ ਬਾਰੇ ਜਿਸ ਪਹਿਨਣ ਨਾਲ ਨੰਗੇਜ਼ ਦਾ ਦਿਖਾਵਾ ਹੋ ਰਿਹਾ ਹੋਵੇ ਤੇ ਇਨ੍ਹਾਂ ਤੁਕਾਂ ਰਾਹੀਂ ਦੋਵੇਂ ਗੱਲਾਂ ਖ਼ਾਰਜ ਕਰ ਦਿਤੀਆਂ ਜਾਂਦੀਆਂ ਹਨ। ਇਸ ਲਈ ਇਥੇ ਇਨ੍ਹਾਂ ਦੋ ਨੂੰ ਹੀ ਵਿਚਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵੈਸੇ ਵੀ ਜਦ ਅਸੀ ਇਨ੍ਹਾਂ ਦੋ ਤੁਕਾਂ ਨੂੰ ਸਮਝ ਲਵਾਂਗੇ ਤਾਂ ਦੂਜੀਆਂ ਦੋ ਅਪਣੇ ਆਪ ਹੀ ਪਕੜ ਵਿਚ ਆ ਜਾਣ ਗੀਆਂ।  ਮੈਂ ਪਹਿਲਾਂ ਹੀ ਲਿਖਦਾ ਆ ਰਿਹਾ ਹਾਂ ਕਿ ਗੁਰਬਾਣੀ ਸਾਡੇ ਅੰਦਰ ਲਾਗੂ ਕਰਨ ਲਈ ਹੈ। ਗੁਰੂ ਜੀ ਜਾਂ ਭਗਤਾਂ ਨੇ ਗੁਰਬਾਣੀ ਉਚਾਰਨ ਵਕਤ ਇਸ ਦੇ ਵਿਰਤਾਂਤ ਬਾਹਰ ਮੁਖੀ ਦਿਤੇ ਹਨ ਪਰ ਲਾਗੂ ਮਨ ਅਤੇ ਆਤਮਾ ਉਪਰ ਕਰਨ ਦਾ ਉਪਦੇਸ਼ ਹੈ। ਬਾਹਰ ਪੱਖੀ ਬਿਰਤਾਂਤ ਦੇਣ ਤੋਂ ਗੁਰੂ ਜੀ ਦਾ ਭਾਵ ਸੀ ਕਿ ਗੱਲ ਹਰ ਬੰਦੇ ਦੀ ਪਕੜ ਵਿਚ ਆ ਜਾਵੇ। ਹਰ ਇਕ ਦੇ ਸਮਝ ਆ ਜਾਵੇ।

ਇਕ ਗੱਲ ਦਾ ਹੋਰ ਵੀ ਧਿਆਨ ਰਖਣਾ ਹੋਵੇਗਾ ਕਿ ਗੁਰਬਾਣੀ ਸਰਬ ਵਿਆਪਕ ਹੈ ਜਿਸ ਦਾ ਅਰਥ ਹੈ ਕਿ ਗੁਰਬਾਣੀ ਹਰ ਬੰਦੇ ਉਪਰ ਅਤੇ ਹਰ ਸਮੇਂ ਉਪਰ ਲਾਗੂ ਹੈ। ਜੇਕਰ ਇਸ ਨੂੰ ਅਸੀ ਬਾਹਰ ਮੁਖੀ ਰੱਖਾਂਗੇ ਤਾਂ ਜ਼ਰੂਰੀ ਨਹੀਂ ਇਹ ਸਰਬ ਵਿਆਪਕ ਰਹਿ ਸਕੇ। ਸਾਡੇ ਧਰਮ, ਜਾਤ, ਖਿਤਾ, ਲਿੰਗ ਆਦਿ ਦਾ ਵਖਰੇਵਾਂ ਕਦੇ ਵੀ ਰਾਹ ਦਾ ਰੋੜਾ ਬਣ ਸਕਦਾ ਹੈ ਪਰ ਜਦੋਂ ਗੁਰਬਾਣੀ ਨੂੰ ਅੰਦਰ ਮੁਖੀ ਮਨ ਲਵਾਂਗੇ ਤਾਂ ਵਖਰੇਵੇਂ ਵਾਲੇ ਸਾਰੇ ਨੁਕਤੇ ਅਪਣੇ ਆਪ ਹੀ ਖ਼ਤਮ ਹੋ ਜਾਣਗੇ। ਤੁਹਾਨੂੰ ਮਨ ਅਤੇ ਆਤਮਾ ਦੀ ਜਾਤ, ਧਰਮ, ਖਿਤਾ, ਨਰ ਮਦੀਨ ਉਨ੍ਹਾਂ ਦੇ ਭੂਤਕਾਲ, ਵਰਤਮਾਨ ਜਾਂ ਭਵਿੱਖ ਆਦਿ ਬਾਰੇ ਪੁਛਿਆ ਜਾਵੇ ਤਾਂ ਯਕੀਨਨ ਤੁਸੀ ਨਿਰਉਤਰ ਹੋ ਜਾਵੋਗੇ। 


ਜੋ ਅਸੀ ਅਜ ਇਨ੍ਹਾਂ ਤੁਕਾਂ ਦਾ ਅਰਥ ਲੈ ਰਹੇ ਹਾਂ ਅਤੇ ਪ੍ਰਚਾਰ ਰਹੇ ਹਾਂ, ਉਹ ਅਸੀ ਅਜ ਦੇ ਹਾਲਾਤ ਨੂੰ ਦੇਖਦੇ ਹੋਏ ਲਏ ਹਨ। ਗੁਰੂ ਜੀ ਨੇ ਜਿਸ ਸੰਦਰਭ ਵਿਚ ਬਾਣੀ ਉਚਾਰੀ ਉਸ ਨੂੰ ਸਹੀ ਪਕੜਣ ਲਈ ਸਾਨੂੰ ਪੰਜ ਸੌ ਸਾਲ ਪਿੱਛੇ ਝਾਤੀ ਮਾਰਨੀ ਪਵੇਗੀ। ਥੋੜੀ ਮਿਹਨਤ ਨਾਲ ਕਿਆਸ ਕਰੋ ਕਿ ਪੰਜ ਸੌ ਸਾਲ ਪਿੱਛੇ ਕੀ ਹਾਲਾਤ ਸਨ। ਮੈਂ 70 ਸਾਲ ਪਿਛੇ ਜਾਂਦਾ ਹਾਂ ਤਾਂ ਮਹਿਸੂਸ ਕਰਦਾ ਹਾਂ, ਉਸ ਵਕਤ ਅਤੇ ਅਜ ਦੇ ਵਕਤ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਪੈ ਗਿਆ ਹੈ। 70 ਸਾਲ ਪਹਿਲਾਂ 90 ਫ਼ੀ ਸਦੀ ਤੋਂ ਵੱਧ ਲੋਕ ਗ਼ਰੀਬ ਸਨ। ਬਹੁਤ ਘੱਟ ਗਿਣਤੀ ਲੋਕਾਂ ਦੀ ਜੇਬ ਵਿਚ ਪੈਸਾ ਹੁੰਦਾ ਸੀ।

ਜੇਬ ਖ਼ਾਲੀ ਹੋਵੇ ਤਾਂ ਤੁਸੀ ਸ਼ੌਕ ਪੂਰਾ ਕਰਨ ਅਤੇ ਸਵਾਦ ਪੂਰਾ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਉਸ ਵਕਤ ਤਾਂ ਪੇਟ ਭਰਨ ਅਤੇ ਤਨ ਢੱਕਣ ਦੇ ਹੀ ਲਾਲੇ ਪਏ ਰਹਿੰਦੇ ਹਨ। ਚੀਜ਼ਾਂ ਮਾਰਕੀਟ ਵਿਚ ਤੱਦ ਹੀ ਆਉਂਦੀਆਂ ਹਨ ਜਦੋਂ ਖ਼ਰੀਦਦਾਰ ਹੋਣ। ਖ਼ਰੀਦਦਾਰੀ ਲਈ ਪੈਸੇ ਦੀ ਲੋੜ ਹੈ। ਹੁਣ ਤੁਸੀ ਆਪ ਅੰਦਾਜਾ ਲਗਾ ਲਉ ਕਿ ਪੰਜ ਸੌ ਸਾਲ ਪਿੱਛੇ ਕੀ ਹਾਲਾਤ ਸਨ। ਜ਼ਰੂਰੀ ਦੀ ਲੋੜ ਵਾਲੀ ਚੀਜ਼ ਹੀ ਬਾਜ਼ਾਰ ਵਿਚ ਮਿਲਿਆ ਕਰਦੀ ਸੀ। ਉਸ ਲਈ ਵੀ ਖ਼ਰੀਦਦਾਰ ਨਹੀਂ ਸੀ ਹੁੰਦਾ। ਇਮਾਨਦਾਰੀ ਦਿਖਾਉਗੇ ਤਾਂ ਤੁਸੀ ਆਪ ਹੀ ਅਪਣੇ ਪਹਿਲਾਂ ਲਏ ਗਏ, ਅਰਥਾਂ ਤੋਂ ਮੁਨਕਰ ਹੋ ਜਾਵੋਗੇ। 

ਹੁਣ ਅਸੀ ਅਸਲੀ ਵਿਸ਼ੇ ਵਲ ਆਉਦੇ ਹਾਂ। ਅਸੀ ਵਿਚਾਰ ਕਰ ਆਏ ਹਾਂ ਕਿ ਇਸ ਨੂੰ ਅੰਦਰ ਮੁਖੀ ਭਾਵ ਮਨ ਜਾਂ ਆਤਮਾ ਉਤੇ ਢੁਕਾਉਣਾ ਹੈ, ਸਰੀਰ ਉਪਰ ਨਹੀਂ ਕਿਉਂਕਿ ਸਰੀਰ ਨੂੰ ਗੁਰਬਾਣੀ ਵਿਚ ਮਿੱਟੀ ਦਾ ਬਣਿਆ ਮੰਨਿਆ ਗਿਆ ਹੈ। ਸਰੀਰ ਅਪਣੇ ਆਪ ਵਿਚ ਮਿੱਟੀ ਹੀ ਹੈ ਅਤੇ ਇਸ ਨੂੰ ਗਤੀ ਵਿਧੀਆਂ ਵਿਚ ਲਿਆਉਣ ਲਈ ਮਨ ਅਤੇ ਆਤਮਾ ਦਾ ਰੋਲ ਹੁੰਦਾ ਹੈ। ਉਹ ਜਿਵੇਂ ਜਿਵੇਂ ਕਹਿੰਦੇ ਹਨ, ਸਰੀਰ ਉਸ ਅਨੁਸਾਰ ਗਤੀਸ਼ੀਲ ਰਹਿੰਦਾ ਹੈ। ਇਸ ਸੱਭ ਕੱੁਝ ਤੋਂ ਭਾਵ ਨਿਕਲਿਆ ਕਿ ਤੁਕਾਂ ਨੂੰ ਮਨ ਅਤੇ ਆਤਮਾ ਉਪਰ ਢੁਕਾਣਾ ਹੋਵੇਗਾ। ਮਨ ਨੂੰ ਕੀ ਖਾਣ ਨੂੰ ਦਿਤਾ ਜਾਵੇ ਅਤੇ ਕੀ ਪਹਿਨਣ ਨੂੰ ਦਿਤਾ ਜਾਵੇ ਤਾਕਿ ਉਹ ਆਪ ਸ਼ਾਂਤ ਅਤੇ ਅਨੰਦ ਵਿਚ ਰਹੇ ਅਤੇ ਸਰੀਰ ਕੁਦਰਤੀ ਸੁੱਖ ਅਰਾਮ ਵਿਚ ਰਹੇਗਾ।

ਸਾਡੇ ਸਰੀਰ ਵਿਚ ਬਹੁਤੇ ਪਾਰਟ ਐਸੇ ਹਨ ਜੋ ਦੇਖੇ ਛੂਹੇ ਜਾ ਸਕਦੇ ਹਨ ਪਰ ਇਕ ਦੋ ਐਸੇ ਹਨ ਜੋ ਸਿਰਫ਼ ਅਨੁਭਵ ਹੀ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵਿਚ ਮਨ ਅਤੇ ਆਤਮਾ ਆ ਜਾਂਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨ ਨੂੰ ਖਾਣ ਲਈ ਕੀ ਦਿਤਾ ਜਾਵੇ ਅਤੇ ਕਿਵੇਂ ਦਿਤਾ ਜਾਵੇ ਕਿਉਂਕਿ ਮਨ ਦੇਖਿਆ ਜਾ ਛੋਹਿਆ ਨਹੀਂ ਜਾ ਸਕਦਾ। ਅਨੁਭਵ ਕੀਤੀ ਗਈ ਸ਼ਕਤੀ ਨੂੰ ਅਸੀ ਅਨੁਭਵ ਨਾਲ ਹੀ ਫ਼ੀਡ ਕਰ ਸਕਾਂਗੇ ਅਤੇ ਢੱਕ ਸਕਾਂਗੇ। ਸਬਰ ਸੰਤੋਖ ਦੇ ਵਿਚਾਰਾਂ ਦਾ ਭੋਜਨ ਪਰੋਸਾਂਗੇ ਅਤੇ ਪਿਆਰ ਹਮਦਰਦੀ ਅਤੇ ਵਖਰੇਵੇਂ ਰਹਿਤ ਵਿਚਾਰਾਂ ਦੀ ਪੁਸ਼ਾਕ ਪਹਿਨਾਵਾਂਗੇ। ਇਸ ਤਰ੍ਹਾਂ ਨਾਲ ਜਿਥੇ ਮਨ ਸ਼ਾਂਤ ਰਹੇਗਾ, ਉਥੇ ਨਾਲ ਹੀ ਸਰੀਰ ਸੱੁਖ ਤੇ ਅਰਾਮ ਵਿਚ ਆਵੇਗਾ। ਮਨ ਜਾਂ ਆਤਮਾ ਦੀ ਬੇਚੈਨੀ ਆਖ਼ਰ ਸਰੀਰ ਨੂੰ ਕੱਸ਼ਟ ਰੂਪ ਵਿਚ ਝੱਲਣੀ ਪੈਂਦੀ ਹੈ। ਅੰਦਰ ਦੀ ਸ਼ਾਂਤੀ ਬਾਹਰ ਸਰੀਰ ਦੇ ਸੁਖੀ ਹੋਣ ਵਿਚ ਨਜ਼ਰ ਆਵੇਗੀ। 
ਸੁਖਦੇਵ ਸਿੰਘ
ਸੰਪਰਕ: 94171 91916