ਪੁਲਿਸੀਆ ਕਹਿਰ ਦੀ ਯਾਦ ਮਨਾਉਂਦਿਆਂ ਪੰਥਕ ਜਥੇਬੰਦੀਆਂ ਨੇ ਬਾਦਲਾਂ ਨੂੰ ਪਾਈਆਂ 'ਲਾਹਨਤਾਂ'
ਅੱਜ ਸਿੱਖ ਜਥੇਬੰਦੀ ਦਰਬਾਰ-ਏ-ਖ਼ਾਲਸਾ ਅਤੇ ਪੰਥਕ ਜਥੇਬੰਦੀਆਂ ਵਲੋਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਵਿਸ਼ੇਸ਼ ਸਹਿਯੋਗ ਨਾਲ ਬੱਤੀਆਂ
ਕੋਟਕਪੂਰਾ, 15 ਅਕਤੂਬਰ (ਗੁਰਿੰਦਰ ਸਿੰਘ) : ਅੱਜ ਸਿੱਖ ਜਥੇਬੰਦੀ ਦਰਬਾਰ-ਏ-ਖ਼ਾਲਸਾ ਅਤੇ ਪੰਥਕ ਜਥੇਬੰਦੀਆਂ ਵਲੋਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਵਿਸ਼ੇਸ਼ ਸਹਿਯੋਗ ਨਾਲ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਖੇ 14 ਅਕਤੂਬਰ 2015 ਨੂੰ ਇਸੇ ਚੌਕ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਜੋਂ ਵਾਪਰੇ ਹਕੂਮਤੀ ਕਹਿਰ ਨੂੰ 'ਲਾਹਨਤ ਦਿਹਾੜੇ' ਦੇ ਰੂਪ ਵਿਚ ਮਨਾਇਆ ਗਿਆ। ਇਸ ਦੌਰਾਨ ਹਾਜ਼ਰ ਸਿੱਖ ਸੰਗਤ ਵਲੋਂ ਉਹੀ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਜਿਸ ਮਾਹੌਲ ਵਿੱਚ ਉਸ ਦਿਨ ਬੈਠੀ ਸਿੱਖ ਸੰਗਤ ਨਿਤਨੇਮ ਕਰ ਰਹੀ ਸੀ।
ਅੱਜ ਨਿਤਨੇਮ ਉਪਰੰਤ ਅਰਦਾਸ ਨਾਲ ਨਿਤਨੇਮ ਦੀ ਸਮਾਪਤੀ ਕਰ ਕੇ ਤਤਕਾਲੀ ਬਾਦਲ ਸਰਕਾਰ ਨੂੰ ਲਾਹਨਤਾਂ ਪਾਉਣੀਆਂ ਸ਼ੁਰੂ ਕੀਤੀਆਂ। ਸਮਾਗਮ ਦੇ ਸ਼ੁਰੂ ਵਿਚ ਸੁਖਮੰਦਰ ਸਿੰਘ ਹਮਦਰਦ ਤੇ ਮੱਖਣ ਸਿੰਘ ਮੁਸਾਫ਼ਰ ਦੇ ਜਥੇ ਨੇ ਕਵੀਸ਼ਰੀ ਪੇਸ਼ ਕੀਤੀ। ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਸਤਨਾਮ ਸਿੰਘ ਖੰਡਾ ਸਮੇਤ ਸੰਗਤ ਦੀ ਮੌਜੂਦਗੀ ਵਿਚ ਚਲੇ ਇਸ ਸਮਾਗਮ ਵਿਚ ਦਰਬਾਰ-ਏ-ਖ਼ਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਲਿਖਿਆ 'ਲਾਹਨਤ ਪੱਤਰ' ਪੜ੍ਹਿਆ ਗਿਆ
ਜਿਸ ਵਿਚ ਸ. ਬਾਦਲ ਦੇ ਸਰਪੰਚੀ ਤੋਂ ਲੈ ਕੇ ਮੁੱਖ ਮੰਤਰੀ ਪਦ ਤਕ ਦੇ ਸਮੁੱਚੇ ਸਫ਼ਰ ਦੌਰਾਨ ਸਿੱਖ ਪੰਥ ਤੇ ਪੰਜਾਬ ਪ੍ਰਤੀ ਵਰਤੀ ਸਾਜ਼ਸ਼ੀ ਪਹੁੰਚ ਦੇ ਪ੍ਰਗਟਾਵੇ ਕੀਤੇ ਗਏ। ਲਾਹਨਤ ਪੱਤਰ ਵਿਚ ਦਸਿਆ ਗਿਆ ਕਿ ਸ. ਬਾਦਲ ਵਲੋਂ ਸਮੇਂ ਸਮੇਂ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਨੂੰ ਰੱਦ ਕਰ ਕੇ ਸਿੱਧੇ ਤੌਰ 'ਤੇ ਅਕਾਲ ਤਖ਼ਤ ਸਾਹਿਬ ਨੂੰ ਚੁਨੌਤੀ ਦਿਤੀ ਗਈ। ਉਨ੍ਹਾਂ ਮਿਤੀਆਂ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਵਿਚ ਅਕਾਲ ਤਖ਼ਤ 'ਤੇ ਤਤਕਾਲੀ ਜਥੇਦਾਰਾਂ ਵਲੋਂ ਤਲਬ ਕਰਨ ਦੇ ਬਾਵਜੂਦ ਪੇਸ਼ ਨਾ ਹੋ ਕੇ ਅਪਣੇ
ਤਰੀਕੇ ਨਾਲ ਦਲੀਲਾਂ ਦੇ ਕੇ ਤਖ਼ਤ ਸਾਹਿਬ ਦੀ ਪਦਵੀ ਨੂੰ ਚੁਨੌਤੀ ਦਿਤੀ, 3295 ਸ਼ਬਦਾਂ ਦੇ ਇਸ ਲਾਹਨਤ ਪੱਤਰ ਵਿਚ ਸ. ਬਾਦਲ ਵਲੋਂ ਪੰਥ ਅਤੇ ਪੰਜਾਬ ਵਿਰੋਧੀ ਫ਼ੈਸਲਿਆਂ ਦਾ ਜ਼ਿਕਰ ਬਾਖੂਬੀ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਹਰ ਵਰ੍ਹੇ ਦੀ 14 ਅਕਤੂਬਰ ਨੂੰ 'ਲਾਹਨਤ ਦਿਹਾੜੇ' ਦੇ ਤੌਰ 'ਤੇ ਉਸ ਸਮੇਂ ਤਕ ਮਨਾਇਆ ਜਾਂਦਾ ਰਹੇਗਾ ਜਦੋਂ ਤਕ ਬਾਦਲ ਖ਼ਾਨਦਾਨ ਅਪਣੀਆਂ ਗ਼ਲਤੀਆਂ ਕਬੂਲ ਕਰ ਕੇ ਮਾਫ਼ੀ ਨਹੀਂ ਮੰਗ ਲੈਂਦਾ। ਇਸ ਸਮਾਗਮ ਵਿਚ ਨਾਮੀ ਸਿੱਖ ਵਿਦਵਾਨ ਡਾ. ਗੁਰਦਰਸ਼ਨ ਸਿੰਘ ਢਿੱਲੋਂ
ਨੇ ਸਿੱਖ ਕੌਮ ਨੂੰ ਮੌਜੂਦਾ ਲੀਡਰਸ਼ਿਪ ਅਪਣੇ ਹੱਥ ਵਿਚ ਲੈਣ ਲਈ ਪ੍ਰੇਰਦਿਆਂ 2019 ਵਿਚ ਲੰਗੜੀ ਪਾਰਲੀਮੈਂਟ ਆਉਣ ਦਾ ਸੰਕੇਤ ਦਿਤਾ। ਇਸ ਨਾਲ ਉਨ੍ਹਾਂ ਸਿੱਖ ਕੌਮ ਵਿਚ ਵਿਦਿਆ ਤੋਂ ਦੂਰ ਭੱਜਣ ਦੀ ਬੁਰਾਈ ਨੂੰ ਵੀ ਚਿਤਾਰਿਆ। ਡਾ. ਸੁਖਪ੍ਰੀਤ ਸਿੰਘ ਉੱਦੋਕੇ ਨੇ ਪੁਰਾਤਨ ਸਿੱਖ ਇਤਿਹਾਸ ਦੇ ਹਵਾਲੇ ਦੇ ਕੇ ਭਵਿੱਖ ਵਿਚ ਸੰਜੀਦਗੀ ਨਾਲ ਵਿਚਰਨ ਦੀ ਅਪੀਲ ਕੀਤੀ ਅਤੇ ਹਰਪ੍ਰੀਤ ਸਿੰਘ ਮੱਖੂ ਨੇ ਸਿੱਖ ਵਿਦਵਾਨਾਂ ਦੇ ਇਸ਼ਾਰਿਆਂ ਨੂੰ ਸਮਝ ਕੇ ਅਮਲ ਕਰਨ ਦੀ ਅਪੀਲ ਕੀਤੀ। ਸਮਾਗਮ ਦੇ ਅੰਤ ਵਿਚ ਸਿੱਖ ਪ੍ਰਚਾਰਕ ਹਰਜੀਤ ਸਿੰਘ ਢਪਾਲੀ ਨੇ ਹਾਜ਼ਰ ਸੰਗਤ ਦਾ ਧਨਵਾਦ ਕੀਤਾ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਭਰਪੂਰ ਸਿੰਘ ਧਾਂਦਰਾਂ, ਹਲਕਾ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਅਮਨ ਅਰੋੜਾ, ਵਿਧਾਇਕ ਪਿਰਮਲ ਸਿੰਘ ਧੌਲਾ, ਵਿਧਾਇਕ ਜਗਦੇਵ ਸਿੰਘ ਕਮਾਲੂ, ਵਿਧਾਇਕ ਬਲਦੇਵ ਸਿੰਘ ਜੈਤੋ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਕੰਵਰਵਾਲ ਸਿੰਘ, ਪ੍ਰਗਟ ਸਿੰਘ ਭੋਢੀਪੁਰਾ, ਮੱਖਣ ਸਿੰਘ ਨੰਗਲ, ਗੁਰਦਿੱਤ ਸਿੰਘ ਸੇਖੋ ਅਤੇ ਬਲਜੀਤ ਸਿੰਘ ਸ਼ੇਰਪੁਰ ਆਦਿ ਨੇ ਵੀ ਸੰਬੌਧਨ ਕੀਤਾ। ਅੰਤ 'ਚ ਪਰਮਦੀਪ ਸਿੰਘ ਉਪ ਮੰਡਲ ਮੈਜਿਸਟ੍ਰੇਟ ਰਾਹੀਂ ਪ੍ਰਕਾਸ਼ ਸਿੰਘ ਬਾਦਲ ਲਈ ਲਾਹਨਤ ਪੱਤਰ ਵੀ ਸੌਂਪਿਆ ਗਿਆ।