'ਕਰਤਾਰਪੁਰ ਲਾਂਘੇ ਦਾ ਕੰਮ 31 ਅਕਤੂਬਰ ਤਕ ਹੋ ਜਾਵੇਗਾ ਮੁਕੰਮਲ'
ਲੋਕ ਨਿਰਮਾਣ ਮੰਤਰੀ ਨੇ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ
ਡੇਰਾ ਬਾਬਾ ਨਾਨਕ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਦੇ ਨਿਰਮਾਣ ਕੰਮ ਦਾ ਜਾਇਜ਼ਾ ਲੈਣ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਪੁੱਜੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਭਾਰਤ ਵਾਲੇ ਨਿਰਮਾਣ ਕੰਮ ਹਰ ਹੀਲੇ 31 ਅਕਤੂਬਰ ਤੱਕ ਮੁਕੰਮਲ ਹੋ ਜਾਵੇਗਾ। ਸਿੰਗਲਾ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਜ਼ੀਰੋ ਲਾਈਨ ਉਪਰ ਚੱਲ ਰਹੇ ਕੰਮ ਸਮੇਤ ਸੜਕਾਂ, ਪੁੱਲਾਂ, ਇੰਟਗਰੇਟਿਡ ਚੈਕ ਪੋਸਟ (ਆਈ.ਸੀ.ਪੀ.) ਆਦਿ ਦੇ ਕੰਮ ਦਾ ਜਾਇਜ਼ਾ ਲੈਂਦਿਆਂ ਸੰਤੁਸ਼ਟੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ 15 ਤੋਂ 31 ਅਕਤੂਬਰ ਵਿਚਾਲੇ ਸਾਰੇ ਕੰਮ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਸੀ ਅਤੇ ਅੱਜ ਦੀ ਜ਼ਮੀਨੀ ਪੱਧਰ 'ਤੇ ਦੇਖਣ ਉਪਰੰਤ ਤਸੱਲੀ ਹਾਸਲ ਹੋਈ।
ਸਿੰਗਲਾ ਨੇ ਦਸਿਆ ਕਿ ਕੌਮਾਂਤਰੀ ਸਰਹੱਦ ਉਤੇ ਪਾਕਿਸਤਾਨ ਨਾਲ ਭਾਰਤ ਨੂੰ ਜੋੜਦਾ ਪੁੱਲ ਭਾਰਤ ਵਾਲੇ ਪਾਸੇ ਉਤੇ ਤਾਂ ਬਣ ਗਿਆ ਹੈ ਪਰ ਹਾਲੇ ਪਾਕਿਸਤਾਨ ਵਾਲਾ ਪੁੱਲ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਜਦੋਂ ਤਕ ਦੋਵੇਂ ਪੁੱਲ ਆਪਸ ਵਿਚ ਨਹੀਂ ਜੋੜਦੇ ਉਦੋਂ ਤਕ ਭਾਰਤ ਵਾਲਾ ਪੁੱਲ ਬੰਦ ਰਹੇਗਾ ਅਤੇ ਬਦਲਵੇਂ ਪ੍ਰਬੰਧ ਵਜੋਂ ਰਾਸਤਾ ਰੱਖਿਆ ਗਿਆ ਹੈ ਜਿਸ ਰਾਹੀਂ ਸ਼ਰਧਾਲੂ ਨੂੰ ਕੌਮਾਂਤਰੀ ਸਰਹੱਦ ਪਾਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੇ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਡੇਰਾ ਬਾਬਾ ਨਾਨਕ ਵਿਖੇ ਸ਼ਰਧਾਲੂਆਂ ਦੀ ਵੱਡੀ ਆਮਦ ਨੂੰ ਵੇਖਦਿਆਂ ਇਸ ਇਤਿਹਾਸਕ ਕਸਬੇ ਨੂੰ ਜੋੜਦੀਆਂ ਸੜਕਾਂ ਦੀ ਅਪਗ੍ਰਡੇਸ਼ਨ ਦਾ ਕੰਮ ਵੀ ਤੈਅ ਸਮੇਂ ਅੰਦਰ ਮੁਕੰਮਲ ਕਰ ਲਿਆ ਜਾਵੇ।
ਉਨ੍ਹਾਂ ਦਸਿਆ ਕਿ ਬਟਾਲਾ-ਡੇਰਾ ਬਾਬਾ ਨਾਨਕ ਰੋਡ 3.05 ਕਰੋੜ ਰੁਪਏ ਦੀ ਲਾਗਤ ਨਾਲ 7 ਤੋਂ 10 ਮੀਟਰ ਤਕ 2.10 ਕਿਲੋਮੀਟਰ, ਰਮਦਾਸ-ਡੇਰਾ ਬਾਬਾ ਨਾਨਕ ਰੋਡ 3.60 ਕਰੋੜ ਰੁਪਏ ਦੀ ਲਾਗਤ ਨਾਲ 5.5/7 ਤੋਂ 10 ਮੀਟਰ ਤੱਕ 3.10 ਕਿਲੋ ਮੀਟਰ, ਫਤਿਹਗੜ੍ਹ ਚੂੜੀਆਂ-ਡੇਰਾ ਬਾਬਾ ਨਾਨਕ ਰੋਡ 1.49 ਕਰੋੜ ਰੁਪਏ ਦੀ ਲਾਗਤ ਨਾਲ 900 ਮੀਟਰ ਚੌੜੀ ਹੋ ਰਹੀ ਹੈ। ਸਿੰਗਲਾ ਨੇ ਕਿਹਾ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 13 ਕਰੋੜ ਨਾਨਕ ਨਾਮ ਲੇਵਾ ਸੰਗਤ ਵਰ੍ਹਿਆਂ ਤੋਂ ਅਰਦਾਸ ਕਰ ਰਹੀ ਸੀ ਜਿਸ ਨੂੰ ਹੁਣ ਉਹ ਪੂਰਾ ਹੁੰਦਿਆਂ ਦੇਖ ਰਹੇ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਵਿਭਾਗ ਦੇ ਹਰ ਕਰਮਚਾਰੀ ਤੇ ਅਧਿਕਾਰੀ ਨੂੰ ਪ੍ਰਸੰਸਾ ਪੱਤਰ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਦਾ ਸਨਮਾਨ ਕੀਤਾ ਜਾਵੇਗਾ।