ਹੁਣ ਸੰਜੀਵ ਘਨੌਲੀ ਵਲੋਂ ਨੈਣਾ ਦੇਵੀ ਤੇ ਚੰਡੀ ਦਾ ਪਾਠ ਕਰ ਦਸਮ ਪਿਤਾ ਦਾ ਜਨਮ ਦਿਹਾੜਾ ਮਨਾਉਣ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਾ ਕੇ ਕੀਤੀ ਨਕਲ ਦਾ ਮਾਮਲਾ ਅਜੇ ਸੁਲਝਣ ਦਾ ਨਾਮ ਨਹੀਂ ਲੈ ਰਿਹਾ........

Principal Surinder Singh And Sanjeev Ghanoli

ਨੰਗਲ : ਸੌਦਾ ਸਾਧ ਵਲੋਂ ਗੁਰੂ ਗੋਬਿੰਦ ਸਿੰਘ ਜੀ ਦੀ ਪੁਸ਼ਾਕ ਪਾ ਕੇ ਕੀਤੀ ਨਕਲ ਦਾ ਮਾਮਲਾ ਅਜੇ ਸੁਲਝਣ ਦਾ ਨਾਮ ਨਹੀਂ ਲੈ ਰਿਹਾ ਕਿ ਸ਼ਿਵਾ ਸੈਨਾ ਵਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪੱਕੇ ਤੌਰ 'ਤੇ ਮਾਤਾ ਨੈਣਾ ਦੇਵੀ ਦਾ ਭਗਤ ਦਸਣ ਦੀ ਸਾਜ਼ਸ਼ ਨੂੰ ਕਥਿਤ ਤੌਰ 'ਤੇ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਿਵ ਸੈਨਾ ਵਲੋਂ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿਚ ਦਖ਼ਲਅੰਦਾਜ਼ੀ ਕਰਨਾ ਲਗਾਤਾਰ ਜਾਰੀ ਹੈ ਅਤੇ ਹੁਣ ਸ਼ਿਵ ਸੈਨਾ ਵਲੋਂ ਸਿੱਖਾਂ ਦੇ ਪਿਛਲੇ 300 ਸਾਲਾਂ ਤੋਂ ਦਸਮ ਗ੍ਰੰਥ ਦੇ ਚਲ ਰਹੇ ਵਿਵਾਦ ਨੂੰ ਹਵਾ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ

ਸਗੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਪੱਕੇ ਤੌਰ 'ਤੇ ਦੇਵੀ ਦੇ ਉਪਾਸਕ ਦਸਣ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਸ਼ਿਵ ਸੈਨਾ ਦੇ ਪ੍ਰਧਾਨ ਸੰਜੀਵ ਘਨੌਲੀ ਵਲੋਂ ਬੀਤੇ ਕੱਲ ਬਿਆਨ ਜਾਰੀ ਕੀਤਾ ਗਿਆ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ 'ਤੇ ਮਾਤਾ  ਨੈਣਾ ਦੇਵੀ ਤੋਂ 'ਚੰਡੀ ਦੀ ਵਾਰ' ਪਾਠ ਦੀ ਆਰੰਭਤਾ ਕਰਵਾ ਕੇ ਪੰਜਾਬ ਦੇ ਸੱਭ ਜ਼ਿਲ੍ਹਿਆਂ ਵਿਚ ਚੰਡੀ ਦੀ ਵਾਰ ਦੇ ਪਾਠ ਕਰਵਾਏਗਾ। ਇਸ ਸਬੰਧੀ ਸੰਜੀਵ ਘਨੌਲੀ ਕਹਿੰਦਾ ਹੈ ਕਿ ਇਨ੍ਹਾਂ ਸਮਾਗਮਾਂ ਵਿਚ ਪੰਥਕ ਵਿਦਵਾਨ ਵੀ ਬੁਲਾਵੇਗਾ।

ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਸਪੋਕਸਮੈਨ ਵਲੋਂ ਸੰਜੀਵ ਘਨੌਲੀ ਨੂੰ ਪੁਛਿਆ ਗਿਆ ਕਿ ਇਸ ਲਈ ਨੈਣਾ ਦੇਵੀ ਮੰਦਰ ਹੀ ਕਿਉਂ ਤੇ ਚੰਡੀ ਦੀ ਵਾਰ ਪਾਠ ਹੀ ਕਿਉਂ ਚੁਣਿਆ ਗਿਆ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਅਥਾਹ ਬਾਣੀ ਮੌਜੂਦ ਹੈ ਤਾਂ  ਉਸ ਨੇ ਕਿਹਾ ਕਿ ਉਸ ਨੂੰ ਦਸਮ ਗ੍ਰੰਥ ਵਿਵਾਦ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਨਾ ਹੀ ਇਤਿਹਾਸਕ ਪੱਖੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਾਰੇ ਕੋਈ ਗਿਆਨ ਹੈ। ਉਸ ਨੇ ਕਿਹਾ ਕਿ ਉਸ ਦੇ ਬਜ਼ੁਰਗਾਂ ਨੇ ਦਸਿਆ ਹੈ ਕਿ ਗੁਰੂ ਸਾਹਿਬ ਮਾਤਾ ਨੈਣਾ ਦੇਵੀ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਹਿੰਦੂ ਸਿੱਖ ਭਾਈਚਾਰੇ ਵਿਚ ਪੈ ਰਹੇ ਪਾੜੇ ਨੂੰ ਦੂਰ ਕਰਨ ਲਈ ਕੀਤਾ ਗਿਆ ਹੈ।

ਉਨ੍ਹਾਂ ਇਹ ਵੀ ਮੰਨਿਆ ਕਿ ਇਹ ਐਲਾਨ ਕਰਨ ਤੋਂ ਪਹਿਲਾਂ ਉਨ੍ਹਾਂ ਕਿਸੇ ਸਿੱਖ ਵਿਦਵਾਨ ਨਾਲ ਗੱਲ ਨਹੀਂ ਕੀਤੀ। ਇਸ ਸਬੰਧੀ ਜਦੋਂ ਸਿੱਖ ਕੌਮ ਦੇ ਰੋਸ਼ਨ ਦਿਮਾਗ਼ ਪ੍ਰਿੰਸੀਪਲ: ਸੁਰਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਹ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿਚ ਹਮੇਸ਼ਾ ਸ਼ਿਵ ਸੈਨਾ ਦਖ਼ਲ ਦਿੰਦੀ ਰਹੀ ਤੇ ਹੁਣ ਤਾਂ ਸਿੱਧੇ ਹਮਲਾ ਹੀ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਇਕ ਅਕਾਲ ਦੇ ਪੁਜਾਰੀ ਸਨ। ਉਨ੍ਹਾਂ ਪੰਥ ਵੀ ਇਕ ਅਕਾਲ ਦੇ ਲੜ ਲਗਾਇਆ ਸੀ।

ਉਨ੍ਹਾਂ ਕਿਹਾ ਕਿ ਮਾਤਾ ਨੈਣਾ ਦੇਵੀ ਦੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਪੂਜਾ ਕਰਨਾ ਇਕ ਮਨਘੜਤ ਕਹਾਣੀ ਹੈ ਅਤੇ ਇਕ ਸਾਜ਼ਸ਼ ਅਧੀਨ ਪ੍ਰਚਲਤ ਕੀਤੀ ਗਈ ਹੈ। 
ਉਨ੍ਹਾਂ ਕਿਹਾ ਕਿ ਸੰਜੀਵ ਘਨੌਲੀ ਵਲੋਂ ਜੇਕਰ ਕੋਈ ਉਪਰਾਲਾ ਕਰਨਾ ਹੈ ਤਾਂ ਪੰਥਕ ਸ਼ਖ਼ਸੀਅਤਾਂ ਨਾਲ ਵਿਚਾਰ ਕਰ ਕੇ ਕਰਦਾ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸ਼ਿਵ ਸੈਨਾ ਵਲੋਂ ਜਾਣ-ਬੁੱਝ ਕੇ ਵਿਵਾਦਤ ਬਿਆਨ ਦੇ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਸਰਕਾਰ ਨਿਜੀ ਦਖ਼ਲ ਦੇ ਕੇ ਇਨ੍ਹਾਂ ਸ਼ਰਾਰਤਾਂ ਨੂੰ ਬੰਦ ਕਰਵਾਏ।