ਬਾਬੇ ਨਾਨਕ ਦਾ ਜਿਥੇ ਵੀ ਜ਼ਿਕਰ ਆਵੇਗਾ ਰਾਏ ਬੁਲਾਰ ਦਾ ਜ਼ਿਕਰ ਵੀ ਨਾਲ ਹੀ ਆਵੇਗਾ: ਅਕਰਮ ਭੱਟੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਗ੍ਰੰਥ ਸਾਹਿਬ ਦੇ ਭੋਗ ਤੋਂ ਬਾਅਦ ਨਨਕਾਣੇ ਦਾ ਮੇਲਾ ਸਮਾਪਤ ਹੋਇਆ

Nankana Sahib

ਸ੍ਰੀ ਨਨਕਾਣਾ ਸਾਹਿਬ (ਚਰਨਜੀਤ ਸਿੰਘ): ਗੁਰੂ ਗ੍ਰੰਥ ਸਾਹਿਬ ਦੇ ਭੋਗ ਤੋਂ ਬਾਅਦ ਨਨਕਾਣੇ ਦਾ ਮੇਲਾ ਸਮਾਪਤ ਹੋ ਗਿਆ। ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਦੁਨੀਆਂ ਭਰ ਤੋਂ ਸਿੱਖ ਸੰਗਤ ਸ੍ਰੀ ਨਨਕਾਣਾ ਸਾਹਿਬ ਪੁੱਜੀ ਹੋਈ ਸੀ। ਬੀਤੀ ਦੇਰ ਰਾਤ ਨੂੰ ਅਖੰਡ ਪਾਠ ਦੇ ਭੋਗ ਪਾਏ ਗਏ। ਦੇਰ ਰਾਤ ਨੂੰ ਪਹਿਲਾਂ ਦੇਸ਼ ਵਿਦੇਸ਼ ਤੋਂ ਆਏ ਕੀਰਤਨੀਏ ਸਿੰਘਾਂ ਨੇ ਗੁਰੂ ਜਸ ਗਾਇਨ ਕਰ ਕੇ ਸੰਗਤ ਨੂੰ ਬਾਣੀ ਨਾਲ ਜੋੜਿਆ। ਰਾਤ ਕਰੀਬ 12 ਵਜੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਜਿਸ ਦੀ ਅਰਦਾਸ ਗਿਆਨੀ ਪ੍ਰੇਮ ਸਿੰਘ ਨੇ ਕੀਤੀ।

ਇਸ ਤੋਂ ਪਹਿਲਾਂ ਹੋਏ ਇਕ ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੰਥਕ ਏਕਤਾ ਲਈ ਜ਼ੋਰ ਦਿਤਾ। ਇਸ ਮੌਕੇ ਸਾਂਈ ਮੀਆਂ ਮੀਰ ਦਰਬਾਰ ਦੇ ਗੱਦੀ ਨਸ਼ੀਨ ਸਾਂਈ ਅਲੀ ਰਜ਼ਾ ਕਾਦਰੀ ਵਲੋਂ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਨੂੰ ਇਕ ਰੁਬਾਬ ਭੇਟ ਕੀਤੀ। ਰੁਬਾਬ ਭੇਟ ਕਰਨ ਦੀ ਸੇਵਾ ਉਨ੍ਹਾਂ ਭਾਈ ਮਰਦਾਨਾ ਜੀ ਦੇ ਪਰਿਵਾਰਕ ਮੈਂਬਰ ਭਾਈ ਮੁਹੰਮਦ ਹੁਸੈਨ, ਭਾਈ ਨਾਇਮ ਤਾਹਿਰ ਅਤੇ ਭਾਈ ਸਰਫ਼ਰਾਜ਼ ਨੂੰ ਦਿਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਂਈ ਅਲੀ ਰਜ਼ਾ ਕਾਦਰੀ ਨੇ ਕਿਹਾ ਕਿ ਬਾਬੇ ਨਾਨਕ ਦੇ ਨਾਲ ਸਾਰੀ ਉਮਰ ਕੱਟਣ ਵਾਲੇ ਬਾਬੇ ਦੇ ਪਿਆਰੇ ਸਿੱਖ ਭਾਈ ਮਰਦਾਨਾ ਜੀ ਦੀ ਯਾਦ ਇਸ ਅਸਥਾਨ 'ਤੇ ਹੋਣੀ ਜ਼ਰੂਰੀ ਹੈ। ਸਾਨੂੰ ਅੱਲ੍ਹਾ ਨੇ ਮੌਕਾ ਦਿਤਾ ਹੈ ਕਿ ਸਾਡੀ ਜ਼ਿੰਦਗੀ ਵਿਚ 550 ਸਾਲਾ ਪ੍ਰਕਾਸ਼ ਪੁਰਬ ਆਇਆ ਹੈ। ਅਸੀਂ ਇਸ ਦਿਨ ਨੂੰ ਸਮਰਪਿਤ ਇਹ ਰੁਬਾਬ ਗੁਰੂ ਘਰ ਨੂੰ ਭੇਂਟ ਕੀਤੀ ਹੈ। ਰਾਏ ਬੁਲਾਰ ਦੇ ਪਰਵਾਰ ਦੇ ਰਾਏ ਅਕਰਮ ਭੱਟੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਇਤਿਹਾਸ ਵਿਚ ਬਾਬੇ ਨਾਨਕ ਦਾ ਜਿਥੇ ਵੀ ਜ਼ਿਕਰ ਆਵੇਗਾ ਰਾਏ ਬੁਲਾਰ ਸਾਹਿਬ ਦਾ ਜ਼ਿਕਰ ਵੀ ਨਾਲ ਹੀ ਆਵੇਗਾ।

ਉਨ੍ਹਾਂ ਕਿਹਾ ਕਿ ਸਿੱਖ ਵਿਰਾਸਤ ਦਾ ਅਹਿਮ ਪਾਤਰ ਰਾਏ ਬੁਲਾਰ, ਭਾਈ ਮਰਦਾਨਾ ਅਤੇ ਸਾਂਈ ਮੀਆਂ ਮੀਰ ਨੂੰ ਸਿੱਖ ਇਤਿਹਾਸ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਬੋਲਦਿਆਂ ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਸਿੱਖ ਪੰਥ ਨੂੰ ਅਪੀਲ ਕੀਤੀ ਕਿ ਅਪਣੇ ਦਿਨ ਤਿਉਹਾਰ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉ। ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਤਵੰਤ ਸਿੰਘ ਨੇ ਸ੍ਰੀ ਨਨਕਾਣਾ ਸਾਹਿਬ ਆਏ ਯਾਤਰੂਆਂ ਦਾ ਧਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਸਿੱਖਾਂ ਨੂੰ ਖੁੱਲ੍ਹਦਿਲੀ ਨਾਲ ਵੀਜ਼ੇ ਜਾਰੀ ਕੀਤੇ ਪਰ ਅਫ਼ਸੋਸ ਕਿ ਸਾਡੀਆਂ ਕਮੇਟੀਆਂ ਯਾਤਰੂ ਹੀ ਨਹੀਂ ਲਿਆ ਸਕੀਆਂ। ਇਸ ਮੌਕੇ ਰਾਏ ਸਲੀਮ ਅਖ਼ਤਰ ਭੱਟੀ, ਰਾਏ ਬਿਲਾਲ ਭੱਟੀ, ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ ਪਰਮਜੀਤ ਸਿੰਘ ਸਰਨਾ, ਸ਼੍ਰੋਮਣੀ ਕਮੇਟੀ ਮੈਂਬਰ ਸ ਗੁਰਮੀਤ ਸਿੰਘ ਬੁਹ, ਸੰਤ ਚਰਨਜੀਤ ਸਿੰਘ ਜੱਸੋਵਾਲ, ਸਾਬਕਾ ਮੈਂਬਰ ਬੀਬੀ ਰਵਿੰਦਰ ਕੌਰ, ਔਕਾਫ਼ ਦੇ ਡਿਪਟੀ ਸੈਕਟਰੀ ਇਮਰਾਨ ਗੋਂਦਲ, ਪਾਕਿਸਤਾਨ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਮਸਤਾਨ ਸਿੰਘ, ਤਾਰੂ ਸਿੰਘ, ਜਰਨਲ ਸਕੱਤਰ ਸ. ਅਮੀਰ ਸਿੰਘ ਆਦਿ ਹਜ਼ਾਰ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।