ਮਾਨਵਤਾ ਦੇ ਰਾਹ ਦਸੇਰੇ ਗੁਰੂ ਨਾਨਕ ਸਾਹਿਬ ਜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਪ੍ਰਸਿੱਧ ਮਹਾਨ ਧਰਮ ਸਿੱਖ ਮੱਤ ਦੇ ਬਾਨੀ ਹਨ।

Guru Nanak Sahib ji on the path of humanity

ਬੰਦੇ ਨੂੰ ਜਨਮ ਲੈਣ ਤੋਂ ਮਰਨ ਤਕ ਦੇ ਸਫ਼ਰ ਦੌਰਾਨ ਵੱਖ-ਵੱਖ ਖੇਤਰਾਂ ਵਿਚ ਕਿਸੇ ਨਾ ਕਿਸੇ ਤੋਂ ਸੇਧ ਲੈਣੀ ਪੈਂਦੀ ਹੈ। ਸਹੀ ਰਸਤਾ ਦੱਸਣ ਦਾ ਕੰਮ ਆਮ ਤੌਰ ’ਤੇ ਬਚਪਨ ਵੇਲੇ ਮਾਂ-ਬਾਪ ਜਾਂ ਘਰੇਲੂ ਵਡੇਰਿਆਂ ਜ਼ਿੰਮੇ ਹੁੰਦਾ ਹੈ। ਥੋੜ੍ਹਾ ਵੱਡੇ ਹੋਣ ’ਤੇ ਸਿਖਿਆ ਕੇਂਦਰਾਂ ਦੇ ਅਧਿਆਪਕ ਇਹ ਜ਼ਿੰਮੇਵਾਰੀ ਨਿਭਾਉਂਦੇ ਹਨ। ਵਿਅਕਤੀਗਤ ਪੱਧਰ ਤੋਂ ਇਲਾਵਾ ਸਮੁੱਚੇ ਸਮਾਜ ਨੂੰ ਵੀ ਸਹੀ ਸੇਧ ਲੈਣ ਦੀ ਲੋੜ ਪੈਂਦੀ ਹੈ। ਇਹ ਫ਼ਰਜ਼ ਆਮ ਤੌਰ ’ਤੇ ਸਿਆਣੇ ਬੰਦੇ ਜਾਂ ਗੁਣੀ ਗਿਆਨੀ ਅਦਾ ਕਰਦੇ ਵੇਖੇ ਜਾ ਸਕਦੇ ਹਨ। ਇਸ ਲੇਖ ਵਿਚ ਅਸੀਂ ਸਮੁੱਚੀ ਲੋਕਾਈ ਦੇ ਮਾਰਗ ਦਰਸ਼ਕ, ਰੂਹਾਨੀ ਰਹਿਬਰ, ਬਾਬਾ ਨਾਨਕ ਬਾਰੇ ਚਰਚਾ ਕਰਾਂਗੇ। 

ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਪ੍ਰਸਿੱਧ ਮਹਾਨ ਧਰਮ ਸਿੱਖ ਮੱਤ ਦੇ ਬਾਨੀ ਹਨ। ਅੱਜ ਤੋਂ ਲਗਭਗ ਸਾਢੇ ਪੰਜ ਸੌ ਸਾਲ ਪਹਿਲਾਂ ਭਾਰਤ ਦੇ ਲੋਕਾਂ ਦਾ ਸਮਾਜਕ ਜੀਵਨ ਦੁਰਗਤੀ ਦੀ ਹਾਲਤ ਵਿਚੋਂ ਲੰਘ ਰਿਹਾ ਸੀ। ਲੋਕੀ ਦਿਸ਼ਾਹੀਣ ਅਤੇ ਬੇਵਸੀ ਦੇ ਆਲਮ ਵਿਚ ਰਹਿ ਕੇ ਜੀਵਨ ਜੀਣ ਲਈ ਮਜਬੂਰ ਸਨ। ਭੰਬਲਭੂਸੇ ਦੀ ਸ਼ਿਕਾਰ ਲੋਕਾਈ ਨੂੰ ਸਾਰਥਕ ਜੀਵਨ ਜਾਚ ਜਾਣਨ ਅਤੇ ਉਸ ’ਤੇ ਚੱਲਣ ਦੀ ਸਖ਼ਤ ਲੋੜ ਸੀ। ਸਮਾਜ ਊਚ-ਨੀਚ, ਜਾਤ-ਬਰਾਦਰੀਆਂ ਦੇ ਵਿਤਕਰਿਆਂ ਵਿਚ ਫਸਿਆ, ਧਰਮਾਂ ਦੇ ਅਣਗਿਣਤ ਕਰਮ ਕਾਂਡਾਂ ਥੱਲੇ ਦਬਿਆ ਅਤੇ ਲਾਚਾਰੀ ਦਾ ਗ੍ਰਸਿਆ ਜੀਵਨ ਜੀ ਰਹੇ ਮਨੁੱਖਾਂ ਦਾ ਸਮੂਹ ਸੀ। ਮਾਨਵ ਜਾਤੀ ਲਈ ਸਿੱਧ-ਪਧਰੀ ਜ਼ਿੰਦਗੀ ਜਿਊਣੀ ਮੁਸ਼ਕਲ ਹੋਈ ਪਈ ਸੀ।

ਲੋਕਾਈ ਨੂੰ ਸਵੈ-ਸਨਮਾਨ, ਆਤਮ ਵਿਸ਼ਵਾਸ ਅਤੇ ਅਮਨ ਚੈਨ ਤੇ ਸਾਫ਼-ਸੁਥਰੀ ਜ਼ਿੰਦਗੀ ਜੀਊਣ ਦਾ ਰਾਹ ਪੱਧਰਾ ਕਰਨ ਵਾਲੇ ਕਿਸੇ ਰਹਿਬਰ ਦੀ ਲੋੜ ਸੀ। ਉਸ ਵੇਲੇ ਬਾਹਰੋਂ ਆਏ ਬਾਬਰ ਜਿਹੇ ਜਾਬਰ ਮੁਗ਼ਲ ਧਾੜਵੀ ਨੇ ਵੀ ਦੇਸ਼ ਵਾਸੀਆਂ ’ਤੇ ਜ਼ੁਲਮ ਢਾਹੁਣੇ ਸ਼ੁਰੂ ਕੀਤੇ ਹੋਏ ਸਨ। ਅੱਤ ਦੀਆਂ ਅਣਸੁਖਾਵੀਆਂ ਪ੍ਰਸਥਿਤੀਆਂ ਵਿਚ ਉਲਝੇ ਮਨੁੱਖ ਨੂੰ ਇਕ ਮਹਾਨ ਪੱਥ ਪ੍ਰਦਰਸ਼ਕ ਦੀ ਸਖ਼ਤ ਲੋੜ ਸੀ। ਇਸ ਧਰਤੀ ਨੂੰ ਇਹ ਪੈਗ਼ੰਬਰੀ ਰੂਹ ਸੰਨ 1469 ਈ. ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਵਿਚ ਪ੍ਰਾਪਤ ਹੋਈ। ਬਾਬਾ ਨਾਨਕ ਦਾ ਆਗਮਨ ਅਣਵੰਡੇ ਹਿੰਦੋਸਤਾਨ ਦੇ ਲਹਿੰਦੇ ਪੰਜਾਬ ਵਿਚ ਹੋਇਆ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਵਿਕਲੋਤਰੀ ਸੋਚ ਦਿਸ਼ਾਹੀਣ ਮਨੁੱਖ ਜਾਤੀ ਲਈ ਇਕ ਚਾਨਣ ਮੁਨਾਰਾ ਬਣ ਕੇ ਉਜਾਗਰ ਹੋਈ। ਭਾਵੇਂ ਉਨ੍ਹਾਂ ਦੇ ਜੀਵਨ ਸਮਂੇ ਇਸ ਧਰਤੀ ’ਤੇ ਹੋਰ ਵੀ ਕਈ ਧਰਮ ਸਨ ਪ੍ਰੰਤੂ ਬੇਸ਼ੁਮਾਰ ਸਮਾਜਕ ਊਣਤਾਈਆਂ ਦੇ ਮੱਦੇ-ਨਜ਼ਰ ਮਨੁੱਖ ਜਾਤੀ ਨੂੰ ਹੋਰ ਵੱਡੀ ਅਧਿਆਤਮਕ ਵਿਚਾਰਧਾਰਾ ਦੀ ਲੋੜ ਸੀ। ਬਾਬਾ ਨਾਨਕ ਨੇ ਕਿਸੇ ਵੀ ਧਰਮ ਵਿਰੁਧ ਇਕ ਵੀ ਸ਼ਬਦ ਨਾ ਕਹਿਣ ਦੇ ਬਾਵਜੂਦ ਸੰਸਾਰ ਵਿਚ ਇਕ ਮਹਾਨ ਤੇ ਵਖਰਾ ਧਰਮ ਸਿੱਖ ਮੱਤ ਸਥਾਪਤ ਕੀਤਾ। ਕਿਸੇ ਹੋਰ ਧਰਮ ਨੂੰ ਨਾ ਨਿੰਦਣ ਦੇ ਅਸੂਲ ਨੂੰ ਉਨ੍ਹਾਂ ਨੇ ਜ਼ਿੰਦਗੀ ਭਰ ਅਪਣਾਇਆ ਪ੍ਰੰਤੂ ਹੋਰ ਵਖਰੇਵੇਂ ਭਰੀ ਵਿਚਾਰਧਾਰਾ ਨੂੰ ਬੜੀ ਸਹਿਜਤਾ ਅਤੇ ਵਿਵੇਕ ਨਾਲ ਰੱਦ ਜ਼ਰੂਰ ਕੀਤਾ। ਨਿਮਰਤਾ ਏਨੀ ਕਿ ਸਿੱਖੀ ਸਿਧਾਂਤਾਂ ਨੂੰ ਨਾ ਅਪਨਾਉਣ ਵਾਲਿਆਂ ਨੂੰ ਕਦੇ ਕਾਫ਼ਰ ਆਦਿ ਕੌੜਾ ਸ਼ਬਦ ਨਹੀਂ ਬੋਲਿਆ। ਉਨ੍ਹਾਂ ਨੇ ਸਮੁੱਚੀ ਲੋਕਾਈ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦੇ ਤਿੰਨ ਵੱਡੇ ਸਿਧਾਂਤ ਦਿਤੇ। ਦੁਨੀਆਂ ਭਰ ਵਿਚ ਇਨ੍ਹਾਂ ਸਿਧਾਂਤਾਂ ਦਾ ਹੋਰ ਕੋਈ ਸਾਨੀ ਹੀ ਨਹੀਂ ਹੈ।

ਲੋਕਾਂ ਉੱਤੇ ਉਨ੍ਹਾਂ ਨੇ ਅਪਣੀ ਇਲਾਹੀ ਸੋਚ ਦੀ ਡੂੰਘੀ ਛਾਪ ਛੱਡੀ ਅਤੇ ਮਹਾਨ ਅਧਿਆਤਮਕ ਸੰਦੇਸ਼ ਦੇ ਕੇ ਮਨੁੱਖ ਜਾਤੀ ਦਾ ਕਲਿਆਣ ਕੀਤਾ। ਗੁਰੂ ਨਾਨਕ ਜੀ ਨਾ ਕੇਵਲ ਸਿੱਖ ਮੱਤ ਨੂੰ ਮੰਨਣ ਵਾਲਿਆਂ ਦੇ ਹੀ ਗੁਰੂ ਸਨ ਸਗੋਂ ਸਮੁੱਚੀ ਲੋਕਾਈ ਨੇ ਉਨ੍ਹਾਂ ਦਾ ਪ੍ਰਭਾਵ ਕਬੂਲਿਆ ਅਤੇ ਉਨ੍ਹਾਂ ਨੂੰ ਸੰਸਾਰ ਦੇ ਬਹੁ ਸੰਖਿਅਕ ਲੋਕਾਂ ਨੇ ਜਗਤ ਗੁਰੂ ਹੋਣ ਦਾ ਦਰਜਾ ਦਿਤਾ। ਗੁਰੂ ਸਾਹਿਬ ਨੇ ਕੁਲ ਕਾਇਨਾਤ ਵਿਚ ਪ੍ਰਮਾਤਮਾ ਦੇ ਸਿਰਫ਼ ਇਕ ਹੋਣ ਦੀ ਗੱਲ ਕੀਤੀ ਅਤੇ ਉਸ ਦੀ ਹੀ ਇਬਾਦਤ ਕਰਨ ਦੇ ਹੱਕ ਵਿਚ ਪ੍ਰਚਾਰ ਕੀਤਾ। ਅਣਗਿਣਤ ਦੇਵੀ-ਦੇਵਤਿਆਂ ਦੀ ਪੂਜਾ ਕਰਨਾ ਉਨ੍ਹਾਂ ਦੇ ਪ੍ਰਚਾਰ ਦਾ ਹਿੱਸਾ ਨਹੀਂ ਸੀ। ਗੁਰੂ ਸਾਹਿਬ ਅਨੁਸਾਰ ਸਿਰਫ਼ ਇਕ ਰੱਬ ਹੀ ਸਮੁੱਚੀ ਸਿ੍ਰਸ਼ਟੀ ਦਾ ਸਿਰਜਣਹਾਰ ਅਤੇ ਪਾਲਣਹਾਰ ਹੈ। ਬਾਬਾ ਨਾਨਕ ਨੇ ਖ਼ੁਦ ਨੂੰ ਕਦੇ ਰੱਬ ਹੋਣ ਦੀ ਗੱਲ ਨਹੀਂ ਕਹੀ ਸਗੋਂ ਉਸ ਪ੍ਰਵਰਦਗਾਰ ਨੂੰ ਪਾਉਣ ਲਈ ਸ਼ੁੱਭ ਅਮਲਾਂ ਦਾ ਰਸਤਾ ਅਪਨਾਉਣ ’ਤੇ ਜ਼ੋਰ ਦਿਤਾ। ਇਹ ਵੱਡੀ ਸੋਚ ਜਾਂ ਫ਼ਲਸਫ਼ੇ ਨੂੰ ਦੁਨੀਆਂ ਦੇ ਕੋਨੇ-ਕੋਨੇ ਵਸਦੇ ਪ੍ਰਾਣੀਆਂ ਨੇ ਪ੍ਰਵਾਨ ਕੀਤਾ।

ਗੁਰੂ ਸਾਹਿਬ ਨੇ ਖ਼ੁਦ ਵਿਵਹਾਰਕ ਜੀਵਨ ਜੀਵਿਆ ਅਤੇ ਜੋ ਕਿਹਾ ਉਸ ’ਤੇ ਅਮਲ ਕਰ ਕੇ ਵਿਖਾਇਆ। ਮਾਨਵ ਜਾਤੀ ਦੇ ਕਲਿਆਣ ਹਿਤ ਉਨ੍ਹਾਂ ਨੇ ਅਨਮੋਲ ਸਿਧਾਂਤ ਦਿਤੇ। ਸਿਧਾਂਤ ਦਿਤੇ ਹੀ ਨਹੀਂ ਸਗੋਂ ਖ਼ੁਦ ਅਪਣੀ ਜ਼ਿੰਦਗੀ ਵਿਚ ਕਮਾ ਕੇ ਦੱਸੇ। ਅਪਣੀ ਜ਼ਿੰਦਗੀ ਦੌਰਾਨ ਉਨ੍ਹਾਂ ਦੁਕਾਨਦਾਰੀ ਅਤੇ ਕਿਸਾਨੀ ਰਿਜ਼ਕ ਦੇ ਕਿੱਤੇ ਵੀ ਕੀਤੇ। ਉਨ੍ਹਾਂ ਦੇ ਹਰ ਤਰ੍ਹਾਂ ਦੇ ਕੀਤੇ ਕੰਮਾਂ ਤੋਂ ਦੁਨਿਆਵੀ ਲੋਕਾਂ ਨੂੰ ਵਡਮੁੱਲੀਆਂ ਸਿਖਿਆਵਾਂ ਮਿਲਦੀਆਂ ਹਨ। ਉਨ੍ਹਾਂ ਨੇ ਨਾ ਕੇਵਲ ਸਿਧਾਂਤਕ ਸਿਖਿਆਵਾਂ ਹੀ ਦਿਤੀਆਂ ਸਗੋਂ ਉਨ੍ਹਾਂ ਸਿਖਿਆਵਾਂ ਨੂੰ ਅਮਲੀ ਜਾਮਾ ਵੀ ਪਹਿਨਾਇਆ।

ਜੇਕਰ ਕਿਰਤ ਕਰਨ ਦਾ ਸਿਧਾਂਤ ਦਿਤਾ ਤਾਂ ਉਨ੍ਹਾਂ ਖ਼ੁਦ ਕਿਰਤ ਕਰ ਕੇ ਦੱਸੀ, ਭਾਵੇਂ ਉਹ ਦੁਕਾਨਦਾਰੀ ਹੋਵੇ ਜਾਂ ਕਿਸਾਨੀ ਕਿੱਤਾ ਹੋਵੇ। ਵੰਡ ਛਕਣ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਗੁਰੂ ਜੀ ਨੇ ਅਪਣੀ ਦਸਾਂ ਨਹੁੰਆਂ ਦੀ ਨੇਕ ਕਮਾਈ ਵਿਚੋਂ ਲੋੜਵੰਦਾਂ ਲਈ ਲੰਗਰ ਲਗਾਉਣ ਦੀ ਪਿਰਤ ਪਾਈ। ਨਾਮ ਜਪਣ ਦੇ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਉਣ ਲਈ ਮਹਾਨ ਗੁਰਬਾਣੀ ਦੀ ਰਚਨਾ ਕੀਤੀ ਅਤੇ ਖ਼ੁਦ ਨਾਮ ਜਪਿਆ ਤੇ ਹੋਰਾਂ ਨੂੰ ਨਾਮ ਜਪਾਇਆ। ਇਸ ਵੱਡੀ ਸੋਚ ਨੂੰ ਸੰਸਾਰ ਦੇ ਕੋਨੇ-ਕੋਨੇ ਤਕ ਪਹੁੰਚਾਉਣ ਲਈ ਜੰਗਲੀ ਬੀਆਬਾਨ ਆਦਿ ਕਠਨ ਪਗਡੰਡੀਆਂ ’ਤੇ ਪੈਦਲ ਚਲ ਕੇ ਤੇ ਲੰਮਾ ਅਰਸਾ ਘਰੋਂ ਬਾਹਰ ਰਹਿ ਕੇ ਉਦਾਸੀਆਂ (ਯਾਤਰਾਵਾਂ) ਕੀਤੀਆਂ। 

ਉਨ੍ਹਾਂ ਵਲੋਂ ਦਿਤੇ ਤਿੰਨ ਮੁੱਖ ਸਿਧਾਂਤਾਂ ਤੋਂ ਇਲਾਵਾ ਵੀ ਉਨ੍ਹਾਂ ਨੇ ਜ਼ਿੰਦਗੀ ਦੇ ਹਰ ਪਹਿਲੂ ਨੂੰ ਵਿਵਹਾਰਕ ਬਣਾਇਆ। ਉਨ੍ਹਾਂ ਘਰੋਂ ਬਾਹਰ ਪਹਾੜਾਂ ਜੰਗਲਾਂ ਵਿਚ ਰਹਿ ਰਹੇ ਨਾਥਾਂ ਅਤੇ ਜੋਗੀਆਂ ਦੀ ਤਰ੍ਹਾਂ ਸਰੀਰ ਨੂੰ ਕਸ਼ਟ ਵਿਚ ਪਾ ਕੇ ਰੱਬ ਪ੍ਰਾਪਤੀ ਦੇ ਰਸਤੇ ਤੁਰਨ ’ਤੇ ਅਸਹਿਮਤੀ ਪ੍ਰਗਟਾਈ। ਉਨ੍ਹਾਂ ਗ੍ਰਹਿਸਥ ਜੀਵਨ ਵਿਚ ਰਹਿ ਕੇ ਹੀ ਰੱਬ ਦੀ ਇਬਾਦਤ ਕਰਨ ਦੀ ਸਿਖਿਆ ਦਿਤੀ। ਉਹ ਖ਼ੁਦ ਵਿਆਹ ਕਰ ਕੇ ਗ੍ਰਹਿਸਥ ਜੀਵਨ ਜੀ ਕੇ ਦੋ ਲੜਕਿਆਂ ਦੇ ਪਿਤਾ ਬਣੇ ਅਤੇ ਨਾਲ-ਨਾਲ ਪ੍ਰਮਾਤਮਾ ਨਾਲ ਅਪਣੀ ਲਿਵ ਜੋੜ ਕੇ ਰੱਖੀ। ਉਹ ਸੰਸਾਰੀ ਅਧੋਗਤੀਆਂ ਅਤੇ ਵਿਕਾਰਾਂ ਤੋਂ ਨਿਰਲੇਪ ਰਹੇ ਅਤੇ ਮਨੁੱਖ ਜਾਤੀ ਦੇ ਕਲਿਆਣ ਹਿੱਤ ਅਧਿਆਤਮਕ ਕਾਰਜਾਂ ਵਿਚ ਲਗਾਤਾਰ ਲੱਗੇ ਰਹੇ। ਉਨ੍ਹਾਂ ਅਪਣੀ ਬਾਣੀ ਰਾਹੀਂ ਲੋਕਾਂ ਦਾ ਮਾਰਗ ਦਰਸ਼ਨ ਕੀਤਾ। ਅਪਣੇ ਪੂਰੇ ਜੀਵਨ ਕਾਲ ਦੌਰਾਨ ਸ਼ੁਭ ਕਰਮਾਂ ਦਾ ਪੱਲਾ ਫੜ ਕੇ ਰਖਿਆ ਅਤੇ ਹੱਕ-ਸੱਚ ਦੀ ਪੈਰਵੀ ਡੱਟ ਕੇ ਕੀਤੀ। ਉਨ੍ਹਾਂ ਨੇ ਗੁਰਮਤਿ ਦੇ ਫ਼ਲਸਫ਼ੇ ਦੇ ਦਰਸ਼ਨ ਕਰਨ ਲਈ ਗੁਰਬਾਣੀ ਦਾ ਅਮੋਲਕ ਖ਼ਜ਼ਾਨਾ ਮਨੁੱਖ ਜਾਤੀ ਨੂੰ ਭੇਟ ਕੀਤਾ। 

ਬਾਬਾ ਨਾਨਕ ਨੇ ਮਾਨਵ ਜਾਤੀ ਨੂੰ ਸਚਾਈ ਦੇ ਮਾਰਗ ’ਤੇ ਚਲਦਿਆਂ ਸਫ਼ਲ, ਖ਼ੁਸ਼ਹਾਲ ਅਤੇ ਮੁਕੰਮਲ ਜ਼ਿੰਦਗੀ ਜੀਊਣ ਦੀ ਜਾਂਚ ਦੱਸੀ। ਵਿਸ਼ੇਸ਼ ਤੌਰ ’ਤੇ ਤਿੰਨ ਵੱਡੇ ਸਿਧਾਂਤ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣ ਦੇ ਸਿਧਾਂਤ ਅਪਨਾਉਣ ਤੇ ਬਹੁਤ ਜ਼ੋਰ ਦਿਤਾ। ਮਨੁੱਖ ਦੀ ਮਾਨਸਕ ਸੰਤੁਸ਼ਟੀ ਨਾਲ ਖ਼ੁਸ਼ਨੁਮਾ ਜ਼ਿੰਦਗੀ ਜੀਊਣ ਲਈ ਇਹ ਸਿਧਾਂਤ ਸਭ ਕੁੱਝ ਹਨ। ਜ਼ਹਿਨੀ ਤਸਕੀਨ ਪ੍ਰਾਪਤ ਕਰਨ ਅਤੇ ਸੰਸਾਰੀ ਜੀਵਨ ਜਿਉਂਦਿਆਂ ਬੰਦੇ ਤੇ ਆਪ ਮੁਹਾਰੇ ਹਾਵੀ ਹੋਣ ਵਾਲੇ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਪੰਜ ਵਿਕਾਰਾਂ ਤੋਂ ਨਿਜ਼ਾਤ ਪਾਉਣ ਲਈ ‘ਨਾਮ ਜਪਣ’ ਦਾ ਸਿਧਾਂਤ ਜ਼ਰੂਰੀ ਦਸਿਆ ਕਿਉਂਕਿ ਨਾਮ ਸਿਮਰਨ ਤੋਂ ਇਲਾਵਾ ਵਿਕਾਰਾਂ ’ਤੇ ਕਾਬੂ ਪਾਉਣ ਦਾ ਹੋਰ ਕੋਈ ਮਾਰਗ ਨਹੀਂ ਹੈ। ਉਨ੍ਹਾਂ ਮੁਤਾਬਕ ਮਨ ਦੀ ਮੈਲ ਅਤੇ ਕਪਟ ਆਦਿ ਤੋਂ ਨਿਜ਼ਾਤ ਪਾਉਣ ’ਤੇ ਇਸ ਦੇ ਸ਼ੁੱਧੀਕਰਨ ਲਈ ਰੱਬ ਦਾ ਨਾਂ ਮਨ ਵਿਚ ਵਸਾਉਣਾ ਜ਼ਰੂਰੀ ਹੈ। 

ਗੁਰੂ ਸਾਹਿਬ ਨੇ ਖ਼ੁਦ ਕਿਰਤ ਕਰਨ ਰਾਹੀਂ ਜੀਵਨ ਜਿਊਣ ਦੀ ਮਿਸਾਲ ਦੇ ਕੇ ਧਾਰਮਕ ਖੇਤਰ ਅਤੇ ਸਮਾਜਕ ਜੀਵਨ ਵਿਚ ਸੁਮੇਲਤਾ ਪੈਦਾ ਕਰਨ ਦਾ ਰਸਤਾ ਦਸਿਆ। ਗੁਰੂ ਸਾਹਿਬ ਨੇ ਉਸ ਵੇਲੇ ਦੀਆਂ ਸਮਾਜਕ ਪ੍ਰੰਪਰਾਵਾਂ ਵਿਰੁਧ ਜਾ ਕੇ ਨਵੀਂ ਦਿਸ਼ਾ ਪ੍ਰਦਾਨ ਕੀਤੀ। ਜਾਤ-ਬਰਾਦਰੀਆਂ ਦੇ ਉੱਚੇ ਨੀਵੇਂ ਹੋਣ ਦੇ ਭਰਮ ਨੂੰ ਤੋੜਿਆ। ਸਰਬੱਤ ਦੇ ਭਲੇ ਦੀ ਗੱਲ ਉਨ੍ਹਾਂ ਦੀ ਸਿਖਿਆ ਦਾ ਮਹੱਤਵਪੂਰਣ ਹਿੱਸਾ ਹਨ।  ਉਨ੍ਹਾਂ ਨੇ ਨਾ ਕੇਵਲ ਅਮਨ ਚੈਨ ਨਾਲ ਜਿਊਣ ਦੀ ਹੀ ਗੱਲ ਕਹੀ ਸਗੋਂ ਸ਼ਾਂਤੀ ਨਾਲ ਦੁਨੀਆਂ ਛੱਡਣ ਲਈ ਵੀ ਨਾਮ ਜਪਣ ਦਾ ਮੰਤਰ ਪ੍ਰਚਾਰਿਆ। ਜ਼ਿੰਦਗੀ ਵਿਚ ਦਸਾਂ ਨਹੁੰਆਂ ਦੀ ਕਿਰਤ ਕਰਦੇ ਰਹਿਣਾ ਜਾਂ ਮਿਹਨਤ ਮੁਸ਼ੱਕਤ ਕਰ ਕੇ ਜ਼ਿੰਦਗੀ ਬਸਰ ਕਰਨਾ ਗੁਰੂ ਸਾਹਿਬ ਨੇ ਬਹੁਤ ਜ਼ਰੂਰੀ ਦਸਿਆ। ਮਿਹਨਤ ਮੁਸ਼ੱਕਤ ਕਰਦੇ ਰਹਿਣ ਕਰ ਕੇ ਸਰੀਰ ਪੱਖੋਂ ਗੁਰੂ ਜੀ ਹਮੇਸ਼ਾ ਸਹੀ ਸਲਾਮਤ ਰਹਿੰਦੇ ਰਹੇ ਅਤੇ ਕਿਰਤ ਕਰਦੇ ਰਹਿਣ ਨਾਲ ਉਨ੍ਹਾਂ ਨੇ ਅਪਣਾ ਸਰੀਰ ਦਾ ਤਿਆਗ਼ ਵੀ 70 ਸਾਲਾਂ ਦੀ ਉਮਰ ਵਿਚ ਬੜੀ ਸਹਿਜਤਾ ਨਾਲ ਕੀਤਾ।  

ਜੀਵਨ ਦੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਨੇ ਜਿਊਂਦੇ ਜੀ ਗੁਰਗੱਦੀ ਰੂਹਾਨੀ ਰੂਹ ਭਾਈ ਲਹਿਣਾ ਜੀ (ਗੁਰੂ ਅੰਗਦ ਦੇਵ) ਨੂੰ ਦਿਤੀ। ਵਡੇਰੀ ਉਮਰੇ ਜੀਵਨ ਦੇ ਅੰਤ ਦੇ ਨੇੜੇ ਪੁੱਜ ਕੇ ਸਮਾਜ ਦੀਆਂ ਦਿਤੀਆਂ ਮਹਾਨ ਵਡਿਆਈਆਂ ਨੂੰ ਤਿਆਗ਼ਣਾ ਅਤੇ ਅਪਣੇ ਪੁੱਤਰਾਂ ਦੀ ਥਾਂ ਕਿਸੇ ਯੋਗ ਰੱਬੀ ਰੂਹ ਦੇ ਹਵਾਲੇ ਕਰਨਾ ਬਹੁਤ ਵੱਡੀ ਮਹਾਨਤਾ ਹੈ। ਬਜ਼ੁਰਗ ਅਵਸਥਾ ਵਾਲੇ ਵਿਅਕਤੀਆਂ ਲਈ ਇਹ ਬਹੁਤ ਵੱਡੀ ਸਿਖਿਆ ਹੈ। ਉਨ੍ਹਾਂ ਨੇ ਇਸ ਤਰ੍ਹਾਂ ਦਾ ਮਾਰਗ ਦਰਸ਼ਨ ਕੀਤਾ ਕਿ ਬੰਦਾ ਮਿਹਨਤ ਕਰ ਕੇ ਗੁਜ਼ਰ ਕਰੇ ਅਤੇ ਗ਼ਰੀਬ ਗੁਰਬੇ ਤੇ ਲੋੜਵੰਦਾਂ ਦੇ ਕੰਮ ਆਵੇ ਅਤੇ ਮਨ ਨੀਵਾਂ ਮਤਿ ਉੱਚੀ ਰੱਖ ਕੇ ਜੀਵਨ ਬਸਰ ਕਰੇ।

ਗੁਰੂ ਸਾਹਿਬ ਸਾਹਿਬ ਜੀ ਨੇ ਬੇਲੋੜੇ ਧਾਰਮਕ ਕਰਮ ਕਾਂਡਾਂ ਤੋਂ ਲੋਕਾਈ ਨੂੰ ਨਿਜ਼ਾਤ ਦਿਵਾਈ ਤੇ ਬਹੁਤ ਸਾਰੇ ਦੇਵੀ ਦੇਵਤਿਆਂ ਦੀ ਪੂਜਾ ਪਾਠ ’ਚੋਂ ਬਾਹਰ ਕੱਢ ਕੇ ਸਿਰਫ਼ ਇਕ ਰੱਬ ਨੂੰ ਮੰਨ ਕੇ ਸਫ਼ਲ ਜੀਵਨ ਜਿਊਣ ਦੀ ਸਿਖਿਆ ਦਿਤੀ। ਪੁਨਰ ਜੀਵਨ ਬਾਰੇ ਸੀਮਿਤ ਵਿਚਾਰ ਦਿੰਦਿਆਂ ਦਸਿਆ ਕਿ ਅਗਲੇ ਜੀਵਨ ਦੀ ਚਿੰਤਾ ਛੱਡ ਇਸ ਜਨਮ ਨੂੰ ਹੀ ਏਨਾ ਸੱਚਾ-ਸੁੱਚਾ ਬਣਾਉ ਕਿ ਇੱਥੇ ਹੀ ਸਵਰਗ ਬਣਦੇ ਵੇਖੋ। ਨਿਰਸਵਾਰਥ ਜ਼ਿੰਦਗੀ ਜੀਊਂਦੇ ਹੋਏ ਸਭਨਾਂ ਦਾ ਭਲਾ ਮੰਗੋ ਅਤੇ ਨੇਕ ਦਿਲ ਰਹਿ ਕੇ ਜੀਵਨ ਯਾਤਰਾ ਪੂਰੀ ਕਰੋ। ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਉ। ਉਨ੍ਹਾਂ ਨੇ ਔਰਤਾਂ ਨੂੰ ਆਦਮੀ ਦੇ ਬਰਾਬਰ ਦੀ ਥਾਂ ਦਿਤੀ ਜਿਸ ਦੀ ਕਿ ਉਸ ਵੇਲੇ ਦੇ ਸਮਾਜ ਵਿਚ ਘਾਟ ਵੇਖੀ ਜਾਂਦੀ ਸੀ। 

ਗੁਰੂ ਸਾਹਿਬ ਜੀ ਦੇ ਆਸ਼ੇ ਅਨੁਸਾਰ ਪ੍ਰਾਣੀ ਦਾ ਜੀਵਨ ਸੁੱਖ ਸ਼ਾਂਤੀ ਭਰਪੂਰ, ਖ਼ੁਸ਼ਨੁਮਾ ਅਤੇ ਸੰਤੁਸ਼ਟ ਤਾਂ ਹੀ ਰਹਿ ਸਕਦਾ ਹੈ ਜੇਕਰ ਉਹ ਨਾਮ ਮਨ ’ਚ ਵਸਾ ਕੇ ਅਤੇ ਦਸਾਂ ਨਹੁੰਆਂ ਦੀ ਕਿਰਤ ਕਰ ਕੇ ਜੀਵਨ ਬਸਰ ਕਰਨ ਵਿਚ ਵਿਸ਼ਵਾਸ ਰਖਦਾ ਹੋਵੇ। ਉਹ ਕਿਸੇ ਦੇ ਰਹਿਮੋ ਕਰਮ ਤੇ ਆਸ਼ਰਤ ਨਾ ਰਹੇ ਸਗੋਂ ਅਪਣੀ ਰੋਟੀ-ਰੋਜ਼ੀ ਖ਼ੁਦ ਕਮਾਉਣ ਦੀ ਹਿੰਮਤ ਪੈਦਾ ਕਰੇ। ਗੁਰੂ ਜੀ ਦੀ ਜੀਵਨ ਯਾਤਰਾ ਤੋਂ ਮਨੁੱਖ ਨੂੰ ਕਿਰਤ ਕਰਨ ਦੀ ਅਜਿਹੀ ਪ੍ਰੇਰਣਾ ਮਿਲਦੀ ਹੈ ਜਿਹੜੀ ਕਿ ਰਹਿੰਦੀ ਦੁਨੀਆਂ ਤਕ ਮਨੁੱਖ ਨੂੰ ਗ਼ੈਰਤਮੰਦ ਜ਼ਿੰਦਗੀ ਜਿਊਣ ਦੀ ਜਾਂਚ ਦਸਦੀ ਰਹੇਗੀ। ਰੱਬੀ ਰੂਹ ਬਾਬਾ ਨਾਨਕ ਅਪਣੀ ਮਹਾਨ ਜੀਵਨ ਸ਼ੈਲੀ ਕਰ ਕੇ ਸਮੂਹ ਮਾਨਵ ਜਾਤੀ ਵਿਚ ਅਮਰ ਪੱਥ-ਪ੍ਰਦਰਸ਼ਕ ਦੇ ਮੰਨੇ ਜਾਂਦੇ ਹਨ।