ਸਾਹਿਬਜ਼ਾਦਿਆਂ ਦੀ ਯਾਦ ਵਿਚ ਬੁੱਢਾ ਦਲ ਵਲੋਂ ਵਿਸ਼ੇਸ਼ ਗੁਰਮਤਿ ਸਮਾਗਮ ਹੋਣਗੇ : ਬਾਬਾ ਬਲਬੀਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕਿਹਾ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 21-22-23 ਨੂੰ ਚਮਕੌਰ ਸਾਹਿਬ ਵਿਖੇ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ

Baba Balbir Singh

ਸ੍ਰੀ ਫ਼ਤਿਹਗੜ੍ਹ ਸਾਹਿਬ, ਅੰਮ੍ਰਿਤਸਰ  (ਸੁਰਜੀਤ ਸਿੰਘ ਸਾਹੀ, ਚਰਨਜੀਤ ਸਿੰਘ): ਪੰਜਵਾਂ ਤਖ਼ਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਕਿਹਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 21-22-23 ਨੂੰ ਚਮਕੌਰ ਸਾਹਿਬ ਵਿਖੇ ਪੂਰਨ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।

ਸੱਭ ਸੰਗਤਾਂ ਨੂੰ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਚਮਕੌਰ ਸਾਹਿਬ ਹਾਜ਼ਰੀ ਭਰਨੀ ਚਾਹੀਦੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਮੁੱਚੇ ਸਿਆਸੀ ਦਲਾਂ ਨੂੰ ਇਸ ਇਤਿਹਾਸ ਦੇ ਪ੍ਰਸੰਗ ਨੂੰ ਸਮਝਦਿਆਂ, ਰਾਜਸੀ ਕਾਨਫ਼ਰੰਸਾਂ ਤੋਂ ਮੁਕੰਮਲ ਤੌਰ 'ਤੇ ਗੁਰੇਜ਼ ਕਰਨਾ ਚਾਹੀਦਾ ਹੈ। ਕੇਵਲ ਗੁਰਮਤਿ ਸਮਾਗਮ ਹੀ ਕੀਤੇ ਜਾਣ।

ਅੱਜ ਇਥੋਂ ਨਿਹੰਗ ਸਿੰਘਾਂ ਦੀ ਛਾਉਣੀ ਗੁਰਦੁਆਰਾ ਬੀਬਾਨਗੜ੍ਹ ਸਾਹਿਬ, ਫ਼ਤਿਹਗੜ੍ਹ ਸਾਹਿਬ ਤੋਂ ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਇਕ ਲਿਖਤੀ ਪ੍ਰੈਸ ਬਿਆਨ ਵਿਚ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਮਹੀਨੇ ਦਸਮ ਪਾਤਸ਼ਾਹ ਦਾ ਅਨੰਦਪੁਰ ਤੋਂ ਚਲਣਾ, ਪਰਵਾਰ ਦਾ ਵਿਛੜ ਜਾਣਾ, ਚਮਕੌਰ ਦੀ ਜੰਗ ਵਿਚ ਵੱਡੇ ਸਾਹਿਬਜ਼ਾਦਿਆਂ ਤੇ ਪਿਆਰੇ ਸਿੰਘਾਂ ਦਾ ਸ਼ਹੀਦ ਹੋ ਜਾਣਾ।

ਛੋਟਿਆਂ ਸਾਹਿਬਜ਼ਾਦਿਆਂ ਨੂੰ ਫ਼ਤਿਹਗੜ੍ਹ ਸਾਹਿਬ ਵਿਖੇ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦੇਣਾ, ਦਾ ਇਤਿਹਾਸ ਲਸਾਨੀ ਤੇ ਨਿਵੇਕਲਾ ਤੇ ਕੌਮ ਲਈ ਮਹੱਤਤਾ ਵਾਲਾ ਹੈ। ਨਵੀਂ ਆਉਣ ਵਾਲੀ ਨੌਜਵਾਨ ਪਨੀਰੀ ਨੂੰ ਇਨ੍ਹਾਂ ਸ਼ਹੀਦਾਂ ਦੇ ਇਤਿਹਾਸ ਬਾਰੇ ਜਾਣੂੰ ਕਰਾਉਣਾ ਲਾਜ਼ਮੀ ਹੈ।

ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ/ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸਿਖ ਸੰਸਥਾਵਾਂ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆਂ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਸ਼ਹੀਦ, ਬਾਬਾ ਦੀਪ ਸਿੰਘ ਸ਼ਹੀਦ ਦੇ ਇਤਿਹਾਸ ਅਤੇ ਇਤਿਹਾਸਕ ਜੀਵਨ ਝਲਕੀਆਂ ਨਾਲ ਨੌਜਵਾਨ ਪੀੜ੍ਹੀ ਨੂੰ ਜੋੜਨ ਦਾ ਯਤਨ ਕਰਨਾ ਚਾਹੀਦਾ ਹੈ।

 

ਉਨ੍ਹਾਂ ਨਾਲ ਹੀ ਕਿਹਾ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵਲੋਂ 21-22-23 ਦਸੰਬਰ ਨੂੰ ਗੁਰਦੁਆਰਾ ਰਣਜੀਤ ਗੜ੍ਹ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਚਮਕੌਰ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ। 23 ਦਸੰਬਰ ਨੂੰ ਨਿਹੰਗ ਸਿੰਘਾਂ ਵਲੋਂ ਮਹੱਲਾ ਕਢਿਆ ਜਾਵੇਗਾ।

ਇਸੇ ਤਰ੍ਹਾਂ ਫ਼ਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਬੀਬਾਨਗੜ੍ਹ ਸਾਹਿਬ ਵਿਖੇ ਮਹਾਨ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਲਈ ਰਾਗੀ, ਢਾਡੀ, ਪ੍ਰਚਾਰਕ, ਕਥਾਵਾਚਕ ਸਿੱਖ ਇਤਿਹਾਸ ਦੀ ਮਹਿਮਾ ਨਾਲ ਸੰਗਤਾਂ ਨੂੰ ਜੋੜਨਗੇ। 28 ਦਸੰਬਰ ਨੂੰ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਤੋਂ ਗੁਰਦਵਾਰਾ ਜੋਤੀ ਸਰੂਪ ਤਕ ਨਗਰ ਕੀਰਤਨ ਹੋਵੇਗਾ। 29 ਦਸੰਬਰ ਨੂੰ ਸਮੂਹ ਨਿਹੰਗ ਸਿੰਘ ਦਲਾਂ ਵਲੋਂ ਬੁੱਢਾ ਦਲ ਦੀ ਅਗਵਾਈ ਵਿਚ ਮਹੱਲਾ ਸਜਾਇਆ ਜਾਵੇਗਾ।