ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਕਢਿਆ ਗਿਆ ਮਹੱਲਾ
ਪੰਥਕ ਜਥੇਬੰਦੀਆਂ, ਘੋੜ ਸਵਾਰ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਈਆਂ ਸੰਗਤਾਂ.......
ਸ੍ਰੀ ਮੁਕਤਸਰ ਸਾਹਿਬ : ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਅਤੇ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ, ਚਲਦਾ ਵਹੀਰ ਚੱਕਰਵਰਤੀ ਨਿਹੰਗ ਸਿੰਘ, ਪੰਜਾਬ, ਹਿੰਦੁਸਤਾਨ (ਵਿਸ਼ਵ) ਦੀ ਅਗਵਾਈ ਵਿਚ ਅੱਜ ਛਾਉਣੀ ਨਿਹੰਗ ਸਿੰਘ ਬਾਬਾ ਨੈਨਾਂ ਸਿੰਘ ਬੁੱਢਾ ਦਲ ਸ੍ਰੀ ਮੁਕਤਸਰ ਸਾਹਿਬ ਤੋਂ ਦੁਪਹਿਰ ਵੇਲੇ ਮਹੱਲਾ, ਗੁਰਦਵਾਰਾ ਟਿੱਬੀ ਸਾਹਿਬ ਲਈ ਰਵਾਨਾ ਹੋਇਆ। ਇਸ ਸਮੇਂ ਇਕੱਤਰ ਹੋਏ ਸਮੂਹ ਜਥਿਆਂ ਨੇ ਵਾਹਿਗੁਰੂ ਅੱਗੇ ਅਰਦਾਸ ਕਰ ਕੇ ਜੈਕਾਰਿਆਂ ਦੀ ਗੂੰਜ ਵਿਚ ਮਹੱਲਾ ਆਰੰਭ ਕਰਦਿਆਂ ਇਤਿਹਾਸਕ ਗੁਰਦਵਾਰਾ ਟਿੱਬੀ ਸਾਹਿਬ ਲਈ ਰਵਾਨਗੀ ਕੀਤੀ।
ਇਸ ਮਹੱਲੇ ਵਿਚ ਵੱਡੀ ਪੱਧਰ 'ਤੇ ਘੋੜ ਸਵਾਰ ਨਿਹੰਗ ਸਿੰਘਾਂ ਤੋਂ ਇਲਾਵਾ ਪੈਦਲ ਨਿਹੰਗ ਸਿੰਘ ਜਿਨ੍ਹਾਂ ਕੋਲ ਰਵਾਇਤੀ ਹਥਿਆਰ ਸਨ ਅਤੇ ਦੂਰੋਂ ਨੇੜਿਉਂ ਇਸ ਮੌਕੇ ਪਹੁੰਚੀਆਂ ਸੰਗਤਾਂ ਨੇ ਉਕਤ ਨਗਰ ਕੀਰਤਨ ਵਿਚ ਹਿੱਸਾ ਲੈ ਕੇ ਖ਼ਾਲਸਾਈ ਜਾਹੋ ਜਲਾਲ ਦੇ ਰੰਗ ਵਿਚ ਹੋਰ ਵਾਧਾ ਕੀਤਾ। ਗੁਰਦਵਾਰਾ ਟਿੱਬੀ ਸਾਹਿਬ ਨਜ਼ਦੀਕ ਗੁਰਦਵਾਰਾ ਗੁਰੂ ਕਾ ਖੂਹ ਵਿਖੇ ਮਹੱਲੇ ਵਿਚ ਸ਼ਾਮਲ ਘੋੜ ਸਵਾਰ ਨਿਹੰਗ ਸਿੰਘਾਂ ਨੇ ਘੋੜ-ਦੌੜ, ਨੇਜਾਬਾਜ਼ੀ ਅਤੇ ਗਤਕਾਬਾਜ਼ੀ ਦੇ ਕਰੱਤਵਾਂ ਸਮੇਤ ਖ਼ਾਲਸਾਈ ਜੰਗੀ ਜੌਹਰ ਦਿਖਾਏ।
ਇਨ੍ਹਾਂ ਕਰੱਤਵਾਂ ਵਿਚ ਹਿੱਸਾ ਲੈਣ ਵਾਲੇ ਨਿਹੰਗ ਸਿੰਘਾਂ ਵਲੋਂ ਬੇਹਤਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਬਾਬਾ ਬਲਬੀਰ ਸਿੰਘ ਨੇ ਨਕਦ ਇਨਾਮਾਂ ਨਾਲ ਨਿਵਾਜਿਆ। ਇਸ ਨਾਲ ਹੀ ਮੇਲਾ ਮਾਘੀ ਨਾਲ ਸਬੰਧਤ ਧਾਰਮਕ ਕਾਰਜ ਵਿਧੀਵਤ ਤਰੀਕੇ ਨਾਲ ਸਮਾਪਤ ਹੋ ਗਏ। ਇਸ ਮੌਕੇ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਵਿਸ਼ੇਸ਼ ਅਤੇ ਸੁਚੱਜੇ ਇੰਤਜ਼ਾਮ ਕੀਤੇ ਹੋਏ ਸਨ। ਬਾਬਾ ਬਲਬੀਰ ਸਿੰਘ ਨੇ ਇਸ ਮੌਕੇ ਪੁੱਜੇ ਸਮੂਹ ਪੰਥਕ ਜਥੇਬੰਦੀਆਂ ਦੇ ਮੁਖੀਆਂ ਅਤੇ ਨੁਮਾਇੰਦਿਆਂ ਸਮੇਤ ਸਮੁੱਚੀਆਂ ਸੰਗਤਾਂ ਵਲੋਂ ਦਿਤੇ ਗਏ ਸਹਿਯੋਗ ਬਦਲੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧਨਵਾਦ ਕੀਤਾ।
ਇਸ ਵੇਲੇ ਉਨ੍ਹਾਂ ਸਮੁੱਚੇ ਸਿੱਖ ਪੰਥ ਨੂੰ ਆਪਸੀ ਪਿਆਰ ਅਤੇ ਸਤਿਕਾਰ ਕਾਇਮ ਕਰਨ ਦਾ ਸੱਦਾ ਦਿੰਦਿਆਂ ਕਿਹਾ,''ਬੱਚੇ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਇਸ ਲਈ ਇਨ੍ਹਾਂ ਨੂੰ ਬੇਹਤਰ ਸਿਖਿਆ ਦੇਣ ਤੋਂ ਇਲਾਵਾ ਨਸ਼ਿਆਂ ਦੇ ਰਾਹ ਪੈਣ ਤੋਂ ਰੋਕਣਾ ਸਾਡੇ ਲਈ ਬੇਹੱਦ ਮਹੱਤਵਪੂਰਨ ਹੈ।'' ਉਨ੍ਹਾਂ ਸਮੂਹ ਸਿੱਖਾਂ ਵਿਸ਼ੇਸ਼ ਕਰ ਕੇ ਨੌਜਵਾਨਾਂ ਨੂੰ ਅੰਮ੍ਰਿਤ ਛਕ ਕੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਦੀ ਅਪੀਲ ਕੀਤੀ। ਇਸ ਮੌਕੇ ਬਾਬਾ ਗੱਜਣ ਸਿੰਘ ਮੁਖੀ ਤਰਨਾ ਦਲ, ਬਾਬਾ ਅਵਤਾਰ ਸਿੰਘ ਬਾਬਾ ਬਿਧੀ ਚੰਦ ਦਲ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਬਾਬਾ ਨਾਦਰ ਸਿੰਘ ਮੀਤ ਜਥੇਦਾਰ ਹਰੀਆਂ ਵੇਲਾਂ,
ਬਾਬਾ ਤਰਸੇਮ ਸਿੰਘ, ਬਾਬਾ ਵੱਸਣ ਸਿੰਘ ਮੜ੍ਹੀਆਂ ਵਾਲੇ, ਬਾਬਾ ਛਿੰਦਾ ਸਿੰਘ ਭਿਖੀਵਿੰਡ, ਬਾਬਾ ਤਾਰਾ ਸਿੰਘ, ਬਾਬਾ ਮੇਜਰ ਸਿੰਘ ਲੁਧਿਆਣਾ, ਬਾਬਾ ਤਰਲੋਕ ਸਿੰਘ, ਬਾਬਾ ਰਘਬੀਰ ਸਿੰਘ, ਬਾਬਾ ਲਾਲ ਸਿੰਘ ਰਾਮਪੁਰਾ ਫੂਲ, ਬਾਬਾ ਜੱਸਾ ਸਿੰਘ, ਬਾਬਾ ਮਲੂਕ ਸਿੰਘ, ਬਾਬਾ ਸਤਨਾਮ ਸਿੰਘ ਆਦਿ ਸਮੇਤ ਹੋਰ ਵੀ ਬਹੁਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਪਹੁੰਚੀਆਂ ਹੋਈਆਂ ਸਨ।